Ram Rahim Parole : ਬਲਾਤਕਾਰ ਅਤੇ ਕਤਲ ਦੇ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ ਹੈ ਅਤੇ ਇੱਥੋਂ ਉਹ ਯੂਪੀ ਦੇ ਬਰਨਾਵਾ ਆਸ਼ਰਮ ਜਾਵੇਗਾ। ਰਾਮ ਰਹੀਮ ਸਖ਼ਤ ਸੁਰੱਖਿਆ ਵਿਚਕਾਰ 40 ਦਿਨਾਂ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਇਆ ਹੈ। ਰਾਮ ਰਹੀਮ ਨੂੰ ਇਸ ਵਾਰ ਡੇਰਾ ਮੁਖੀ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਪੈਰੋਲ ਮਿਲੀ ਹੈ, ਜੋ ਕਿ 25 ਜਨਵਰੀ ਨੂੰ ਹੈ।
ਓਧਰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਮਾਮਲੇ 'ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਸਿੰਘ ਸਾਹਿਬ ਜਥੇਦਾਰ ਬਲਬੀਰ ਸਿੰਘ ਮੁੱਖੀ ਬੁੱਢਾ ਦਲ 96 ਕਰੋੜੀ ਨੇ ਕਿਹਾ ਕਿ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹਨਾਂ ਸਿੱਖਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ , ਉਨ੍ਹਾਂ ਨੂੰ ਵੀ ਰਿਹਾਅ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਖਾਲਸਾ ਪੰਥ ਚੰਡੀਗੜ ਵਿਖੇ ਡੇਰਾ ਲਾਈ ਬੈਠਾ ਹੈ ,ਜਿਹਨਾਂ ਨੂੰ ਬਗੈਰ ਮੰਗੇ ਸਰਕਾਰ ਵੋਟਾਂ ਲੈਣ ਵਾਸਤੇ ਇਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਸਾਰਿਆਂ ਦੀ ਸਾਂਝੀ ਹੁੰਦੀ ਹੈ,ਹਾਲੇ ਮਹੀਨਾ ਨਹੀਂ ਹੋਇਆ ਰਾਮ ਰਹੀਮ ਨੂੰ ਫ਼ਿਰ ਪੈਰੋਲ ਦਿੱਤੀ ਜਾ ਰਹੀ ਹੈ। ਸਾਡੀ ਸਾਰਿਆ ਦੀ ਮੰਗ ਬੰਦੀ ਸਿੰਘਾਂ ਨੂੰ ਰਿਹਾਅ ਕਰੋ।
ਦਰਅਸਲ ਬਲਾਤਕਾਰ ਦੇ ਮਾਮਲੇ 'ਚ 20 ਸਾਲ ਅਤੇ ਹੱਤਿਆ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਸ਼ੁੱਕਰਵਾਰ ਨੂੰ 40 ਦਿਨਾਂ ਦੀ ਪੈਰੋਲ ਮਿਲ ਗਈ ਸੀ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਵੀ ਉਸ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਜੋ ਕਿ 25 ਨਵੰਬਰ ਨੂੰ ਹੀ ਖਤਮ ਹੋਈ ਸੀ। ਜਿਸ ਅਨੁਸਾਰ ਉਨ੍ਹਾਂ ਨੂੰ 56 ਦਿਨਾਂ ਬਾਅਦ ਇੱਕ ਵਾਰ ਫਿਰ ਪੈਰੋਲ ਮਿਲੀ ਹੈ। ਰਾਮ ਰਹੀਮ ਨੂੰ 14 ਮਹੀਨਿਆਂ ਵਿੱਚ ਚੌਥੀ ਵਾਰ ਪੈਰੋਲ ਮਿਲੀ ਹੈ। ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਹਰਿਆਣਾ ਸਰਕਾਰ ਰਾਮ ਰਹੀਮ 'ਤੇ ਮਿਹਰਬਾਨ ਹੈ।
ਦੱਸ ਦੇਈਏ ਕਿ ਰਾਮ ਰਹੀਮ ਦੀ ਪੈਰੋਲ ਫਰਵਰੀ 'ਚ 21 ਦਿਨਾਂ ਲਈ ਮਨਜ਼ੂਰ ਹੋਈ ਸੀ। ਇਸ ਦੌਰਾਨ ਸਰਕਾਰ ਨੇ ਰਾਮ ਰਹੀਮ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਉਸ ਜ਼ੈੱਡ ਪਲੱਸ ਦੀ ਸੁਰੱਖਿਆ ਵੀ ਮੁਹੱਈਆ ਕਰਵਾਈ ਸੀ। ਪੈਰੋਲ ਦੌਰਾਨ ਰਾਮ ਰਹੀਮ ਜ਼ਿਆਦਾਤਰ ਆਪਣੇ ਗੁਰੂਗ੍ਰਾਮ ਆਸ਼ਰਮ 'ਚ ਹੀ ਰਿਹਾ। ਸਰਕਾਰ ਨੇ ਏਡੀਜੀਪੀ (ਸੀਆਈਡੀ) ਦੀ ਰਿਪੋਰਟ ਨੂੰ ਸੁਰੱਖਿਆ ਦਾ ਆਧਾਰ ਬਣਾਇਆ ਸੀ।