ਕੋਟਾ: ਰਾਜਸਥਾਨ ਦੇ ਕੋਟਾ ਦੇ ਇੱਕ ਜਾਗਰੂਕ ਨਾਗਰਿਕ ਨੇ ਰੇਲਵੇ ਦੀ ਵੱਡੀ ਲਾਪਰਵਾਹੀ ਦਾ ਪਰਦਾਫਾਸ਼ ਕੀਤਾ ਸੀ। ਮਹਿਜ਼ 2 ਰੁਪਏ ਦੀ ਲੜਾਈ ਕਾਰਨ ਰੇਲਵੇ ਨੂੰ ਹੁਣ 2.43 ਕਰੋੜ ਦਾ ਭੁਗਤਾਨ ਕਰਨਾ ਪਵੇਗਾ। ਕੋਟਾ ਦੇ ਇੱਕ ਵਿਅਕਤੀ ਸੁਜੀਤ ਸਵਾਮੀ ਨੇ ਰੇਲਵੇ 'ਤੇ ਕੀਤਾ ਕੇਸ, ਹੁਣ ਰੇਲਵੇ ਨੂੰ 2 ਦੀ ਬਜਾਏ 2 ਕਰੋੜ 43 ਲੱਖ ਦੇਣੇ ਪੈਣਗੇ। ਲਗਪਗ 3 ਲੱਖ ਰੇਲਵੇ ਯਾਤਰੀਆਂ ਨੂੰ ਇਸ ਦਾ ਲਾਭ ਮਿਲਣ ਵਾਲਾ ਹੈ।
ਵਿਅਕਤੀ ਦੀ ਜ਼ਿੱਦ ਅੱਗੇ ਝੁਕਿਆ ਰੇਲਵੇ
ਕੋਟਾ ਦੇ ਇੱਕ ਵਿਅਕਤੀ ਸੁਜੀਤ ਸਵਾਮੀ ਦੀ ਜ਼ਿੱਦ ਅੱਗੇ ਰੇਲਵੇ ਨੇ ਗੋਡੇ ਟੇਕ ਦਿੱਤੇ ਹਨ। ਸੁਜੀਤ ਸਿਰਫ 2 ਰੁਪਏ ਲਈ ਲੜਿਆ। ਹੁਣ ਰੇਲਵੇ 2.43 ਕਰੋੜ ਰੁਪਏ ਦੇਵੇਗਾ, ਜਿਸ ਨਾਲ 2.98 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ। ਪਹਿਲਾਂ ਤਾਂ ਸੁਜੀਤ ਨੇ ਰੇਲਵੇ ਤੋਂ 35 ਰੁਪਏ ਦਾ ਰਿਫੰਡ ਲੈਣ ਲਈ 5 ਸਾਲ ਤੱਕ ਸੰਘਰਸ਼ ਕੀਤਾ ਅਤੇ ਅਖੀਰ ਵਿੱਚ ਜਿੱਤਿਆ। ਇਸ ਵਿਅਕਤੀ ਦੀ ਜਿੱਤ ਦਾ ਕਰੀਬ 3 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ।
ਇੱਕ RTI ਜਵਾਬ ਦਾ ਹਵਾਲਾ ਦਿੰਦਿਆਂ, ਕੋਟਾ ਦੇ ਇੰਜੀਨੀਅਰ ਸੁਜੀਤ ਸਵਾਮੀ (Sujeet Swami) ਨੇ ਕਿਹਾ ਕਿ ਰੇਲਵੇ ਨੇ 2.98 ਲੱਖ IRCTC ਉਪਭੋਗਤਾਵਾਂ ਨੂੰ ਰਿਫੰਡ ਵਿੱਚ 2.43 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਸਵਾਮੀ ਨੇ ਕਿਹਾ ਕਿ GST ਪ੍ਰਣਾਲੀ ਲਾਗੂ ਹੋਣ ਤੋਂ ਪਹਿਲਾਂ ਵੀ ਟਿਕਟਾਂ ਨੂੰ ਰੱਦ ਕਰਨ 'ਤੇ ਸੇਵਾ ਟੈਕਸ ਵਜੋਂ 35 ਰੁਪਏ ਕੱਟੇ ਜਾਂਦੇ ਸਨ। ਅਜਿਹੇ 'ਚ ਉਸ ਨੇ ਸੂਚਨਾ ਦੇ ਅਧਿਕਾਰ (Right to Information applications) ਲਈ ਅਰਜ਼ੀਆਂ ਦਾਇਰ ਕੀਤੀਆਂ ਹਨ। ਇਸ ਦੇ ਨਾਲ ਹੀ ਚਾਰ ਸਰਕਾਰੀ ਵਿਭਾਗਾਂ ਨੂੰ ਪੱਤਰ ਵੀ ਲਿਖਿਆ ਗਿਆ ਸੀ। ਸਵਾਮੀ ਨੇ ਦਾਅਵਾ ਕੀਤਾ ਕਿ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਆਪਣੇ ਆਰਟੀਆਈ ਜਵਾਬ ਵਿੱਚ ਕਿਹਾ ਹੈ ਕਿ ਉਹ 2.98 ਲੱਖ ਉਪਭੋਗਤਾਵਾਂ ਨੂੰ ਹਰੇਕ ਟਿਕਟ 'ਤੇ 35 ਰੁਪਏ ਵਾਪਸ ਕਰੇਗਾ। ਜੋ ਕਿ ਕੁੱਲ 2.43 ਕਰੋੜ ਰੁਪਏ ਹੈ।
ਆਰਟੀਆਈ ਰਾਹੀਂ ਮੰਗਿਆ ਜਵਾਬ
ਜਦੋਂ ਸੁਜੀਤ ਸਵਾਮੀ ਦੇ ਪੈਸੇ ਕੱਟੇ ਗਏ ਤਾਂ ਉਸ ਨੇ ਆਰਟੀਆਈ ਰਾਹੀਂ ਜਾਣਨਾ ਚਾਹਿਆ ਕਿ ਉਸ ਟਰੇਨ ਦੇ ਕਿੰਨੇ ਲੋਕਾਂ ਦੇ ਕਿੰਨੇ ਪੈਸੇ ਕੱਟੇ ਗਏ। ਪਤਾ ਲੱਗਾ ਕਿ 2.98 ਲੱਖ ਉਪਭੋਗਤਾਵਾਂ ਦੇ ਪੈਸੇ ਕੱਟੇ ਗਏ ਹਨ। ਉਨ੍ਹਾਂ ਪੈਸੇ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਵਾਰ-ਵਾਰ ਟਵੀਟ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ, ਰੇਲ ਮੰਤਰੀ, ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਜੀਐਸਟੀ ਕੌਂਸਲ ਅਤੇ ਵਿੱਤ ਮੰਤਰਾਲੇ ਨੂੰ ਟੈਗ ਕੀਤਾ, ਜਿਸ ਨਾਲ 2.98 ਲੱਖ ਉਪਭੋਗਤਾਵਾਂ ਨੂੰ 35-35 ਰੁਪਏ ਵਾਪਸ ਲੈਣ ਵਿੱਚ ਮਦਦ ਕੀਤੀ।
ਟਿਕਟ ਸਾਲ 2017 ਵਿੱਚ ਬੁੱਕ ਕੀਤੀ ਗਈ ਸੀ
ਉਨ੍ਹਾਂ 2 ਜੁਲਾਈ 2017 ਦੀ ਯਾਤਰਾ ਕਰਨ ਲਈ 7 ਅਪ੍ਰੈਲ ਨੂੰ ਗੋਲਡਨ ਟੈਂਪਲ ਮੇਲ ਵਿੱਚ ਕੋਟਾ ਤੋਂ ਦਿੱਲੀ ਲਈ ਟਿਕਟ ਬੁੱਕ ਕੀਤੀ ਸੀ। ਜੀਐਸਟੀ ਦੀ ਨਵੀਂ ਪ੍ਰਣਾਲੀ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈ ਹੈ। ਹਾਲਾਂਕਿ ਉਸ ਨੇ ਟਿਕਟ ਕੈਂਸਲ ਕਰਵਾ ਦਿੱਤੀ ਸੀ, ਜਿਸ ਦੀ ਕੀਮਤ 765 ਰੁਪਏ ਸੀ ਅਤੇ ਉਸ ਨੂੰ 100 ਰੁਪਏ ਦੀ ਕਟੌਤੀ ਨਾਲ 665 ਰੁਪਏ ਵਾਪਸ ਮਿਲ ਗਏ। ਜਦਕਿ ਉਸਦੇ 65 ਰੁਪਏ ਕੱਟੇ ਜਾਣੇ ਚਾਹੀਦੇ ਸਨ। ਸਵਾਮੀ ਨੇ ਅੱਗੇ ਦੱਸਿਆ ਕਿ ਉਸ ਤੋਂ ਸਰਵਿਸ ਟੈਕਸ ਵਜੋਂ 35 ਰੁਪਏ ਵਾਧੂ ਕੱਟੇ ਗਏ ਸਨ।
IRCTC ਨੇ 33 ਰੁਪਏ ਵਾਪਸ ਕੀਤੇ
ਸਵਾਮੀ ਨੇ ਰੇਲਵੇ ਅਤੇ ਵਿੱਤ ਮੰਤਰਾਲੇ ਨੂੰ ਆਰਟੀਆਈ ਰਾਹੀਂ 35 ਰੁਪਏ ਲੈਣ ਲਈ ਲੜਾਈ ਸ਼ੁਰੂ ਕੀਤੀ। ਆਰਟੀਆਈ ਦੇ ਜਵਾਬ ਵਿੱਚ, IRCTC ਨੇ ਕਿਹਾ ਸੀ, 35 ਰੁਪਏ ਵਾਪਸ ਕੀਤੇ ਜਾਣਗੇ। ਸਵਾਮੀ ਨੇ ਦੱਸਿਆ ਕਿ 1 ਮਈ 2019 ਨੂੰ ਉਨ੍ਹਾਂ ਨੂੰ 33 ਰੁਪਏ ਵਾਪਸ ਮਿਲੇ ਅਤੇ 2 ਰੁਪਏ ਕੱਟ ਲਏ ਗਏ। ਆਖਰਕਾਰ, ਕਈ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ, ਇਹ ਮਾਮਲਾ ਵਿੱਤ ਕਮਿਸ਼ਨਰ ਅਤੇ ਸਕੱਤਰ, ਰੇਲਵੇ ਮੰਤਰਾਲੇ, ਭਾਰਤ ਸਰਕਾਰ, ਆਈਆਰਸੀਟੀਸੀ, ਵਿੱਤ ਮੰਤਰਾਲੇ (ਮਾਲ) ਵਿਭਾਗ ਦੇ ਸਕੱਤਰ ਅਤੇ ਜੀਐਸਟੀ ਕੌਂਸਲ ਕੋਲ ਪਹੁੰਚਿਆ।
ਇਸ ਦੌਰਾਨ ਸੁਜੀਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਨੂੰ ਹਰ ਰੋਜ਼ ਕਈ ਟਵੀਟ ਵੀ ਕੀਤੇ। ਇਸ ਦੇ ਨਾਲ ਹੀ ਰੇਲਵੇ ਅਧਿਕਾਰੀ ਦੀ ਤਰਫੋਂ ਸੁਜੀਤ ਨੂੰ ਦੱਸਿਆ ਗਿਆ ਕਿ ਉਸਦਾ ਰਿਫੰਡ ਮਨਜ਼ੂਰ ਹੋ ਗਿਆ ਹੈ ਅਤੇ ਉਸਨੂੰ 30 ਮਈ ਤੱਕ ਮਿਲ ਗਿਆ ਹੈ, ਜਿਸ ਨੂੰ ਉਹ ਪੀਐਮ ਕੇਅਰ ਫੰਡ ਵਿੱਚ ਦਾਨ ਕਰਨਗੇ। ਇਸ ਦੇ ਨਾਲ ਹੀ ਰੇਲਵੇ ਨੇ ਹੋਰ ਸਾਰੇ ਖਪਤਕਾਰਾਂ ਨੂੰ ਵੀ ਰਿਫੰਡ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।