ਪੜਚੋਲ ਕਰੋ
ਸ਼ਰਾਬ ਨਾ ਵੀ ਪੀਵੇ ਤਦ ਵੀ ਪੁਲਿਸ ਡਰਿੰਕ ਡਰਾਈਵਿੰਗ ਵਿੱਚ ਫੜ ਲੈਂਦੀ

ਨਿਊਯਾਰਕ: ਹੁਣ ਉਹ ਵਿਚਾਰੀ ਕੀ ਕਰੇ ? ਸ਼ਰਾਬ ਨਾ ਵੀ ਪੀਤੀ ਹੋਵੇ ਤਾਂ ਵੀ ਪੁਲਿਸ ਉਸ ਨੂੰ ਡਰਿੰਕ ਡਰਾਈਵਿੰਗ ਵਿੱਚ ਫੜ ਲੈਂਦੀ ਹੈ ਕਿਉਂਕਿ ਸ਼ਰਾਬ ਦੀ ਹਵਾੜ ਦੀ ਜਾਂਚ ਕਰਨ ਵਾਲੀ ਮਸ਼ੀਨ ਦੱਸਦੀ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ। ਦਰਅਸਲ ਉਹ ਜੋ ਕੁਝ ਅਨਾਜ ਖਾਂਦੀ ਹੈ, ਉਹ ਉਸ ਦੇ ਪੇਟ ਵਿੱਚ ਜਾ ਕੇ ਪਚਣ ਦੇ ਨਾਲ-ਨਾਲ ਸ਼ਰਾਬ ਵਿੱਚ ਬਦਲ ਜਾਂਦਾ ਹੈ। ਇਹ ਇੱਕ ਕਿਸਮ ਦਾ ਰੋਗ ਹੈ। ਇਹ ਔਰਤ ਨਿਊਯਾਰਕ ਵਿੱਚ ਰਹਿੰਦੀ ਹੈ। ਕਰੀਬ 35 ਸਾਲ ਦੀ ਉਮਰ ਹੈ ਤੇ ਸਕੂਲ ਵਿੱਚ ਪੜ੍ਹਾਉਂਦੀ ਹੈ। ਉਸ ਨੂੰ ਡਰਿੰਕ ਡਰਾਈਵਿੰਗ ਦੇ ਇੱਕ ਮਾਮਲੇ ਵਿੱਚ ਹਾਲ ਹੀ ਵਿੱਚ ਫੜਿਆ ਗਿਆ ਸੀ ਪਰ ਇਸ ਤਰ੍ਹਾਂ ਦੇ ਡਾਕਟਰੀ ਸਰਟੀਫਿਕੇਟ ਵਗੈਰਾ ਦਿਖਾਉਣ ਮਗਰੋਂ ਉਸ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ। ਇਸ ਔਰਤ ਦਾ ਨਾਂ ਨਹੀਂ ਦੱਸਿਆ ਗਿਆ ਪਰ ਉਸ ਦੇ ਵਕੀਲਾਂ ਨੇ ਉਸ ਦੇ ਪੱਖ ਵਿੱਚ ਜੋ ਦਸਤਾਵੇਜ਼ ਕੋਰਟ ਨੂੰ ਸੌਂਪੇ ਹਨ। ਉਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਭੋਜਨ ਵਿੱਚ ਮਿਲਣ ਵਾਲਾ ਕਾਰਬੋਹਾਈਡ੍ਰੇਟ ਉਸ ਦੇ ਪੇਟ ਵਿੱਚ ਪੁੱਜ ਕੇ ਸ਼ਰਾਬ ਵਿੱਚ ਤਬਦੀਲ ਹੋ ਜਾਂਦਾ ਹੈ। ਅਜਿਹਾ ਕਿਉਂ ਹੁੰਦਾ ਹੈ ਮੈਡੀਕਲ ਭਾਸ਼ਾ ਵਿਚ ਇਸ ਨੂੰ 'ਗਟ ਫਰਮੈਂਟੇਸ਼ਨ ਸਿੰਡੋਰਮ' ਜਾਂ 'ਆਟੋ ਬਰੂਯਰੀ ਸਿੰਡਰੋਮ' ਕਹਿੰਦੇ ਹਨ। ਇਸ ਵਿੱਚ ਅਜਿਹਾ ਹੀ ਹੁੰਦਾ ਹੈ। ਸੰਨ 1971 ਦੇ ਦਹਾਕੇ ਵਿੱਚ ਪਹਿਲੀ ਵਾਰ ਜਾਪਾਨ ਵਿੱਚ ਵਿਗਿਆਨੀਆਂ ਨੇ ਇਸ ਬਿਮਾਰੀ ਦਾ ਪਤਾ ਲਾਇਆ ਸੀ। ਇਸ 'ਤੇ ਖੋਜ ਹੁਣ ਵੀ ਚੱਲ ਰਹੀ ਹੈ। ਅਜੇ 2 ਸਾਲ ਪਹਿਲਾਂ ਟੈਕਸਾਸ ਵਿੱਚ ਪੈਨੋਲਾ ਕਾਲਜ ਦੀ ਬਾਰਬਰਾ ਕਾਰਡੇਲ ਤੇ ਜਸਟਿਨ ਮੈਕਾਰਥੀ ਨੇ ਇਸ ਬਾਰੇ ਇੰਟਰਨੈਸ਼ਨਲ ਜਰਨਲ ਆਫ ਕਲੀਨੀਕਲ ਮੈਡੀਸਨ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ। ਇਸ ਵਿੱਚ ਉਨ੍ਹਾਂ 61 ਸਾਲ ਦੇ ਇੱਕ ਵਿਅਕਤੀ ਦੇ ਕੇਸ ਦੀ ਸਟੱਡੀ ਦਿੰਦੇ ਹੋਏ ਇਸ ਰੋਗ ਬਾਰੇ ਆਪਣੇ ਸਿੱਟੇ ਦੱਸੇ ਸਨ। ਅਮਰੀਕਾ ਵਿੱਚ ਇਸ ਰੋਗ ਨੂੰ ਲੈ ਕੇ ਇਹ ਪਹਿਲਾ ਅਧਿਐਨ ਸੀ।
ਹੋਰ ਪੜ੍ਹੋ























