ਚੰਡੀਗੜ੍ਹ: ਸਪੇਸ ਏਜੰਸੀ ਨਾਸਾ ਅਧਿਐਨ ਕਰ ਰਹੀ ਹੈ ਕਿ ਪੁਲਾੜ ਯਾਤਰੀ ਆਖ਼ਰ ਪੁਲਾੜ ਵਿੱਚ ਮਹਿਸੂਸ ਕੀ ਕਰਦੇ ਹਨ। ਆਰਟੀਫੀਸ਼ੀਅਲ ਗ੍ਰੈਵਿਟੀ (ਗੁਰੂਤਾ ਕਰਸ਼ਨ) ਇਨਸਾਨ ਦੇ ਸਰੀਰ 'ਤੇ ਕੀ ਅਸਰ ਪਾਉਂਦੀ ਹੈ। ਇਸ ਖੋਜ ਵਿੱਚ ਸ਼ਾਮਲ ਹੋਣ ਲਈ ਨਾਸਾ ਵਲੰਟੀਅਰਾਂ ਨੂੰ 12 ਲੱਖ ਰੁਪਏ ਆਫਰ ਕਰ ਰਿਹਾ ਹੈ।
ਇਸ ਦੇ ਇਵਜ਼ ਵਿੱਚ ਵਲੰਟੀਅਰਾਂ ਨੂੰ 2 ਮਹੀਨੇ ਤਕ ਖ਼ਾਸ ਤਰੀਕੇ ਦੇ ਬਿਸਤਰੇ 'ਤੇ ਲੇਟ ਕੇ ਸਮਾਂ ਬਿਤਾਉਣਾ ਪਏਗਾ। ਵਲੰਟੀਅਰ ਪ੍ਰੇਸ਼ਾਨ ਨਾ ਹੋਣ, ਇਸ ਲਈ ਉਨ੍ਹਾਂ ਦੇ ਫਿਲਮਾਂ ਤੇ ਟੀਵੀ ਵੇਖਣ ਦੀ ਵਿਵਸਥਾ ਵੀ ਕੀਤੀ ਗਈ ਹੈ। ਸ਼ਰਤ ਇਹ ਹੈ ਕਿ ਸਾਰੇ ਦਿਨ ਦਾ ਹਰ ਕੰਮ ਲੇਟ ਕੇ ਹੀ ਕਰਨਾ ਪਏਗਾ।
ਨਾਸਾ ਤੇ ਯੂਰਪੀਅਨ ਸਪੇਸ ਏਜੰਸੀ ਸਾਂਝੇ ਤੌਰ 'ਤੇ ਇਹ ਖੋਜ ਕਰ ਰਹੀਆਂ ਹਨ। ਇਨ੍ਹਾਂ ਦੇ ਮਾਹਰ ਇਸ ਖੋਜ ਦੀ ਮਦਦ ਨਾਲ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪੁਲਾੜ ਵਿੱਚ ਇਨਸਾਨ ਦੀ ਲੰਬਾਈ ਵਧ ਕਿਉਂ ਜਾਂਦੀ ਹੈ ਤੇ ਮਾਸਪੇਸ਼ੀਆਂ ਵਿੱਚ ਹੋਣ ਵਾਲੀ ਕਮੀ ਦਾ ਕਾਰਨ ਕੀ ਹੈ?
ਪੁਲਾੜ ਵਿੱਚ ਯਾਤਰੀਆਂ ਦੀ ਸਿਹਤ ਬਰਕਰਾਰ ਰੱਖਣ ਲਈ ਆਰਟੀਫੀਸ਼ਅਲ ਗ੍ਰੈਵਟੀ ਦਾ ਇਸਤੇਮਾਲ ਕੀਤਾ ਜਾਏਗਾ। ਇਸ ਨੂੰ ਸਮਝਣ ਲਈ 50 ਫੀਸਦੀ ਵਲੰਟੀਅਰਾਂ ਨੂੰ ਆਰਟੀਫੀਸ਼ੀਅਲ ਗ੍ਰੈਵਿਟੀ ਚੈਂਬਰ ਵਿੱਚ ਰੱਖਿਆ ਜਾਏਗਾ। ਉਹ ਇੱਕ ਕੇਂਦਰ ਦੇ ਚਾਰੇ ਪਾਸੇ ਘੁੰਮ ਸਕਣਗੇ ਤੇ ਇੱਕ ਮਿੰਟ ਵਿੱਚ 30 ਚੱਕਰ ਲਾਉਣਗੇ ਤਾਂ ਕਿ ਉਸ ਦੌਰਾਨ ਉਨ੍ਹਾਂ ਦਾ ਖ਼ੂਨ ਸਰੀਰ ਦੇ ਜ਼ਰੂਰਤ ਵਾਲੇ ਸਾਰੇ ਹਿੱਸਿਆਂ ਤਕ ਪਹੁੰਚ ਸਕੇ।
ਇਸ ਖੋਜ ਦੌਰਾਨ 2 ਦਰਜਨ ਵਲੰਟੀਅਰਾਂ ਨੂੰ 60 ਦਿਨਾਂ ਤਕ ਲਗਾਤਾਰ ਬੈਡ 'ਤੇ ਲੇਟੇ ਰਹਿਣਾ ਹੈ। ਇਸ ਦੇ ਨਾਲ ਹੀ ਇੱਕ ਸ਼ਰਤ ਹੋ ਹੈ ਕਿ ਹਰ ਵਲੰਟੀਅਰ ਨੂੰ ਜਰਮਨ ਭਾਸ਼ਾ ਵਿੱਚ ਹੀ ਗੱਲ ਕਰਨੀ ਪਏਗੀ। ਵਲੰਟੀਅਰਾਂ ਦੀ ਉਮਰ 24 ਤੋਂ 55 ਸਾਲਾਂ ਵਿਚਾਲੇ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਸਿਹਤਮੰਦ ਹੋਣਾ ਵੀ ਲਾਜ਼ਮੀ ਹੈ। ਵਲੰਟੀਅਰਾਂ ਦੇ ਪੈਰ ਉਨ੍ਹਾਂ ਦੇ ਸਿਰ ਦੇ ਮੁਕਾਬਲੇ ਉੱਪਰ ਹੀ ਰੱਖੇ ਜਾਣਗੇ ਤਾਂ ਕਿ ਸਰੀਰ ਦੇ ਕਿਸੇ ਹਿੱਸੇ ਵਿੱਚ ਖ਼ੂਨ ਇਕੱਠਾ ਨਾ ਹੋ ਸਕੇ।