ਨਵੀਂ ਦਿੱਲੀ: ਕੌਣ ਨਹੀਂ ਚਾਹੁੰਦਾ ਕਿ ਚੰਗੀ ਤਨਖ਼ਾਹ ਵਾਲੀ ਨੌਕਰੀ ਤੇ ਸੋਹਣੀ ਪਤਨੀ ਮਿਲੇ। ਹਰ ਕਿਸੇ ਦੀ ਜ਼ਿੰਦਗੀ 'ਚ ਇਹ ਦੋ ਵੱਡੇ ਸੁਪਨੇ ਹੁੰਦੇ ਹਨ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਅੱਧੀ ਜ਼ਿੰਦਗੀ ਲੰਘਾ ਦਿੰਦੇ ਹਨ ਪਰ ਭਾਰਤ 'ਚ ਇੱਕ ਅਜਿਹੀ ਕੰਪਨੀ ਵੀ ਹੈ, ਜੋ ਤੁਹਾਡੇ ਇਨ੍ਹਾਂ ਦੋਹਾਂ ਸੁਪਨਿਆਂ ਨੂੰ ਪੂਰਾ ਕਰਨ 'ਚ ਮਦਦ ਕਰਦੀ ਹੈ। ਇਸ ਲਈ ਅਜਿਹੇ 'ਚ ਫਿਲਹਾਲ ਇਹੀ ਸੁਪਨਾ ਹੋਣਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਇਸ ਕੰਪਨੀ 'ਚ ਨੌਕਰੀ ਮਿਲ ਜਾਵੇ। ਬਾਕੀ ਸਾਰਾ ਕੰਮ ਇਹ ਕੰਪਨੀ ਖੁਦ ਕਰੇਗੀ।

ਇਹ ਤਾਮਿਲਨਾਡੂ ਦੀ ਇੱਕ ਆਈਟੀ ਕੰਪਨੀ ਹੈ। ਬਹੁਤ ਵੱਡੀ ਕੰਪਨੀ ਨਹੀਂ, ਪਰ ਠੀਕ ਹੈ। ਇਸ ਦੀ ਆਮਦਨ ਲਗਪਗ 100 ਕਰੋੜ ਰੁਪਏ ਹੈ ਤੇ ਨਾਮ ਸ੍ਰੀ ਮੂਕਾਂਬਿਕਾ ਇਨਫੋ ਸੋਲਿਊਸ਼ਨ ਹੈ। ਇਹ ਇੱਕ ਗਲੋਬਲ ਟੈਕਨੋਲਾਜੀ ਸੋਲਿਊਸ਼ਨ ਪ੍ਰੋਵਾਈਡਰ ਕੰਪਨੀ ਹੈ। ਕੰਪਨੀ ਆਪਣੇ ਅਣਵਿਆਹੇ ਮੁਲਾਜ਼ਮਾਂ ਲਈ ਜੀਵਨ ਸਾਥੀ ਵੀ ਲੱਭਦੀ ਹੈ ਤੇ ਵਿਆਹ ਤੋਂ ਬਾਅਦ ਉਨ੍ਹਾਂ ਦੀ ਤਨਖਾਹ ਵੀ ਵਧਾ ਦਿੰਦੀ ਹੈ।

ਦਰਅਸਲ, ਸ਼ਿਵਕਾਸ਼ੀ ਤੋਂ ਕੰਪਨੀ ਦੀ ਸ਼ੁਰੂਆਤ 2006 'ਚ ਹੋਈ ਸੀ। ਇਸ ਤੋਂ ਬਾਅਦ ਕੰਪਨੀ ਨੇ 2010 'ਚ ਮਦੁਰਾਈ 'ਚ ਆਪਣਾ ਬੇਸ ਆਫਿਸ ਖੋਲ੍ਹਿਆ। ਕੰਪਨੀ ਦੇ ਸੀਈਓ ਸੇਲਵਾ ਗਣੇਸ਼ ਹਨ। ਫਿਲਹਾਲ ਇਸ ਸਮੇਂ ਇਸ ਕੰਪਨੀ ਦਾ ਸਾਲਾਨਾ ਕਾਰੋਬਾਰ 100 ਕਰੋੜ ਦੇ ਕਰੀਬ ਹੈ।

ਸੇਲਵਾ ਗਣੇਸ਼ ਆਪਣੇ ਮੁਲਾਜ਼ਮਾਂ ਨੂੰ ਵਧੀਆ-ਵਧੀਆ ਆਫ਼ਰ ਦਿੰਦੇ ਰਹਿੰਦੇ ਹਨ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਸ਼ੁਰੂ 'ਚ ਕਰਮਚਾਰੀ ਲੱਭਣ 'ਚ ਮੁਸ਼ਕਲਾਂ ਆਈਆਂ ਸਨ। ਚੰਗੇ ਕਰਮਚਾਰੀ ਜ਼ਿਆਦਾ ਦੇਰ ਨਹੀਂ ਟਿੱਕਦੇ ਸਨ। ਅਜਿਹੇ 'ਚ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਸੇਲਵਾ ਗਣੇਸ਼ ਆਪਣੇ ਕਰਮਚਾਰੀਆਂ ਨਾਲ ਬਿਹਤਰ ਸਬੰਧ ਰੱਖਣ ਲੱਗੇ। ਬਿਲਕੁਲ ਪਰਿਵਾਰ ਵਰਗਾ ਇੱਜ਼ਤ ਤੇ ਮਾਣ-ਸਨਮਾਨ ਦੇਣ ਲੱਗੇ। ਇਸ ਕਾਰਨ ਕੰਪਨੀ ਦੀ ਪਰਫ਼ਾਰਮੈਂਸ ਬਿਹਤਰ ਹੋਣ ਲੱਗੀ। ਨਤੀਜੇ ਚੰਗੇ ਸਨ ਤੇ ਗ੍ਰੋਥ ਖੂਬ ਹੋ ਰਹੀ ਸੀ। ਫਿਰ ਉਨ੍ਹਾਂ ਨੇ ਕਰਮਚਾਰੀਆਂ ਦਾ ਖਿਆਲ ਰੱਖਣਾ ਸ਼ੁਰੂ ਕੀਤਾ ਤੇ ਖ਼ਾਸ ਆਫ਼ਰਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਜਿਹੇ 'ਚ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਵੱਡਾ ਭਰਾ ਸਮਝਣਾ ਸ਼ੁਰੂ ਕਰ ਦਿੱਤਾ ਹੈ।

ਕੁਝ ਮੁਲਾਜ਼ਮ ਇਸ ਕੰਪਨੀ 'ਚ ਕਾਫ਼ੀ ਦੂਰ-ਦੂਰ ਤੋਂ ਆਉਂਦੇ ਹਨ। ਗਰੀਬ ਹੁੰਦੇ ਹਨ, ਪਰ ਬਹੁਤ ਪ੍ਰਤਿਭਾਸ਼ਾਲੀ। ਅਜਿਹੇ 'ਚ ਸੇਲਵਾ ਗਣੇਸ਼ ਉਨ੍ਹਾਂ ਦੀ ਹਰ ਸੰਭਵ ਮਦਦ ਕਰਦੇ ਹਨ। ਮਾਪੇ ਪ੍ਰੇਸ਼ਾਨ ਨਾ ਹੋਣ, ਇਸ ਲਈ ਉਹ ਵਧੀਆ ਜੀਵਨ ਸਾਥੀ ਲੱਭਦੇ ਹਨ ਤੇ ਲੋੜ ਪੈਣ 'ਤੇ ਉਨ੍ਹਾਂ ਦਾ ਵਿਆਹ ਵੀ ਕਰਵਾ ਦਿੰਦੇ ਹਨ। ਵਿਆਹ 'ਚ ਕੰਪਨੀ ਦੇ ਸਾਰੇ ਲੋਕ ਵੀ ਸ਼ਾਮਲ ਹੁੰਦੇ ਹਨ। ਵਿਆਹ ਤੋਂ ਬਾਅਦ ਉਸ ਕਰਮਚਾਰੀ ਦੀ ਲੋੜ ਅਨੁਸਾਰ ਤਨਖਾਹ ਤੇ ਸਹੂਲਤਾਂ ਵਧਾ ਦਿੱਤੀਆਂ ਜਾਂਦੀਆਂ ਹਨ।