Python Meat: ਦੁਨੀਆ ਭਰ ਵਿੱਚ ਵੱਖ-ਵੱਖ ਤਰ੍ਹਾਂ ਦੇ ਭੋਜਨ ਖਾਧੇ ਜਾਂਦੇ ਹਨ। ਇਨ੍ਹਾਂ ਵਿੱਚ ਕੁਝ ਨਾਨ-ਵੈਜ ਹਨ ਤੇ ਕੁਝ ਵੈਜ ਹਨ। ਹਾਲਾਂਕਿ ਸ਼ਾਕਾਹਾਰੀ ਵਿੱਚ ਕਈ ਵਿਕਲਪ ਹਨ, ਪਰ ਨਾਨ-ਵੈਜ ਵੀ ਕਿਸੇ ਤੋਂ ਘੱਟ ਨਹੀਂ। ਚਿਕਨ, ਮਟਨ, ਬੀਫ, ਸੂਰ ਤੇ ਸਮੁੰਦਰੀ ਭੋਜਨ ਵਰਗੇ ਮੀਟ ਦੇ ਕਈ ਤਰ੍ਹਾਂ ਦੇ ਵਿਕਲਪ ਹਨ ਪਰ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖੋਜ ਸਾਹਮਣੇ ਆਈ ਹੈ। ਇਸ ਖੋਜ ਮੁਤਾਬਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਾਸਾਹਾਰੀ ਖਾਣ ਵਾਲਿਆਂ ਲਈ ਚਿਕਨ ਤੇ ਬੀਫ ਨਾਲੋਂ ਪਾਇਥਨ ਸੱਪ ਵਧੀਆ ਵਿਕਲਪ ਹੋ ਸਕਦਾ ਹੈ।



ਇਹ ਥੋੜ੍ਹਾ ਹੈਰਾਨੀਜਨਕ ਤੇ ਅਜੀਬ ਹੈ, ਪਰ ਸਾਲਾਂ ਦੀ ਖੋਜ ਤੋਂ ਬਾਅਦ ਵਿਗਿਆਨੀਆਂ ਨੇ ਕਿਹਾ ਹੈ ਕਿ ਅਜਗਰ ਦਾ ਮਾਸ ਪ੍ਰੋਟੀਨ ਦਾ ਵਧੀਆ ਸ੍ਰੋਤ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਗਰ ਵੱਡੇ ਆਕਾਰ ਦਾ ਹੁੰਦਾ ਹੈ ਤੇ ਤੇਜ਼ੀ ਨਾਲ ਵਧਦਾ ਹੈ। ਇਹ ਲੋਕਾਂ ਦੀ ਮੀਟ ਦੀ ਮੰਗ ਨੂੰ ਆਰਾਮ ਨਾਲ ਪੂਰਾ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ ਥੋੜ੍ਹੀ ਜਿਹੀ ਜਗ੍ਹਾ 'ਤੇ ਵੀ ਪਾਲਿਆ ਜਾ ਸਕਦਾ ਹੈ।


ਪ੍ਰੋਟੀਨ ਦਾ ਖਜ਼ਾਨਾ
ਇਹ ਰਿਪੋਰਟ 14 ਮਾਰਚ ਨੂੰ ਇੱਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਵਪਾਰਕ ਨਜ਼ਰੀਏ ਤੋਂ ਵੀ ਫਾਇਦੇਮੰਦ ਹੈ। ਇਸ ਦੀ ਖੇਤੀ ਪੂਰੇ ਏਸ਼ੀਆ ਵਿੱਚ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇੱਥੇ ਸੱਪਾਂ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਹਨ। 


ਹਾਲਾਂਕਿ ਲੋਕਾਂ ਨੇ ਅਜੇ ਤੱਕ ਇਸ ਨੂੰ ਪਾਲਣ ਲਈ ਕੋਈ ਵਿਚਾਰ ਨਹੀਂ ਕੀਤਾ। ਵਿਗਿਆਨੀਆਂ ਨੇ ਕਿਹਾ ਹੈ ਕਿ ਅਜਗਰ ਦੇ ਮੀਟ 'ਚ ਪ੍ਰੋਟੀਨ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੇ ਮੀਟ ਵਿੱਚ ਚਰਬੀ ਦੀ ਮਾਤਰਾ ਵੀ ਘੱਟ ਹੁੰਦੀ ਹੈ ਤੇ ਇਹ ਪੂਰੀ ਤਰ੍ਹਾਂ ਕੁਦਰਤੀ ਭੋਜਨ ਹੈ।



ਵਿਗਿਆਨੀਆਂ ਨੇ ਕਿਹਾ ਕਿ ਰਵਾਇਤੀ ਪਸ਼ੂ ਪਾਲਣ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਹਨ। ਇਸ ਲਈ ਲੋਕਾਂ ਨੂੰ ਇਸ ਦਿਸ਼ਾ ਵਿੱਚ ਵੀ ਸੋਚਣਾ ਚਾਹੀਦਾ ਹੈ। ਅਜਗਰ ਦਾ ਮੀਟ ਭੋਜਨ ਸੁਰੱਖਿਆ ਦੇ ਲਿਹਾਜ਼ ਨਾਲ ਬਿਹਤਰ ਹੋ ਸਕਦਾ ਹੈ ਕਿਉਂਕਿ ਪਾਇਥਨ ਬਹੁਤ ਤੇਜ਼ੀ ਨਾਲ ਵਧਦਾ ਹੈ। ਇਹ ਹਰ ਰੋਜ਼ 42.6 ਗ੍ਰਾਮ ਵਧਦਾ ਹੈ। ਇਸ ਦੀ ਪ੍ਰਜਨਨ ਦਰ ਵੀ ਬਹੁਤ ਜ਼ਿਆਦਾ ਹੈ। ਇੱਕ ਮਾਦਾ ਅਜਗਰ ਹਰ ਸਾਲ ਲਗਪਗ 50 ਤੋਂ 100 ਅੰਡੇ ਦੇ ਸਕਦੀ ਹੈ। ਰਿਪੋਰਟ ਮੁਤਾਬਕ ਠੰਢੇ ਖੂਨ ਵਾਲੇ ਜਾਨਵਰ ਗਰਮ ਖੂਨ ਵਾਲੇ ਜਾਨਵਰਾਂ ਨਾਲੋਂ 90 ਫੀਸਦੀ ਜ਼ਿਆਦਾ ਊਰਜਾ ਦਿੰਦੇ ਹਨ।