8th Pay Commission : ਪੈਨਸ਼ਨਰਾਂ ਨੇ ਰੱਖੀਆਂ 5 ਵੱਡੀਆਂ ਮੰਗਾਂ, ਕੀ ਹੁਣ ਹਰ ਸਾਲ ਵਧੇਗੀ ਪੈਨਸ਼ਨ?
8th Pay Commission 2026 : ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 8ਵੇਂ ਪੇਅ ਕਮਿਸ਼ਨ (8th Pay Commission) ਤੋਂ ਕਾਫ਼ੀ ਉਮੀਦਾਂ ਹਨ। ਮੁਲਾਜ਼ਮਾਂ ਦੇ ਨਾਲ-ਨਾਲ ਪੈਨਸ਼ਨਰ ਵੀ ਚਾਹੁੰਦੇ ਹਨ ਕਿ ਨਵੇਂ ਪੇਅ ਕਮਿਸ਼ਨ ਵਿੱ
8th Pay Commission 2026 : ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 8ਵੇਂ ਪੇਅ ਕਮਿਸ਼ਨ (8th Pay Commission) ਤੋਂ ਕਾਫ਼ੀ ਉਮੀਦਾਂ ਹਨ। ਮੁਲਾਜ਼ਮਾਂ ਦੇ ਨਾਲ-ਨਾਲ ਪੈਨਸ਼ਨਰ ਵੀ ਚਾਹੁੰਦੇ ਹਨ ਕਿ ਨਵੇਂ ਪੇਅ ਕਮਿਸ਼ਨ ਵਿੱਚ ਸਿਰਫ਼ ਤਨਖਾਹ ਹੀ ਨਹੀਂ, ਸਗੋਂ ਪੈਨਸ਼ਨ ਅਤੇ ਰਿਟਾਇਰਮੈਂਟ ਨਾਲ ਜੁੜੇ ਨਿਯਮਾਂ ਵਿੱਚ ਵੀ ਸੁਧਾਰ ਕੀਤਾ ਜਾਵੇ।
ਇਸੇ ਦੌਰਾਨ ਰੇਲਵੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੋਸਾਇਟੀ (RSCWS) ਨੇ 8ਵੇਂ ਪੇਅ ਕਮਿਸ਼ਨ ਨੂੰ ਆਪਣੇ ਸੁਝਾਅ ਭੇਜਦਿਆਂ ਕਈ ਅਹਿਮ ਮੰਗਾਂ ਰੱਖੀਆਂ ਹਨ। ਇਨ੍ਹਾਂ ਵਿੱਚ ਸਾਲਾਨਾ ਤਨਖਾਹ ਵਾਧਾ 3 ਫੀਸਦੀ ਤੋਂ ਵਧਾ ਕੇ ਘੱਟੋ-ਘੱਟ 5 ਫੀਸਦੀ ਕਰਨ, ਬੇਸਿਕ ਤਨਖਾਹ ਵਿੱਚ ਵੱਡਾ ਵਾਧਾ ਕਰਨ ਅਤੇ ਵੱਖ-ਵੱਖ ਸਮੇਂ 'ਤੇ ਰਿਟਾਇਰ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਵਿਚਲਾ ਫਰਕ ਘਟਾਉਣ ਦੀ ਮੰਗ ਸ਼ਾਮਲ ਹੈ। ਹਾਲਾਂਕਿ, ਇਹ ਫਿਲਹਾਲ ਸਿਰਫ਼ ਜਥੇਬੰਦੀ ਦੀਆਂ ਮੰਗਾਂ ਹਨ। ਕੇਂਦਰ ਸਰਕਾਰ ਵੱਲੋਂ ਇਨ੍ਹਾਂ ਨੂੰ ਅਜੇ ਮਨਜ਼ੂਰੀ ਨਹੀਂ ਦਿੱਤੀ ਗਈ ਹੈ।
ਪੈਨਸ਼ਨਰਾਂ ਦੀਆਂ 5 ਵੱਡੀਆਂ ਮੰਗਾਂ ਕੀ ਹਨ?
RSCWS ਨੇ ਆਪਣੇ ਮੰਗ ਪੱਤਰ ਵਿੱਚ ਤਨਖਾਹ ਅਤੇ ਪੈਨਸ਼ਨ ਨਾਲ ਜੁੜੇ ਕਈ ਸੁਝਾਅ ਦਿੱਤੇ ਹਨ। ਇਨ੍ਹਾਂ ਵਿੱਚੋਂ 5 ਮੁੱਖ ਮੰਗਾਂ ਇਸ ਤਰ੍ਹਾਂ ਹਨ:
1. ਸਾਲਾਨਾ ਇੰਕਰੀਮੈਂਟ 3 ਤੋਂ ਵਧਾ ਕੇ 5 ਫੀਸਦੀ ਕੀਤਾ ਜਾਵੇ: ਇਸ ਸਮੇਂ ਕੇਂਦਰੀ ਮੁਲਾਜ਼ਮਾਂ ਨੂੰ ਹਰ ਸਾਲ 3 ਫੀਸਦੀ ਤਨਖਾਹ ਵਾਧਾ ਮਿਲਦਾ ਹੈ। ਜਥੇਬੰਦੀ ਇਸ ਨੂੰ ਵਧਾ ਕੇ ਘੱਟੋ-ਘੱਟ 5 ਫੀਸਦੀ ਕਰਨ ਦੀ ਮੰਗ ਕਰ ਰਹੀ ਹੈ।
2. ਬੇਸਿਕ ਤਨਖਾਹ ਵਿੱਚ ਵੱਡਾ ਵਾਧਾ: ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਬੇਸਿਕ ਤਨਖਾਹ ਵਧਾਈ ਜਾਵੇ, ਤਾਂ ਜੋ ਮੁਲਾਜ਼ਮਾਂ ਦੀ ਖਰੀਦ ਸ਼ਕਤੀ ਬਣੀ ਰਹੇ ਅਤੇ ਇਸ ਦਾ ਪੈਨਸ਼ਨ ਦੀ ਗਣਨਾ 'ਤੇ ਵੀ ਚੰਗਾ ਅਸਰ ਪਵੇ।
3. ਪੈਨਸ਼ਨ ਦੀ ਅਸਮਾਨਤਾ ਦੂਰ ਕੀਤੀ ਜਾਵੇ: ਵੱਖ-ਵੱਖ ਪੇਅ ਕਮਿਸ਼ਨਾਂ ਦੌਰਾਨ ਰਿਟਾਇਰ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਵਿੱਚ ਜੋ ਫਰਕ ਹੈ, ਉਸ ਨੂੰ ਘਟਾਇਆ ਜਾਵੇ, ਤਾਂ ਜੋ ਸਾਰੇ ਪੈਨਸ਼ਨਰਾਂ ਨੂੰ ਬਰਾਬਰ ਦਾ ਲਾਭ ਮਿਲ ਸਕੇ।
4. ਫਿਟਮੈਂਟ ਫੈਕਟਰ ਰਾਹੀਂ ਅਸਲ ਲਾਭ ਮਿਲੇ: ਤਨਖਾਹ ਅਤੇ ਪੈਨਸ਼ਨ ਵਿੱਚ ਵਾਧਾ ਸਿਰਫ਼ ਮਹਿੰਗਾਈ ਭੱਤੇ ਨੂੰ ਜੋੜਨ ਤੱਕ ਸੀਮਤ ਨਾ ਰਹੇ, ਸਗੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਸਲ ਆਰਥਿਕ ਲਾਭ ਮਿਲਣਾ ਚਾਹੀਦਾ ਹੈ।
5. ਮਹਿੰਗਾਈ ਦੇ ਹਿਸਾਬ ਨਾਲ ਤਨਖਾਹ ਤੇ ਪੈਨਸ਼ਨ ਵਧੇ: ਲਗਾਤਾਰ ਵਧ ਰਹੀ ਮਹਿੰਗਾਈ ਨੂੰ ਦੇਖਦਿਆਂ ਤਨਖਾਹ ਅਤੇ ਪੈਨਸ਼ਨ ਵਿੱਚ ਢੁੱਕਵਾਂ ਵਾਧਾ ਕੀਤਾ ਜਾਵੇ, ਤਾਂ ਜੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਖਰੀਦ ਸ਼ਕਤੀ ਪ੍ਰਭਾਵਿਤ ਨਾ ਹੋਵੇ।
ਪੈਨਸ਼ਨਰਾਂ ਲਈ ਬੇਸਿਕ ਪੇਅ ਕਿਉਂ ਜ਼ਰੂਰੀ?
RSCWS ਦਾ ਮੰਨਣਾ ਹੈ ਕਿ ਤਨਖਾਹ ਅਤੇ ਪੈਨਸ਼ਨ ਦਾ ਢਾਂਚਾ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨਾਲ ਰਿਟਾਇਰਮੈਂਟ ਤੋਂ ਬਾਅਦ ਵੀ ਪੈਨਸ਼ਨਰਾਂ ਨੂੰ ਮਹਿੰਗਾਈ ਤੋਂ ਰਾਹਤ ਮਿਲ ਸਕੇ। ਜੇਕਰ ਬੇਸਿਕ ਤਨਖਾਹ ਵਿੱਚ ਵਧੀਆ ਵਾਧਾ ਹੁੰਦਾ ਹੈ ਤਾਂ ਇਸ ਦਾ ਪੈਨਸ਼ਨ ਅਤੇ ਰਿਟਾਇਰਮੈਂਟ ਨਾਲ ਜੁੜੇ ਹੋਰ ਲਾਭਾਂ 'ਤੇ ਵੀ ਅਸਰ ਪੈ ਸਕਦਾ ਹੈ।
ਕੀ ਹੁਣ ਹਰ ਸਾਲ ਵਧੇਗੀ ਪੈਨਸ਼ਨ?
ਇਸ ਸਵਾਲ ਦਾ ਜਵਾਬ ਫਿਲਹਾਲ ਨਹੀਂ ਹੈ। ਹਰ ਸਾਲ ਪੈਨਸ਼ਨ ਵਧਾਉਣ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਫੈਸਲਾ ਨਹੀਂ ਹੋਇਆ ਹੈ। 8ਵੇਂ ਪੇਅ ਕਮਿਸ਼ਨ ਦੀ ਪ੍ਰਧਾਨਗੀ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਕਰ ਰਹੇ ਹਨ। ਕਮਿਸ਼ਨ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ 'ਤੇ ਵਿਚਾਰ ਕਰ ਰਿਹਾ ਹੈ।
ਅੰਤਿਮ ਫੈਸਲਾ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹੀ ਹੋਵੇਗਾ। ਇਸ ਲਈ ਫਿਲਹਾਲ ਹਰ ਸਾਲ ਪੈਨਸ਼ਨ ਵਧਣ ਦੀ ਉਮੀਦ ਨੂੰ ਸਰਕਾਰੀ ਐਲਾਨ ਨਹੀਂ ਸਮਝਣਾ ਚਾਹੀਦਾ।
ਟ੍ਰੈਂਡਿੰਗ ਟੌਪਿਕ




















