IAS Officer 10th Marksheet: ਕਿਸੇ ਨੇ ਸੱਚ ਹੀ ਕਿਹਾ ਹੈ ਕਿ 10ਵੀਂ ਤੇ 12ਵੀਂ ਦੇ ਨੰਬਰ ਤੁਹਾਡੇ ਭਵਿੱਖ ਦਾ ਫ਼ੈਸਲਾ ਨਹੀਂ ਕਰਦੇ। ਪ੍ਰੀਖਿਆ 'ਚ ਪ੍ਰਾਪਤ ਅੰਕਾਂ ਤੋਂ ਕਿਸੇ ਦੇ ਦਿਮਾਗ ਤੇ ਹੁਨਰ ਬਾਰੇ ਟਿੱਪਣੀ ਨਹੀਂ ਕਰਨੀ ਚਾਹੀਦੀ। ਪਰ ਅਕਸਰ ਜਦੋਂ ਬੋਰਡ ਪ੍ਰੀਖਿਆਵਾਂ 'ਚ ਮਾੜੇ ਨੰਬਰ ਜਾਂ ਡਿਵੀਜ਼ਨ ਆਉਂਦੀ ਹੈ ਤਾਂ ਬੱਚੇ ਨਿਰਾਸ਼ ਤੇ ਪ੍ਰੇਸ਼ਾਨ ਹੋ ਜਾਂਦੇ ਹਨ। ਉਨ੍ਹਾਂ ਨੂੰ ਚਿੰਤਾ ਹੋਣ ਲੱਗਦੀ ਹੈ ਕਿ ਹੁਣ ਉਨ੍ਹਾਂ ਦੇ ਕਰੀਅਰ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣਗੇ।


ਸਕੂਲੀ ਪੜ੍ਹਾਈ 'ਚ ਘੱਟ ਅੰਕ ਆਉਣ ਕਾਰਨ ਬੱਚਿਆਂ ਦੇ ਮਨ 'ਚ ਗ਼ਲਤ ਗੱਲਾਂ ਆਉਣ ਲੱਗਦੀਆਂ ਹਨ। ਕੁਝ ਬੱਚੇ ਗਲਤ ਕਦਮ ਵੀ ਚੁੱਕ ਲੈਂਦੇ ਹਨ, ਪਰ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਸਾਡੇ ਸਮਾਜ 'ਚ ਅਜਿਹੀਆਂ ਕਈ ਮਿਸਾਲਾਂ ਹਨ ਜਿਨ੍ਹਾਂ ਤੋਂ ਉਹ ਪ੍ਰੇਰਨਾ ਲੈ ਸਕਦੇ ਹਨ।



ਆਈਏਐਸ ਨੇ ਆਪਣੀ ਮਾਰਕਸ਼ੀਟ ਕੀਤੀ ਸਾਂਝੀ
ਛੱਤੀਸਗੜ੍ਹ (Chattisgarh) ਕੈਡਰ ਦੇ 2009 ਬੈਚ ਦੇ ਆਈਏਐਸ ਅਵਨੀਸ਼ ਸ਼ਰਨ (IAS Awanish Sharan) ਇਸ ਦੀ ਜਿਉਂਦੀ ਜਾਗਦੀ ਮਿਸਾਲ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਆਪਣੀ 10ਵੀਂ ਜਮਾਤ ਦੀ ਮਾਰਕਸ਼ੀਟ (10th Class Marksheet) ਟਵਿੱਟਰ 'ਤੇ ਅਪਲੋਡ ਕੀਤੀ ਹੈ। ਉਨ੍ਹਾਂ ਦੀ ਮਾਰਕਸ਼ੀਟ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।


10ਵੀਂ 'ਚ ਮਿਲੇ 44.5% ਅੰਕ
ਆਈਏਐਸ ਅਧਿਕਾਰੀ ਅਵਨੀਸ਼ ਸ਼ਰਨ ਨੇ ਟਵਿੱਟਰ 'ਤੇ ਆਪਣੀ 10ਵੀਂ ਜਮਾਤ ਦੀ ਮਾਰਕਸ਼ੀਟ ਸ਼ੇਅਰ ਕੀਤੀ ਹੈ, ਜਿਸ ਦੇ ਅਨੁਸਾਰ ਉਨ੍ਹਾਂ ਨੇ 1996 'ਚ ਬਿਹਾਰ ਸਕੂਲ ਪ੍ਰੀਖਿਆ ਬੋਰਡ ਦੀ ਪ੍ਰੀਖਿਆ ਪਾਸ ਕੀਤੀ ਸੀ। ਉਨ੍ਹਾਂ ਨੂੰ 700 ਵਿੱਚੋਂ ਸਿਰਫ਼ 314 ਅੰਕ ਮਿਲੇ ਹਨ। ਮਤਲਬ ਸਿਰਫ਼ 44.5% ਅੰਕ। ਗਣਿਤ 'ਚ ਉਹ ਮਸਾਂ ਹੀ ਪਾਸ ਹੋਏ ਸਨ।


ਹਰ ਕੋਈ ਹੋ ਰਿਹਾ ਹੈ ਪ੍ਰੇਰਿਤ 
ਹੁਣ ਦੇਖ ਲਓ ਥਰਡ ਡਿਵੀਜ਼ਨ 'ਚ ਪਾਸ ਆਊਟ ਹੋਏ ਅਵਨੀਸ਼ ਸ਼ਰਨ ਅੱਜ ਆਈਏਐਸ ਅਫ਼ਸਰ ਹਨ। ਉਨ੍ਹਾਂ ਨੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਇਹ ਸਾਬਤ ਕਰ ਦਿੱਤਾ ਸੀ ਕਿ ਕਾਬਲੀਅਤ ਨੂੰ ਨੰਬਰ ਦੇਖ ਕੇ ਨਹੀਂ ਮਾਪਿਆ ਜਾ ਸਕਦਾ ਹੈ। ਟਵਿੱਟਰ 'ਤੇ ਉਨ੍ਹਾਂ ਦੇ ਫ਼ਾਲੋਅਰਜ਼ ਹੈਰਾਨ ਹਨ ਪਰ ਨਾਲ ਹੀ ਯੂਜਰਸ ਨੂੰ ਉਸ ਤੋਂ ਪ੍ਰੇਰਨਾ ਵੀ ਮਿਲ ਰਹੀ ਹੈ।