Civil Code In Goa: ਦੇਸ਼ 'ਚ ਯੂਨੀਫਾਰਮ ਸਿਵਲ ਕੋਡ (Uniform Civil Code) ਨੂੰ ਲਾਗੂ ਕਰਨ ਨੂੰ ਲੈ ਕੇ ਲਗਾਤਾਰ ਬਹਿਸ ਜਾਰੀ ਹੈ। ਅਜਿਹੇ 'ਚ ਵੱਖ-ਵੱਖ ਲੋਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਜਦੋਂ ਦੇਸ਼ 'ਚ ਸਿਵਲ ਕੋਡ ਲਿਆਉਣ ਦੀ ਗੱਲ ਚੱਲ ਰਹੀ ਹੈ ਤਾਂ ਇਸ ਦੌਰਾਨ ਗੋਆ ਦੀ ਵੀ ਚਰਚਾ ਹੋਣ ਲੱਗੀ ਹੈ। ਇਸ ਦਾ ਕਾਰਨ ਇਹ ਹੈ ਕਿ ਗੋਆ 'ਚ ਪਹਿਲਾਂ ਹੀ ਸਿਵਲ ਕੋਡ (Civil Code In Goa) ਹੈ, ਜਿਸ ਤਹਿਤ ਹਿੰਦੂ ਮਰਦ ਵੀ ਦੋ ਵਾਰ ਵਿਆਹ ਕਰ ਸਕਦੇ ਹਨ। ਹਾਲਾਂਕਿ ਇਹ ਹਿੰਦੂ ਮੈਰਿਜ ਐਕਟ ਤੋਂ ਵੱਖਰਾ ਹੈ।
ਜੇਕਰ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਗੋਆ 'ਚ ਇਹ ਖ਼ਾਸ ਨਿਯਮ ਕਿਉਂ ਹੈ ਤੇ ਉੱਥੇ ਦੂਜਾ ਵਿਆਹ ਅਪਰਾਧ ਕਿਉਂ ਨਹੀਂ ਗਿਣਿਆ ਜਾਂਦਾ? ਤਾਂ ਆਓ ਜਾਣਦੇ ਹਾਂ ਇਹ ਨਿਯਮ ਕੀ ਕਹਿੰਦਾ ਹੈ ਤੇ ਇਹ ਕਾਨੂੰਨ ਕਦੋਂ ਬਣਿਆ ਹੈ...ਦਰਅਸਲ, ਮੌਜੂਦਾ ਹਿੰਦੂ ਮੈਰਿਜ ਐਕਟ ਦੇ ਤਹਿਤ ਕੋਈ ਵੀ ਹਿੰਦੂ ਇੱਕੋ ਸਮੇਂ ਇੱਕ ਤੋਂ ਵੱਧ ਪਤਨੀਆਂ ਨਹੀਂ ਰੱਖ ਸਕਦਾ। ਦੂਜਾ ਵਿਆਹ ਕਰਵਾਉਣ ਲਈ ਪਹਿਲੀ ਪਤਨੀ ਤੋਂ ਤਲਾਕ ਲਾਜ਼ਮੀ ਹੈ, ਨਹੀਂ ਤਾਂ ਇਸ ਨੂੰ ਅਪਰਾਧ ਮੰਨਿਆ ਜਾਵੇਗਾ। ਅਜਿਹਾ ਕਰਨ ਨਾਲ ਵਿਅਕਤੀ ਨੂੰ ਜੇਲ੍ਹ ਵੀ ਹੋ ਸਕਦੀ ਹੈ।
ਵਿਆਹ ਬਾਰੇ ਕੀ ਹਨ ਨਿਯਮ?
ਹਿੰਦੂ ਮੈਰਿਜ ਐਕਟ 1955 ਅਨੁਸਾਰ ਦੂਜਾ ਵਿਆਹ ਕਾਨੂੰਨੀ ਤੌਰ 'ਤੇ ਜਾਇਜ਼ ਨਹੀਂ ਹੈ। ਜਦਕਿ ਮੁਸਲਿਮ ਧਰਮ 'ਚ ਲੋਕਾਂ ਨੂੰ ਚਾਰ ਵਿਆਹ ਕਰਨ ਦੀ ਇਜਾਜ਼ਤ ਹੈ, ਜਿਸ ਤਹਿਤ ਉਹ ਚਾਰ ਪਤਨੀਆਂ ਰੱਖ ਸਕਦੇ ਹਨ। ਇਹੀ ਕਾਰਨ ਹੈ ਕਿ ਦੇਸ਼ 'ਚ ਸਿਵਲ ਕੋਡ ਦੀ ਗੱਲ ਹੋ ਰਹੀ ਹੈ ਤੇ ਇਕਸਾਰ ਕਾਨੂੰਨੀ ਦੀ ਮੰਗ ਕੀਤੀ ਜਾ ਸਕਦੀ ਹੈ। ਹਾਲਾਂਕਿ ਗੋਆ 'ਚ ਅਜਿਹਾ ਨਹੀਂ ਹੈ।
ਗੋਆ ਲਈ ਕਿਉਂ ਵੱਖਰਾ ਨਿਯਮ?
ਇੱਕ ਰਿਪੋਰਟ ਦੇ ਅਨੁਸਾਰ ਗੋਆ ਦੇ ਸਿਵਲ ਕੋਡ 'ਚ 1880 'ਚ ਇੱਕ ਸੋਧ ਕੀਤੀ ਗਈ ਸੀ, ਜੋ ਉਸ ਸਮੇਂ ਦੇ ਪੁਰਤਗਾਲੀ ਰਾਜੇ ਵੱਲੋਂ ਕੀਤੀ ਗਈ ਸੀ। ਪਰ ਅਜਿਹਾ ਕੁਝ ਸ਼ਰਤਾਂ ਦੇ ਆਧਾਰ 'ਤੇ ਹੀ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਗੋਆ ਦੇ ਹਿੰਦੂ ਕੁਝ ਖ਼ਾਸ ਹਾਲਾਤਾਂ ਵਿੱਚ ਹੀ ਦੋ ਵਿਆਹ ਕਰਵਾ ਸਕਦੇ ਹਨ। ਦਰਅਸਲ, ਜੇਕਰ ਕਿਸੇ ਦੀ ਪਤਨੀ ਨੂੰ 25 ਸਾਲ ਤਕ ਬੱਚਾ ਨਹੀਂ ਹੋਇਆ ਹੈ ਜਾਂ ਵਿਆਹ ਦੇ 10 ਸਾਲ ਬਾਅਦ ਬੱਚਾ ਨਹੀਂ ਹੋਇਆ ਹੈ ਜਾਂ ਪਹਿਲੀ ਪਤਨੀ ਬੱਚਾ ਪੈਦਾ ਕਰਨ 'ਚ ਅਸਮਰੱਥ ਹੈ ਤਾਂ ਉਹ ਦੁਬਾਰਾ ਵਿਆਹ ਕਰ ਸਕਦਾ ਹੈ ਪਰ ਇਹ ਸਥਿਤੀ ਹੋਣੀ ਜ਼ਰੂਰੀ ਹੈ।
ਇਸ ਤੋਂ ਇਲਾਵਾ ਦੂਜਾ ਵਿਆਹ ਕਰਦੇ ਸਮੇਂ ਮਰਦ ਨੂੰ ਪਹਿਲੀ ਪਤਨੀ ਤੋਂ ਲਿਖਤੀ ਇਜਾਜ਼ਤ ਲੈਣੀ ਪਵੇਗੀ। ਇਸ ਤੋਂ ਬਾਅਦ ਹੀ ਦੂਜਾ ਵਿਆਹ ਕਾਨੂੰਨੀ ਮੰਨਿਆ ਜਾਵੇਗਾ। ਰਿਪੋਰਟਾਂ ਮੁਤਾਬਕ ਇਸ ਕਾਨੂੰਨ ਤਹਿਤ ਕਈ ਸਾਲਾਂ ਤੋਂ ਕੋਈ ਵਿਆਹ ਨਹੀਂ ਹੋਇਆ ਹੈ। ਅਜਿਹਾ ਇਸ ਲਈ ਕਿਉਂਕਿ ਗੋਆ 'ਚ ਹਰ ਵਿਆਹ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ ਤੇ ਪਿਛਲੇ ਕਈ ਸਾਲਾਂ ਤੋਂ ਇਸ ਕਾਨੂੰਨ ਤਹਿਤ ਕੋਈ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ ਹੈ। ਹਾਲਾਂਕਿ ਇਸ ਵਿਵਸਥਾ ਦੇ ਖ਼ਿਲਾਫ਼ ਹੁਣ ਤੱਕ ਕੋਈ ਚੁਣੌਤੀ ਨਹੀਂ ਦਿੱਤੀ ਗਈ ਹੈ।