ਇਹ ਐਫਆਈਆਰ ਸਿੱਖਿਆ ਵਿਭਾਗ ਦੇ ਪੀਈਓ (ਪੰਚਾਇਤ ਸਿੱਖਿਆ ਅਧਿਕਾਰੀ) ਅਨਿਲ ਗੁਪਤਾ ਵੱਲੋਂ ਸਦਰ ਥਾਣੇ ਵਿੱਚ ਦਰਜ ਕਰਵਾਈ ਗਈ ਹੈ।


ਪਿਛਲੇ 20 ਸਾਲਾਂ ਤੋਂ ਇਹ ਅਧਿਆਪਕ ਜੋੜਾ ਸ਼ਹਿਰ ਦੇ ਨਜ਼ਦੀਕ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਰਾਜਪੁਰਾ ਵਿੱਚ ਤਾਇਨਾਤ ਸੀ। ਵਿਸ਼ਨੂੰ ਗਰਗ 1996 ਤੋਂ ਅਤੇ ਉਨ੍ਹਾਂ ਦੀ ਪਤਨੀ ਮੰਜੂ ਗਰਗ 1999 ਤੋਂ ਇਸ ਸਕੂਲ ਵਿੱਚ ਤਾਇਨਾਤ ਸਨ। ਇਨ੍ਹਾਂ ਦੋਵਾਂ ਨੇ ਵਿਦਿਆਰਥੀਆਂ ਨੂੰ ਖੁਦ ਪੜ੍ਹਾਉਣ ਦੀ ਬਜਾਏ ਸਕੂਲ ਵਿੱਚ ਡੰਮੀ ਅਧਿਆਪਕ ਰੱਖੇ ਹੋਏ ਸਨ। 2017 ਵਿੱਚ ਵੀ ਅਚਨਚੇਤ ਨਿਰੀਖਣ ਦੌਰਾਨ ਇਨ੍ਹਾਂ ਅਧਿਆਪਕਾਂ ਦੀਆਂ ਕਰਤੂਤਾਂ ਫੜੀਆਂ ਗਈਆਂ ਸਨ, ਪਰ ਇੰਕਰੀਮੈਂਟ ਰੋਕ ਕੇ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ ਗਿਆ ਸੀ।


ਰਾਜਸਥਾਨ 'ਚ ਭਾਜਪਾ ਦੀ ਭਜਨ ਲਾਲ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਵਿਭਾਗ ਨੇ ਦੋਵਾਂ ਡੰਮੀ ਅਧਿਆਪਕਾਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਸਦਰ ਥਾਣਾ ਪੁਲੀਸ ਅਤੇ ਸਿੱਖਿਆ ਵਿਭਾਗ ਨੇ ਸਾਂਝੀ ਛਾਪੇਮਾਰੀ ਵਿੱਚ ਇਨ੍ਹਾਂ ਦੋ ਡੰਮੀ ਅਧਿਆਪਕਾਂ ਦੀ ਥਾਂ ਇੱਥੇ ਪੜ੍ਹਾਉਂਦੇ ਤਿੰਨ ਹੋਰ ਅਧਿਆਪਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਅਧਿਆਪਕ ਜੋੜਾ ਆਪਣੀ ਗ੍ਰਿਫਤਾਰੀ ਦੇ ਡਰੋਂ ਫਰਾਰ ਹੋ ਗਿਆ, ਜੋ ਅਜੇ ਤੱਕ ਪੁਲਸ ਦੀ ਪਹੁੰਚ ਤੋਂ ਬਾਹਰ ਹੈ।


ਇਸ ਮਾਮਲੇ ਵਿੱਚ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਵੀ ਬਿਆਨ ਦਿੱਤਾ ਸੀ ਕਿ ਅਜਿਹੇ ਅਧਿਆਪਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜੋ ਰਾਜਸਥਾਨ ਵਿੱਚ ਇੱਕ ਮਿਸਾਲ ਬਣੇ। ਜਾਂਚ ਵਿੱਚ ਪੁਲਸ ਨੇ ਸਿੱਖਿਆ ਵਿਭਾਗ ਤੋਂ ਜੋੜੇ ਵੱਲੋਂ ਹੁਣ ਤੱਕ ਲਈਆਂ ਗਈਆਂ ਤਨਖ਼ਾਹਾਂ ਬਾਰੇ ਜਾਣਕਾਰੀ ਮੰਗੀ ਸੀ। ਸਿੱਖਿਆ ਵਿਭਾਗ ਵੱਲੋਂ ਜੋੜੇ ਨੂੰ ਕੁੱਲ 9,31,50373 ਰੁਪਏ (9 ਕਰੋੜ, 31 ਲੱਖ, 50 ਹਜ਼ਾਰ, 373 ਰੁਪਏ) ਤਨਖਾਹ ਵਜੋਂ ਦਿੱਤੇ ਗਏ ਹਨ। ਵਿਸ਼ਨੂੰ ਗਰਗ ਨੂੰ 4,92,69,146 ਰੁਪਏ (4 ਕਰੋੜ, 92 ਲੱਖ, 69 ਹਜ਼ਾਰ, 146) ਰੁਪਏ ਅਤੇ ਮੰਜੂ ਗਰਗ ਨੂੰ 4,38,81,227 ਰੁਪਏ (4 ਕਰੋੜ, 38 ਲੱਖ, 81 ਹਜ਼ਾਰ, 227) ਰੁਪਏ ਦਿੱਤੇ ਗਏ।


ਸਿੱਖਿਆ ਵਿਭਾਗ ਨੇ ਇਸ ਤੋਂ ਪਹਿਲਾਂ ਸਰਕਾਰੀ ਫੰਡਾਂ ਦੀ ਗਬਨ ਕਰਨ ਅਤੇ ਸਿੱਖਿਆ ਵਿਭਾਗ ਨਾਲ ਧੋਖਾਧੜੀ ਕਰਕੇ ਪੈਸੇ ਲੈਣ ਦੇ ਦੋਸ਼ ਵਿੱਚ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਸੀ। ਇਸ ਰਕਮ ਦੀ ਵਸੂਲੀ ਸਬੰਧੀ ਸਿੱਖਿਆ ਵਿਭਾਗ ਦੇ ਪੰਚਾਇਤ ਅਫ਼ਸਰ ਅਨਿਲ ਗੁਪਤਾ ਨੇ ਸਦਰ ਥਾਣੇ ਵਿੱਚ ਐਫ.ਆਈ.ਆਰ. ਕਰਵਾਈ ਸੀ।


ਉਧਰ, ਇਸ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਪਿਊਸ਼ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਡਾਇਰੈਕਟੋਰੇਟ ਪੱਧਰ ’ਤੇ ਚੱਲ ਰਹੀ ਹੈ। ਉਨ੍ਹਾਂ ਨੂੰ ਇਸ ਜਾਂਚ ਦੇ ਮੁਕੰਮਲ ਹੋਣ ਦੀ ਜਾਣਕਾਰੀ ਨਹੀਂ ਹੈ। ਫਿਲਹਾਲ ਪੁਲਸ ਅਤੇ ਸਿੱਖਿਆ ਵਿਭਾਗ ਇਸ ਭਗੌੜੇ ਅਧਿਆਪਕ ਜੋੜੇ ਨੂੰ ਲੈ ਕੇ ਸਖਤੀ ਦਿਖਾਉਂਦੇ ਨਜ਼ਰ ਆ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਅਧਿਆਪਕ ਜੋੜਾ ਪੁਲਿਸ ਦੇ ਹੱਥ ਕਦੋਂ ਆਉਂਦਾ ਹੈ। ਬਾਰਾਂ ਜ਼ਿਲ੍ਹੇ ਵਿੱਚ ਅਧਿਆਪਕ ਜੋੜਾ ਬਹੁਤ ਪ੍ਰਭਾਵ ਰੱਖਦਾ ਹੈ।