ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਕੈਂਸਰ ਦਾ ਇਲਾਜ ਕਰਵਾਉਣ ਲਈ ਨਿਊਯਾਰਕ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਇਲਾਜ ਪੂਰਾ ਹੋ ਗਿਆ ਹੈ ਤੇ ਜਲਦ ਹੀ ਉਹ ਭਾਰਤ ਵਾਪਸ ਆ ਜਾਣਗੇ। ਇਲਾਜ ਦੌਰਾਨ ਉਨ੍ਹਾਂ ਦੇ ਮਜ਼ੇਦਾਰ ਟਵੀਟਸ ਸੁਰਖੀਆਂ ਖੱਟ ਰਹੇ ਹਨ। ਨਿਊਯਾਰਕ ਸ਼ਹਿਰ ਵਿੱਚ ਘੁੰਮਣ ਨਿਕਲੇ ਰਿਸ਼ੀ ਇੱਕ ਜੁੱਤੀਆਂ ਵਾਲੇ ਸਟੋਰ ਪਹੁੰਚੇ। ਇੱਥੇ ਉਹ ਇੱਕ ਜੋੜੀ ਜੁੱਤੀ ਦੀ ਕੀਮਤ ਵੇਖ ਹੈਰਾਨ ਰਹਿ ਗਏ ਜੋ 27 ਲੱਖ ਰੁਪਏ ਸੀ। ਇਹ ਜਾਣ ਉਨ੍ਹਾਂ ਮਜ਼ੇਦਾਰ ਟਵੀਟ ਕੀਤਾ।


ਰਿਸ਼ੀ ਨਿਊਯਾਰਕ ਦੇ ਸਭ ਤੋਂ ਵੱਡੇ ਜੁੱਤੀਆਂ ਦੇ ਸਟੋਰ ਪਹੁੰਚੇ ਸਨ। ਇੱਥੇ 12 ਹਜ਼ਾਰ ਤੋਂ ਵੱਧ ਜੁੱਤੀਆਂ ਦੀਆਂ ਕਿਸਮਾਂ ਸਨ। ਪਰ ਰਿਸ਼ੀ ਦਾ ਧਿਆਨ ਸਿਰਫ ਇਨ੍ਹਾਂ ਦੀ ਕੀਮਤ ਵੱਲ ਗਿਆ। ਉਨ੍ਹਾਂ ਸਟੋਰ ਦੀ ਤਸਵੀਰ ਸਾਂਝੀ ਕਰ ਕੇ ਲਿਖਿਆ ਕਿ ਮੈਂ ਹੈਰਾਨ ਹਾਂ ਕਿ ਜੁੱਤੀਆਂ ਦੀ ਕੀਮਤ 27 ਲੱਖ, 18 ਲੱਖ, 17 ਲੱਖ, 13 ਲੱਖ ਤੇ 3 ਲੱਖ ਹੈ।



ਇਸੇ ਤਰ੍ਹਾਂ ਉਨ੍ਹਾਂ ਇੱਕ ਹੋਰ ਟਵੀਟ ਕੀਤਾ। ਉਨ੍ਹਾਂ ਲਿਖਿਆ ਇਨ੍ਹਾਂ ਜੁੱਤੀਆਂ ਦੀ ਕੀਮਤ ਵੱਲ ਧਿਆਨ ਦਿਓ। ਇਸ ਨੂੰ ਵੇਖ ਕਹਾਵਤ ਯਾਦ ਆ ਗਈ, 'ਜੁੱਤੀ ਚਾਂਦੀ ਦੀ ਹੋਏ ਜਾਂ ਸੋਨੇ ਦੀ, ਪਾਉਣੀ ਤਾਂ ਪੈਰਾਂ ਵਿੱਚ ਹੀ ਹੈ।' ਉਨ੍ਹਾਂ ਕਿਹਾ ਕਿ ਇਹ ਪਾਗਲਪਣ ਹੈ। ਦਰਅਸਲ ਸਟੋਰ ਵਿੱਚ ਜੁੱਤੀਆਂ ਦੀ ਕੀਮਤ 17 ਲੱਖ ਤੋਂ ਲੈ ਕੇ 27 ਲੱਖ ਹੈ।