Gurudwara Reetha Sahib ਉੱਤਰਾਖੰਡ ਦੀਆਂ ਪਹਾੜੀਆਂ ਵਿੱਚ ਸਥਿਤ ਚੰਪਾਵਤ ਜ਼ਿਲ੍ਹੇ ਵਿੱਚ ਪੈਂਦਾ ਹੈ। ਇਹ ਅਸਥਾਨ ਜ਼ਿਲ੍ਹਾ ਹੈੱਡਕੁਆਟਰ ਤੋਂ ਕਰੀਬ 72 ਕਿਲੋਮੀਟਰ ਦੂਰੀ ਤੇ ਸਥਿਤ ਹੈ।



ਇਸ ਅਸਥਾਨ ਤੇ ਦਰਸ਼ਨ ਕਰਨ ਲਈ ਸੰਗਤਾਂ ਸਿਰਫ਼ ਭਾਰਤ ਭਰ ਵਿੱਚੋਂ ਨਹੀਂ ਸਗੋਂ ਵਿਦੇਸ਼ਾਂ ਵਿੱਚੋਂ ਵੀ ਆਉਂਦੀਆਂ ਹਨ। ਸੰਗਤਾਂ ਨੂੰ ਪ੍ਰਸ਼ਾਦਿ ਵਜੋਂ ਰੀਠਾ ਦਿੱਤਾ ਜਾਂਦਾ ਹੈ।



ਇਸ ਪਾਵਨ ਪਵਿੱਤਰ ਅਸਥਾਨ ਦਾ ਇਤਿਹਾਸ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਸਾਹਿਬ ਨਾਲ ਜੁੜਦਾ ਹੈ। ਚੌਥੀ ਉਦਾਸੀ ਵੇਲੇ ਸੰਨ 1501 ਵਿੱਚ ਗੁਰੂ ਪਾਤਸ਼ਾਹ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨਾਲ ਉੱਤਰਾਖੰਡ ਦੇ ਇਸ ਅਸਥਾਨ ਤੇ ਪਹੁੰਚੇ।



ਉਹਨਾਂ ਦੀ ਮੁਲਾਕਾਤ ਸਿੱਧ ਮੰਡਲੀ ਦੇ ਗੁਰੂ ਗੋਰਖਨਾਥ ਦੇ ਚੇਲੇ ਧਰਨਾਥ ਨਾਲ ਹੋਈ।



ਗੁਰੂ ਪਾਤਸ਼ਾਹ ਧਰਨਾਥ ਨਾਲ ਬੈਠੇ ਵਿਚਾਰ ਚਰਚਾ ਕਰ ਰਹੇ ਸਨ ਕਿ ਇਸ ਵਿਚਾਲੇ ਭਾਈ ਮਰਦਾਨਾ ਨੂੰ ਭੁੱਖ ਲੱਗ ਪਈ ਤਾਂ ਉਹ ਗੁਰੂ ਪਾਤਸ਼ਾਹ ਦੀ ਆਗਿਆ ਲੈਕੇ ਭੋਜਨ ਦੀ ਤਲਾਸ਼ ਵਿੱਚ ਇੱਧਰ ਉਧਰ ਟਹਿਲਣ ਲੱਗੇ।



ਬਹੁਤ ਥਾਵਾਂ ‘ਤੇ ਦੇਖਣ ਤੋਂ ਬਾਅਦ ਅਖੀਰ ਭਾਈ ਮਰਦਾਨਾ ਜੀ ਨੂੰ ਕੁੱਝ ਨਾ ਮਿਲਿਆ। ਉਹ ਉਦਾਸ ਹੋਕੇ ਗੁਰੂ ਪਾਤਸ਼ਾਹ ਕੋਲ ਆ ਗਏ।



ਗੁਰੂ ਪਾਤਸ਼ਾਹ ਨੇ ਆਪਣੇ ਸਾਥੀ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਉਹਨਾਂ ਨੂੰ ਹੁਕਮ ਦਿੱਤਾ ਕਿ ਸਾਹਮਣੇ ਦਰਖਤ ਤੋਂ ਫ਼ਲ ਤੋੜ ਕੇ ਖਾ ਲਓ, ਉਹ ਦਰਖਤ ਰੀਠੇ ਦਾ ਸੀ।



ਭਾਈ ਮਰਦਾਨਾ ਨੂੰ ਪਤਾ ਸੀ ਕਿ ਰੀਠੇ ਕੌੜੇ ਹੁੰਦੇ ਹਨ ਪਰ ਗੁਰੂ ਸਾਹਿਬ ਤੇ ਉਹਨਾਂ ਦਾ ਅਟੁੱਟ ਵਿਸ਼ਵਾਸ ਸੀ। ਉਹਨਾਂ ਨੇ ਸਤਿਗੁਰੂ ਦੇ ਬਚਨਾਂ ਨੂੰ ਸੱਚ ਮੰਨਕੇ ਉਹ ਫਲ ਨੂੰ ਤੋੜਕੇ ਆਪਣੇ ਮੂੰਹ ਵਿੱਚ ਪਾ ਲਿਆ।



ਉਹ ਕੋੜਾ ਫਲ ਵੀ ਮਿੱਠਾ ਹੋ ਗਿਆ। ਹੁਣ ਇਸ ਅਸਥਾਨ ਤੋਂ ਮੀਠੇ ਰੀਠਿਆਂ ਦਾ ਪ੍ਰਸ਼ਾਦਿ ਸੰਗਤਾਂ ਨੂੰ ਮਿਲਦਾ ਹੈ।



ਸੰਗਤਾਂ ਵੱਡੀ ਗਿਣਤੀ ਵਿੱਚ ਇਸ ਅਸਥਾਨ ਤੇ ਪਹੁੰਚਦੀਆਂ ਹਨ ਅਤੇ ਗੁਰੂ ਸਾਹਿਬ ਦੇ ਇਸ ਅਸਥਾਨ ਤੇ ਦਰਸ਼ਨ ਕਰਦੀਆਂ ਹਨ।