ਬੀਨੂੰ ਢਿੱਲੋਂ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਬੀਨੂੰ ਢਿੱਲੋਂ ਬਿਨਾਂ ਕੋਈ ਵੀ ਪੰਜਾਬੀ ਫਿਲਮ ਅਧੂਰੀ ਹੈ। ਉਨ੍ਹਾਂ ਨੂੰ ਆਪਣੀ ਦਮਦਾਰ ਐਕਟਿੰਗ ਤੇ ਸ਼ਾਨਦਾਰ ਕਾਮਿਕ ਟਾਈਮਿੰਗ ਲਈ ਜਾਣਿਆ ਜਾਂਦਾ ਹੈ। ਬੀਨੂੰ ਢਿੱਲੋਂ ਅੱਜ ਜਿਸ ਮੁਕਾਮ 'ਤੇ ਹਨ, ਉਥੇ ਤੱਕ ਪਹੁੰਚਣ ਲਈ ਉਨ੍ਹਾਂ ਨੇ ਬਹੁਤ ਮੇਹਨਤ ਕੀਤੀ ਹੈ। ਉਹ ਪਹਿਲਾਂ ਭਗਵੰਤ ਮਾਨ ਦੇ ਨਾਲ ਉਨ੍ਹਾਂ ਦੇ ਕਮੇਡੀ ਸ਼ੋਅ 'ਜੁਗਨੂੰ ਕਹਿੰਦਾ ਹੈ' ਤੇ ਹੋਰ ਕਮੇਡੀ ਸੀਰੀਜ਼ 'ਚ ਨਜ਼ਰ ਆਉਂਦੇ ਸੀ। ਬਾਅਦ 'ਚ ਉਨ੍ਹਾਂ ਨੇ ਐਕਟਰ ਬਣਨ ਦਾ ਫੈਸਲਾ ਲਿਆ। ਬੀਨੂੰ ਢਿੱਲੋਂ ਨੂੰ ਪਛਾਣ ਮਿਲੀ ਸੀ 'ਜਿਹਨੇ ਮੇਰਾ ਦਿਲ ਲੁੱਟਿਆ ਤੋਂ'। ਇਸ ਫਿਲਮ 'ਚ ਬੀਨੂੰ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਫਿਲਮ ਸੁਪਰਹਿੱਟ ਰਹੀ ਸੀ ਤੇ ਨਾਲ ਹੀ ਇਸ ਫਿਲਮ ਨੇ ਬੀਨੂੰ ਨੂੰ ਸਟਾਰ ਬਣਾ ਦਿੱਤਾ ਸੀ। ਬੀਨੂੰ ਢਿੱਲੋਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਪਹਿਲੀ ਫਿਲਮ 'ਚ ਉਨ੍ਹਾਂ ਨੂੰ ਫੀਸ ਹਜ਼ਾਰਾਂ 'ਚ ਮਿਲੀ ਸੀ। ਪਰ ਹੌਲੀ ਹੌਲੀ ਉਨ੍ਹਾਂ ਨੇ ਆਪਣੀ ਮੇਹਨਤ ਨਾਲ ਇੰਡਸਟਰੀ 'ਚ ਜਗ੍ਹਾ ਪੱਕੀ ਕਰ ਲਈ ਅਤੇ ਅੱਜ ਬੀਨੂੰ ਘਰ-ਘਰ 'ਚ ਪਛਾਣੇ ਜਾਂਦੇ ਹਨ। ਬੀਨੂੰ ਢਿੱਲੋਂ ਅੱਜ ਇੱਕ ਫਿਲਮ ਕਰਨ ਲਈ ਢਾਈ ਕਰੋੜ ਫੀਸ ਲੈਂਦੇ ਹਨ। ਇਸ ਦਾ ਖੁਲਾਸਾ ਕੀਤਾ ਸੀ ਕਮੇਡੀਅਨ ਤੇ ਐਕਟਰ ਜਸਵਿੰਦਰ ਭੱਲਾ ਨੇ। ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਤੇ ਬੀਨੂੰ ਢਿੱਲੋਂ ਨੇ ਸਰਦਾਰਸ ਟੇਕ ਨਾਮ ਦੇ ਯੂਟਿਊਬ ਚੈਨਲ ਨੂੰ ਇੰਟਰਵਿਊ ਦਿੱਤੀ ਸੀ। ਇਸ ਇੰਟਰਵਿਊ ਦੌਰਾਨ ਭੱਲਾ ਨੇ ਖੁਲਾਸਾ ਕੀਤਾ ਸੀ ਕਿ ਬੀਨੂੰ ਹਰ ਫਿਲਮ ਲਈ ਢਾਈ ਕਰੋੜ ਫੀਸ ਲੈਂਦੇ ਹਨ। ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਵੀ ਹੋਇਆ ਸੀ।