ਹਮੀਰਪੁਰ : ਕੁਝ ਦਿਨ ਪਹਿਲਾਂ ਹੀ ਇਕ ਖ਼ਬਰ ਕਾਫ਼ੀ ਚਰਚਾ 'ਚ ਸੀ ਕਿ ਇਕ ਨੌਜਵਾਨ ਨੇ ਆਪਣੇ ਆਪ ਨੂੰ ਕੁੱਤਾ ਬਣਾਉਣ ਲਈ 12 ਲੱਖ ਰੁਪਏ ਖਰਚ ਕੀਤੇ ਸਨ। ਨੌਜਵਾਨ ਦੀ ਇਸ ਹਰਕਤ ਨੂੰ ਉਸ ਦਾ ਆਪਣੇ ਪਾਲਤੂ ਕੁੱਤੇ ਨਾਲ ਪਿਆਰ ਵੀ ਦੱਸਿਆ ਜਾ ਰਿਹਾ ਹੈ। ਹੁਣ ਹਮੀਰਪੁਰ 'ਚ ਅਜਿਹੇ ਹੀ ਪਾਲਤੂ ਜਾਨਵਰ ਦੇ ਪਿਆਰ ਦੀ ਇਕ ਅਨੋਖੀ ਘਟਨਾ ਸਾਹਮਣੇ ਆਈ ਹੈ। ਐਤਵਾਰ ਨੂੰ ਹੋਇਆ ਇੱਕ ਅਨੋਖਾ ਵਿਆਹ ਦਿਨ ਭਰ ਸੁਰਖੀਆਂ 'ਚ ਰਿਹਾ।


ਮਨਾਸਰ ਬਾਬਾ ਸ਼ਿਵ ਮੰਦਰ ਸੌਂਖਰ ਦੇ ਮਹੰਤ ਦਵਾਰਕਾ ਦਾਸ ਅਤੇ ਬਜਰੰਗਬਲੀ ਮੰਦਰ ਪਰਛਛ ਦੇ ਮਹੰਤ ਅਰਜੁਨ ਦਾਸ ਨੇ ਆਪਣੇ ਪਾਲਤੂ ਕੁੱਤੇ ਕੱਲੂ ਅਤੇ ਕੁੱਤੀ ਭੂਰੀ ਦਾ ਵਿਆਹ ਕਰਵਾ ਕੇ ਖੁਦ ਨੂੰ ਇਕ-ਦੂਜੇ ਦਾ ਕੁੜਮ ਦੱਸਿਆ। ਹਿੰਦੂ ਰੀਤੀ ਰਿਵਾਜਾਂ ਅਨੁਸਾਰ ਰਸਮਾਂ ਨਿਭਾਈਆਂ ਗਈਆਂ। ਬਰਾਤ, ਰਸਮ-ਰਿਵਾਜ਼, ਫੇਰੇ ਅਤੇ ਵਿਦਾਇਗੀ ਦੀਆਂ ਰਸਮਾਂ ਵੀ ਹੋਈਆਂ।


ਸੌਂਖਰ ਅਤੇ ਸਿਮਨੌੜੀ ਪਿੰਡਾਂ ਦੇ ਜੰਗਲਾਂ 'ਚ ਮਨਾਸਰ ਬਾਬਾ ਸ਼ਿਵ ਮੰਦਰ ਹੈ। ਇੱਥੋਂ ਦੇ ਮਹੰਤ ਸਵਾਮੀ ਦਵਾਰਕਾ ਦਾਸ ਮਹਾਰਾਜ ਹਨ। ਉਨ੍ਹਾਂ ਨੇ ਆਪਣੇ ਪਾਲਤੂ ਕੁੱਤੇ ਕੱਲੂ ਦਾ ਵਿਆਹ ਮੌਦਾਹਾ ਖੇਤਰ ਦੇ ਪਰਛਛ ਪਿੰਡ 'ਚ ਬਜਰੰਗਬਲੀ ਮੰਦਰ ਦੇ ਮਹੰਤ ਸਵਾਮੀ ਅਰਜੁਨ ਦਾਸ ਮਹਾਰਾਜ ਦੀ ਪਾਲਤੂ ਕੁੱਤੀ ਭੂਰੀ ਨਾਲ ਕਰਵਾਇਆ। ਵਿਆਹ ਐਤਵਾਰ ਨੂੰ ਸ਼ੁਭ ਸਮੇਂ 'ਤੇ ਹੋਇਆ। ਦੋਵਾਂ ਮਹੰਤਾਂ ਨੇ ਆਪਣੇ ਚੇਲਿਆਂ ਅਤੇ ਸ਼ੁਭਚਿੰਤਕਾਂ ਨੂੰ ਕਾਰਡ ਭੇਜ ਕੇ ਵਿਆਹ ਸਮਾਗਮ 'ਚ ਬੁਲਾਇਆ। ਬਰਾਤ ਮਾਸਾਰ ਬਾਬਾ ਸ਼ਿਵ ਮੰਦਰ ਤੋਂ ਕੱਢੀ ਗਈ।


ਪਿੰਡ ਸੌਂਖਰ ਦੀਆਂ ਗਲੀਆਂ 'ਚ ਘੁੰਮ-ਫਿਰ ਕੇ ਧੂਮ-ਧਮੱਕੇ ਨਾਲ ਬਰਾਤ ਕੱਢੀ। ਇਸ ਤੋਂ ਬਾਅਦ ਬਜਰੰਗਬਲੀ ਮੰਦਰ ਦੇ ਮਹੰਤ ਨੇ ਮੌਦਹਾ ਇਲਾਕੇ ਦੇ ਪਰਛਛ ਪਿੰਡ 'ਚ ਬਰਾਤ ਦਾ ਸਵਾਗਤ ਕੀਤਾ। ਭੇਟਾਂ, ਪੂਜਾ, ਕਲੇਵਾ ਦੀਆਂ ਰਸਮਾਂ ਪੂਰੀਆਂ ਕਰਨ ਉਪਰੰਤ ਬਰਾਤ ਨੂੰ ਸਨਮਾਨ ਨਾਲ ਵਿਦਾ ਕੀਤਾ। ਦੋਵਾਂ ਨੂੰ ਚਾਂਦੀ ਦੇ ਗਹਿਣੇ ਵੀ ਪਹਿਣਾਏ ਗਏ। ਬਾਰਾਤੀਆਂ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ। ਬਰਾਤ 'ਚ ਦੋਵਾਂ ਪਾਸਿਆਂ ਤੋਂ ਲਗਭਗ 500 ਲੋਕ ਸ਼ਾਮਲ ਹੋਏ।


ਮਹੰਤ ਦਵਾਰਕਾ ਦਾਸ ਨੇ ਦੱਸਿਆ ਕਿ ਬਚਪਨ ਤੋਂ ਹੀ ਕੁੱਤੇ ਨੂੰ ਪਾਲਿਆ ਹੈ, ਇਸ ਕਰਕੇ ਇਹ ਸਾਡੇ ਪਰਿਵਾਰ ਦਾ ਮੈਂਬਰ ਹੈ। ਸਮਾਜ ਨੂੰ ਇੱਕ ਸੁਨੇਹਾ ਹੈ ਕਿ ਸਾਰੇ ਜੀਵਾਂ ਦੀ ਮਹੱਤਤਾ ਹੈ। ਇਸ ਦੇ ਨਾਲ ਹੀ ਮਹੰਤ ਅਰਜੁਨ ਦਾਸ ਨੇ ਦੱਸਿਆ ਕਿ ਦਵਾਰਕਾ ਦਾਸ ਨਾਲ ਉਨ੍ਹਾਂ ਦੀ ਬਹੁਤ ਪੁਰਾਣੀ ਦੋਸਤੀ ਹੈ। ਹੁਣ ਸਾਡੇ ਕੋਲ ਦੋਸਤੀ ਨੂੰ ਰਿਸ਼ਤੇਦਾਰੀ 'ਚ ਬਦਲਣ ਲਈ ਪਰਿਵਾਰ ਨਹੀਂ ਹੈ। ਬਸ ਇਨ੍ਹਾਂ ਜੀਵਾਂ ਨੂੰ ਬਚਪਨ ਤੋਂ ਪਾਲਿਆ ਸੀ। ਦੋਵੇਂ ਦਾ ਵਿਆਹ ਕਰਵਾ ਕੇ ਦੋਸਤੀ ਨੂੰ ਰਿਸ਼ਤੇ 'ਚ ਬਦਲ ਕੇ ਉਹ ਕੁੜਮ ਬਣ ਗਏ ਹਨ।