ਪਾਖੰਡ ਤੇ ਧਰਮ ਦਾ ਬਹੁਤ ਨੇੜਲਾ ਸਬੰਧ ਰਿਹਾ ਹੈ। ਜਿੱਥੇ ਧਰਮ ਪੈਦਾ ਹੁੰਦਾ ਹੈ, ਉੱਥੇ ਪਾਖੰਡ ਦਾ ਬੋਲਬਾਲਾ ਵੀ ਲਾਜ਼ਮੀ ਹੈ। ਇਸੇ ਤਰ੍ਹਾਂ ਜਿੱਥੇ ਸਤਿਗੁਰ ਪ੍ਰਗਟ ਹੁੰਦੇ ਹਨ, ਉੱਥੇ ਝੂਠੇ ਗੁਰੂ ਵੀ ਆਪਣੀਆਂ ਦੁਕਾਨਾਂ ਲਾ ਬੈਠਦੇ ਹਨ।



ਜਿਵੇਂ ਬੰਬੀਹੇ ਦੀ ਪਿਆਸ ਸੁਵਾਂਤੀ ਬੁੰਦ ਹੀ ਬੁਝਾ ਸਕਦੀ ਹੈ, ਤਿਵੇਂ ਹੀ ਸਿੱਖ ਦੀ ਅਰਦਾਸ ਵੀ ਪੂਰਾ ਸਤਿਗੁਰ ਹੀ ਪੂਰੀ ਕਰ ਸਕਦਾ ਹੈ। ਬਾਬਾ ਬਕਾਲਾ ਸਾਹਿਬ ਉਹ ਮੁਕੱਦਸ ਧਰਤੀ ਹੈ, ਜਿੱਥੇ ਸ਼ਰਧਾ ਸਾਹਮਣੇ ਪਾਖੰਡ ਹਾਰਿਆ ਸੀ।



ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਇਤਿਹਾਸਕ ਨਗਰ ਬਾਬਾ ਬਕਾਲਾ ਜਿੱਥੇ ਗੁਰੂ ਤੇਗ ਬਹਾਦਰ ਜੀ ਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਮੁਬਾਰਕ ਚਰਨ ਪਾਏ।



ਨੌਵੇਂ ਪਾਤਸ਼ਾਹ ਨੇ ਇਸ ਅਸਥਾਨ 'ਤੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ। ਕਿਹਾ ਜਾਂਦਾ ਹੈ ਕਿ ਇਸ ਪਿੰਡ ਦਾ ਅਸਲੀ ਨਾਮ ਬਕਾਲਾ ਸੀ ਪਰ ਜਦੋਂ 8ਵੇਂ ਪਾਤਸ਼ਾਹ ਦਿੱਲੀ ਵਿੱਚ ਗੁਰਪੁਰੀ ਸਿਧਾਰਨ ਲੱਗੇ ਤਾਂ ਉਨ੍ਹਾਂ ਨੇ ਸੰਗਤਾਂ ਨੂੰ ਬਚਨ ਕੀਤਾ ‘ਬਾਬਾ ਬਸਤ ਹੈ ਗ੍ਰਾਮ ਬਕਾਲੇ”।



ਉਸ ਸਮੇਂ ਤੋਂ ਹੀ ਇਹ ਨਗਰ ਬਾਬਾ ਬਕਾਲਾ ਪ੍ਰਸਿੱਧ ਹੋ ਗਿਆ। ਇਤਿਹਾਸ ਅਨੁਸਾਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪਣੀ ਮਾਂ, ਮਾਤਾ ਗੰਗਾ ਜੀ ਨਾਲ ਬਕਾਲਾ ਰਹਿੰਦੇ ਸਨ। ਇੱਥੇ ਹੀ ਮਾਤਾ ਜੀ ਅਕਾਲ ਚਲਾਣਾ ਕੀਤੇ ਸਨ।



ਇੱਥੇ ਰਹਿੰਦੇ ਹੋਏ ਆਪ ਨੇ ਇਹ ਸਮਾਂ ਨਾਮ ਸਿਮਰਨ, ਪ੍ਰਭੂ ਭਗਤੀ ਵਿੱਚ ਲਾ ਸਕਾਰਥ ਕੀਤਾ। 8ਵੇਂ ਪਾਤਸ਼ਾਹ ਵੱਲੋਂ ਦਿੱਲੀ ਵਿੱਚ ਕੀਤੇ ਗਏ ਅੰਤਿਮ ਬਚਨ ‘ਬਾਬੇ ਬਕਾਲੇ’ ਗੁਰੂ ਤੇਗ ਬਹਾਦਰ ਜੀ ਦੇ 9ਵੇਂ ਨਾਨਕ ਰੂਪ ਵਿਚ ਗੁਰਗੱਦੀ ਤੇ ਬਿਰਾਜਮਾਨ ਹੋਣ ਵੱਲ ਸਪੱਸ਼ਟ ਸੰਕੇਤ ਕਰਦੇ ਸਨ।



ਇਨ੍ਹਾਂ ਸ਼ਬਦਾਂ ਦਾ ਲਾਹਾ ਲੈਣ ਲਈ ਬਾਬੇ ਬਕਾਲੇ ਦੀ ਧਰਤੀ 'ਤੇ ਬਹੁਤ ਸਾਰੇ ਬਹੁਰੂਪੀਏ ਡੰਮੀ ਪਾਖੰਡੀ ਆਪਣੀਆਂ ਦੁਕਾਨਾਂ ਸਜਾ ਕੇ ਬੈਠ ਗਏ। ਉਸ ਸਮੇਂ ਨੌਵੇਂ ਪਾਤਸ਼ਾਹ ਜੀ ਪ੍ਰਭੂ ਭਗਤੀ ਵਿੱਚ ਮਗਨ ਸਨ।



ਇਸੇ ਦੌਰਾਨ ਗੁਰੂ ਘਰ ਦੇ ਪ੍ਰੀਤਵਾਨ ਸਿੱਖ ਭਾਈ ਮੱਖਣ ਸ਼ਾਹ ਨੇ ‘ਸਾਚੋ ਗੁਰੂ ਲਾਧੋ ਰੇ’ ਦਾ ਉੱਚਾ ਹੋਕਾ ਦੇ ਦੁਬਿਧਾ ਨੂੰ ਦੂਰ ਕਰਦਿਆਂ ਸੰਗਤਾਂ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਵਾ ਕੇ ਪਖੰਡੀ ਗੁਰੂਆਂ ਦੇ ਪਖੰਡ ਨੂੰ ਦੂਰ ਕੀਤਾ



ਤੇ ਗੁਰੂ ਤੇਗ ਬਹਾਦਰ ਜੀ ਨੌਵੇਂ ਨਾਨਕ ਦੇ ਰੂਪ ‘ਚ ਗੁਰਗੱਦੀ ਤੇ ਬਿਰਾਜਮਾਨ ਹੋਏ ‘ਧੀਰ ਮੱਲੀਏ’ ਕਈ ਵਾਰ ਗੁਰੂ ਘਰ ਤੇ ਹਮਲਾਵਰ ਹੋਏ ਪਰ ਸੱਚ ਪ੍ਰਗਟ ਹੋ ਕੇ ਹੀ ਰਿਹਾ।



ਇਸ ਪਾਵਨ ਅਸਥਾਨ ਦੇ ਦਰਸ਼ਨ ਦੀਦਾਰੇ ਦੂਰ ਦੂਰਾਡੇ ਤੋਂ ਹੀ ਹੁੰਦੇ ਹਨ ਇਸ ਅਸਥਾਨ ਤੇ ਸੁਭਾਇਮਾਨ ਭੋਰਾ ਸਾਹਿਬ ਨੂੰ ਸ਼ੁਰੂ ਤੋਂ ਹੀ ਸਿੱਖ ਸੰਗਤਾਂ ਲਈ ਪਵਿੱਤਰ ਅਸਥਾਨ ਮੰਨਿਆ ਜਾਂਦਾ ਹੈ।



Thanks for Reading. UP NEXT

10 Unknown Facts about Gurudwara Sri KatalGarh sahib: ਜਾਣੋ ਗੁਰਦੁਆਰਾ ਕਤਲਗੜ੍ਹ ਸਾਹਿਬ ਦਾ ਪਵਿੱਤਰ ਇਤਿਹਾਸ

View next story