WPI Inflation: ਬੇਸ਼ੱਕ ਦੇਸ਼ ਦੀ ਜਨਤਾ ਆਰਥਿਕ ਚੱਕੀ ਵਿੱਚ ਪਿਸ ਰਹੀ ਹੈ ਪਰ ਅੰਕੜਿਆਂ ਦੀ ਘੇਡ ਵੇਖੋ ਕਿ ਪ੍ਰਚੂਨ ਮਹਿੰਗਾਈ ਦਰ ਵਿੱਚ ਕਮੀ ਦੀ ਖਬਰ ਤੋਂ ਬਾਅਦ ਥੋਕ ਮਹਿੰਗਾਈ ਦਰ ਵਿੱਚ ਵੀ ਕਮੀ ਆਉਣ ਦੀ ਖਬਰ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਥੋਕ ਮਹਿੰਗਾਈ ਦਰ 3 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ। ਮਈ 'ਚ ਇਹ ਘੱਟ ਕੇ -3.48 ਫੀਸਦੀ 'ਤੇ ਆ ਗਈ ਹੈ। ਸਰਕਾਰ ਦਾ ਦਾਅਵਾ ਹੈ ਕਿ ਸਾਲ 2020 ਦੇ ਜੂਨ ਮਹੀਨੇ ਤੋਂ ਬਾਅਦ ਇਹ ਦਰ ਦੂਜੀ ਵਾਰ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ। ਇਸ ਤੋਂ ਪਹਿਲਾਂ ਮਈ 2020 'ਚ ਥੋਕ ਮਹਿੰਗਾਈ ਦਰ 3.37 ਫੀਸਦੀ 'ਤੇ ਸੀ।


ਅਪ੍ਰੈਲ ਵਿੱਚ ਥੋਕ ਮਹਿੰਗਾਈ ਦਰ 
ਇਸ ਤੋਂ ਪਿਛਲੇ ਮਹੀਨੇ ਯਾਨੀ ਅਪ੍ਰੈਲ 2023 'ਚ ਥੋਕ ਮਹਿੰਗਾਈ ਦਰ 0.92 ਫੀਸਦੀ 'ਤੇ ਆ ਗਈ ਸੀ। ਉਦਯੋਗ ਤੇ ਅੰਦਰੂਨੀ ਵਪਾਰ ਦੇ ਪ੍ਰਮੋਸ਼ਨ ਵਿਭਾਗ ਨੇ ਇਹ ਅੰਕੜਾ ਜਾਰੀ ਕੀਤਾ ਹੈ। ਇਹ ਮਹਿੰਗਾਈ ਦੇ ਅੰਕੜੇ ਵਣਜ ਤੇ ਉਦਯੋਗ ਮੰਤਰਾਲੇ ਦੇ ਅਧੀਨ ਇਸ ਵਿਭਾਗ ਰਾਹੀਂ ਜਾਰੀ ਕੀਤੇ ਜਾਂਦੇ ਹਨ। ਮਈ 'ਚ ਪ੍ਰਚੂਨ ਮਹਿੰਗਾਈ ਦਰ ਵੀ 25 ਮਹੀਨਿਆਂ ਦੇ ਹੇਠਲੇ ਪੱਧਰ 4.25 ਫੀਸਦੀ 'ਤੇ ਆ ਗਈ ਸੀ।


ਥੋਕ ਮਹਿੰਗਾਈ ਦਰ ਹੇਠਾਂ ਕਿਉਂ ਆਈ?
ਦੇਸ਼ ਦੀ ਥੋਕ ਮਹਿੰਗਾਈ ਦਰ ਵਿੱਚ ਗਿਰਾਵਟ ਦਾ ਮੁੱਖ ਕਾਰਨ ਇਹ ਹੈ ਕਿ ਖਣਿਜ ਤੇਲ, ਬੁਨਿਆਦੀ ਧਾਤਾਂ, ਖੁਰਾਕੀ ਵਸਤਾਂ, ਕੱਪੜਾ ਆਦਿ ਦੇ ਨਾਲ-ਨਾਲ ਗੈਰ-ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਕੱਚੇ ਤੇਲ ਤੇ ਪੈਟਰੋਲੀਅਮ ਪਦਾਰਥਾਂ ਦੇ ਨਾਲ-ਨਾਲ ਕੁਦਰਤੀ ਗੈਸ, ਰਸਾਇਣਕ ਤੇ ਰਸਾਇਣਕ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ 'ਚ ਥੋਕ ਮਹਿੰਗਾਈ ਦਰ 'ਚ ਆਈ ਕਮੀ ਦਾ ਸਿੱਧਾ ਅਸਰ ਵਿਆਜ ਦਰਾਂ 'ਤੇ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਹੋਰ ਰਾਹਤ ਮਿਲ ਸਕਦੀ ਹੈ।


ਥੋਕ ਮਹਿੰਗਾਈ ਦਰ ਲਗਾਤਾਰ ਦੂਜੇ ਮਹੀਨੇ ਜ਼ੀਰੋ ਤੋਂ ਹੇਠਾਂ
ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਥੋਕ ਮੁੱਲ ਸੂਚਕ ਅੰਕ 'ਤੇ ਆਧਾਰਤ ਮਹਿੰਗਾਈ ਜ਼ੀਰੋ ਤੋਂ ਹੇਠਾਂ ਹੈ। ਅਪ੍ਰੈਲ 'ਚ ਇਹ -0.92 ਫੀਸਦੀ 'ਤੇ ਸੀ। ਜੇਕਰ ਅਸੀਂ ਪਿਛਲੇ ਇੱਕ ਸਾਲ ਦੇ ਮੁਕਾਬਲੇ ਇਸ 'ਤੇ ਨਜ਼ਰ ਮਾਰੀਏ ਤਾਂ ਮਈ 2022 'ਚ ਥੋਕ ਮਹਿੰਗਾਈ ਦਰ 16.63 ਫੀਸਦੀ ਸੀ। ਸਾਲ ਦਰ ਸਾਲ ਆਧਾਰ 'ਤੇ ਮਹਿੰਗਾਈ ਦਰ 'ਚ ਇਹ ਵੱਡੀ ਗਿਰਾਵਟ ਰਾਹਤ ਦਾ ਸੰਕੇਤ ਹੈ।


ਕਿਸ ਹਿੱਸੇ ਦੀ ਮਹਿੰਗਾਈ ਦਰ ਕਿਵੇਂ ਸੀ?
ਸਰਕਾਰੀ ਅੰਕੜਿਆਂ ਮੁਤਾਬਕ ਖੁਰਾਕੀ ਮਹਿੰਗਾਈ ਅਪ੍ਰੈਲ 'ਚ 3.54 ਫੀਸਦੀ ਤੋਂ ਘੱਟ ਕੇ ਮਈ 'ਚ 1.51 ਫੀਸਦੀ 'ਤੇ ਆ ਗਈ।


ਈਂਧਨ ਤੇ ਊਰਜਾ ਖੇਤਰ ਵਿਚ ਮਹਿੰਗਾਈ ਅਪ੍ਰੈਲ ਵਿਚ 0.93 ਫੀਸਦੀ ਤੋਂ ਘੱਟ ਕੇ ਮਈ ਵਿਚ -9.17 ਫੀਸਦੀ 'ਤੇ ਆ ਗਈ।


ਮੈਨੂਫੈਕਚਰਿੰਗ ਉਤਪਾਦਾਂ ਦੀ ਮਹਿੰਗਾਈ ਦਰ ਮਈ 'ਚ ਮਾਈਨਸ 2.97 ਫੀਸਦੀ ਸੀ, ਜੋ ਅਪ੍ਰੈਲ 'ਚ -2.42 ਫੀਸਦੀ ਤੋਂ ਘੱਟ ਗਈ ਸੀ।