ਨਵੀਂ ਦਿੱਲੀ: ਆਮ ਲੋਕਾਂ ਲਈ ਪ੍ਰੇਸ਼ਾਨੀ ਵਾਲੀ ਖ਼ਬਰ ਹੈ। ਘਰ ਵਿੱਚ ਆਮ ਵਰਤੀਆਂ ਜਾਣ ਵਾਲੀਆਂ ਬਿਜਲੀ ‘ਤੇ ਚੱਲਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਹੋਰ ਵੀ ਵਧਣ ਵਾਲੀਆਂ ਹਨ। ਯਾਨੀ ਕੋਰੋਨਾ ਕਾਲ ਵਿੱਚ ਅੱਤ ਦੀ ਗਰਮੀ ਕਾਰਨ ਪ੍ਰੇਸ਼ਾਨ ਲੋਕਾਂ ਦੀਆਂ ਜੇਬਾਂ ਉੱਪਰ ਹੁਣ ਬੋਝ ਹੋਰ ਵਧਣ ਵਾਲਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੇ ਜ਼ਿਆਦਾਤਰ ਸੂਬਿਆਂ ਨੇ ਤਾਲਾਬੰਦੀ ਹਟਾ ਦਿੱਤੀ ਹੈ ਤਾਂ ਕਾਫੀ ਦਿਨਾਂ ਬਾਅਦ ਬਾਜ਼ਾਰ ਖੁੱਲ੍ਹੇ ਹਨ ਪਰ ਸਨਅਤੀ ਚੀਜ਼ਾਂ ਦੀ ਕੀਮਤ ਬਹੁਤ ਛੇਤੀ ਵਧਣ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਗਰਮੀ ਵਧਣ ਕਾਰਨ ਘਰ ਵਿੱਚ ਵਰਤੇ ਜਾਣ ਵਾਲੇ ਉਤਪਾਦਾਂ ਦੀ ਕੀਮਤ ਵੀ ਵਧਣ ਵਾਲੀ ਹੈ।
ਕਿਉਂ ਵਧ ਰਹੀਆਂ ਕੀਮਤਾਂ
ਲਾਕਡਾਊਨ ਕਾਰਨ ਦੇਸ਼ ਵਿੱਚ ਕਈ ਫੈਕਟਰੀਆਂ ਬੰਦ ਪਈਆਂ ਹਨ। ਇਸ ਕਾਰਨ ਕਈ ਚੀਜ਼ਾਂ ਦਾ ਉਤਪਾਦਨ ਨਹੀਂ ਹੋ ਰਿਹਾ ਸੀ, ਜੇਕਰ ਹੋ ਰਿਹਾ ਸੀ ਤਾਂ ਉਹ ਵੀ ਘੱਟ ਮਾਤਰਾ ਵਿੱਚ। ਇਨ੍ਹਾਂ ਵਿੱਚ ਇੱਕ ਉਤਪਾਦ ਕਾਪਰ ਯਾਨੀ ਤਾਂਬਾ ਹੈ। ਤਾਲਾਬੰਦੀ ਕਾਰਨ ਦੇਸ਼ ਵਿੱਚ ਕਾਪਰ ਦਾ ਉਤਪਾਦਨ ਠੱਪ ਹੋਇਆ ਪਿਆ ਸੀ। ਮੰਗ ਵਿੱਚ ਤੇਜ਼ੀ ਆਉਣ ਕਾਰਨ ਤਾਂਬੇ ਦੀਆਂ ਕੀਮਤਾਂ ਵਿੱਚ ਪਹਿਲਾਂ ਤੋਂ ਹੀ ਵਾਧਾ ਹੋ ਗਿਆ ਹੈ।
ਇਸੇ ਕਾਰਨ ਟੀਵੀ, ਫਰਿੱਜ, ਕੂਲਰ ਜਿਹੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਤੈਅ ਹੈ। ਇਨ੍ਹਾਂ ਸਾਰੇ ਬਿਜਲਈ ਉਤਪਾਦਾਂ ਵਿੱਚ ਤਾਂਬੇ ਦੀ ਕਾਫੀ ਵਰਤੋਂ ਹੁੰਦੀ ਹੈ। ਤਾਂਬਾ ਹੀ ਅਜਿਹੀ ਧਾਤ ਹੈ ਜੋ ਇਨ੍ਹਾਂ ਉਪਕਰਨਾਂ ਨੂੰ ਕੰਮ ਕਰਨ ਦੇ ਕਾਬਲ ਬਣਾਉਂਦਾ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਉਤਪਾਦਾਂ ਦੀ ਮੰਗ ਲਗਾਤਾਰ ਵਧੇਗੀ ਤਾਂਬੇ ਦਾ ਉਤਪਾਦਨ ਸੀਮਿਤ ਹੋਵੇਗਾ। ਜਦ ਉਤਪਾਦਨ ਘੱਟ ਹੋਵੇਗਾ ਤੇ ਮੰਗ ਵਿੱਚ ਤੇਜ਼ੀ ਆਵੇਗਾ ਤਾਂ ਇਸ ਦਾ ਸਿੱਧਾ ਅਸਰ ਕੀਮਤ ‘ਤੇ ਪਵੇਗਾ।
ਇਲੈਕਟ੍ਰਾਨਿਕ ਉਦਯੋਗ ਕਰਦਾ ਤਾਂਬੇ ਦੀ 65% ਵਰਤੋਂ
ਜੋ ਲੋਕ ਇਹ ਸੋਚਦੇ ਹਨ ਕਿ ਟੈਲੀਵਿਜ਼ਨ, ਫਰਿੱਜ ਆਦਿ ਬਣਾਉਣ ਵਿੱਚ ਤਾਂਬੇ ਦੀ ਕਿੰਨੀ ਕੁ ਵਰਤੋਂ ਹੁੰਦੀ ਹੈ, ਉਨ੍ਹਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਦੇਸ਼ ਵਿੱਚ ਅੱਧੇ ਤੋਂ ਵੱਧ ਤਾਂਬੇ ਦੀ ਵਰਤੋਂ ਇਲੈਕਟ੍ਰਾਨਿਕ ਵਸਤਾਂ ਵਿੱਚ ਹੀ ਹੁੰਦਾ ਹੈ।
ਕੁੱਲ ਤਾਂਬੇ ਦਾ 65 ਫ਼ੀਸਦ ਬਿਜਲਈ ਉਪਕਰਨਾਂ ਵਿੱਚ ਕੀਤਾ ਜਾਂਦਾ ਹੈ। ਇਸ ਤੋਂ ਬਾਅਦ 25 ਫ਼ੀਸਦ ਉਸਾਰੀ ਕਾਰਜਾਂ ਵਿੱਚ, 7 ਫ਼ੀਸਦ ਤਾਂਬਾ ਟ੍ਰਾਂਸਪੋਰਟ ਖੇਤਰ ਤੇ 3 ਫ਼ੀਸਦ ਹੋਰ ਖੇਤਰਾਂ ਵਿੱਚ ਲੋੜੀਂਦਾ ਰਹਿੰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਚੀਨ ਵਿੱਚ ਵੀ ਕਾਪਰ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਸਨ। ਅਜਿਹੇ ਵਿੱਚ ਭਾਰਤ ਵਿੱਚ ਵੀ ਤਾਂਬੇ ਦੀ ਕੀਮਤ ਵਧਣ ਦੀ ਪੂਰੀ ਸੰਭਾਵਨਾ ਹੈ।