ਨਵੀਂ ਦਿੱਲੀ: ਦਿੱਲੀ ਕਾਂਗਰਸ ਦੇ ਕਾਰਕੁੰਨ ਪੈਟਰੋਲ ਤੇ ਡੀਜ਼ਲ ਦੀਆਂ ਬੇਕਾਬੂ ਹਈਆਂ ਕੀਮਤਾਂ ਵਾਪਸ ਲੈਣ ਤੇ ਵਧਦੀ ਮਹਿੰਗਾਈ ਖਿਲਾਫ ਅੱਜ ਪੈਟਰੋਲ ਪੰਪਾਂ 'ਤੇ ਸੰਕੇਤਕ ਵਿਰੋਧ ਪ੍ਰਦਰਸ਼ਨ ਕਰਨਗੇ। ਦਿੱਲੀ ਕਾਂਗਰਸ ਦੇ ਮੁਤਾਬਕ ਕੋਰੋਨਾ ਕਾਲ 'ਚ ਆਫਤ ਨੂੰ ਮੌਕਾ ਬਣਾ ਕੇ ਮੋਦੀ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਲਗਾਤਾਰ ਵਧਦੇ ਪੈਟਰੋਲ ਡੀਜ਼ਲ ਦੇ ਭਾਅ 'ਤੇ ਕਾਬੂ ਕਰਨ ਦੀ ਬਜਾਇ ਭਾਰੀ ਭਰਕਮ ਟੈਕਸ ਵਸੂਲ ਕੇ ਲੋਕਾਂ ਦੀਆ ਜੇਬਾਂ 'ਤੇ ਡਾਕਾ ਮਾਰ ਰਹੀ ਹੈ।


ਪਾਰਟੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਸੰਗਠਨ ਮਹਾਂ ਸਕੱਤਰ ਵੇਣੂਗੋਪਾਲ, 'ਮਹਾਂ ਸਕੱਤਰ ਹਰੀਸ਼ ਰਾਵਤ ਸਮੇਤ ਕਈ ਲੀਡਰ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਪੈਟਰੋਲ ਪੰਪਾਂ ਦੇ ਨੇੜੇ ਸੰਕੇਤਕ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ। ਕਾਂਗਰਸ ਦਾ ਕਹਿਣਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ 'ਚ ਕੋਰੋਨਾ ਵਾਇਰਸ ਸਬੰਧੀ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ।'


ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 100 ਰੁਪਏ ਤੋਂ ਪਾਰ ਹੋਇਆ ਪੈਟਰੋਲ


ਵੈਣੂਗੋਪਾਲ ਨੇ ਕਿਹਾ, 'ਬੀਜੇਪੀ ਸਰਕਾਰ ਨੇ ਪਿਛਲੇ ਸੱਤ ਸਾਲ 'ਚ ਪੈਟਰੋਲ ਡੀਜ਼ਲ 'ਤੇ ਟੈਕਸ 'ਚ ਵਾਰ-ਵਾਰ ਭਾਰੀ ਵਾਧਾ ਕਰਕੇ ਕੀਮਤਾਂ ਨੂੰ ਰਿਕਾਰਡ ਪੱਧਰ 'ਤੇ ਪਹੁੰਚਾ ਦਿੱਤਾ ਹੈ। ਸਰਕਾਰ ਦੀਆਂ ਗਲਤ ਨੀਤੀਆਂ ਦੇਸ਼ ਦੇ ਕਈ ਹਿੱਸਿਆਂ 'ਚ ਪੈਟਰੋਲ ਦੀਆਂ ਕੀਮਤਾਂ ਅੱਜ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਚੁੱਕੀਆਂ ਹਨ ਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਦੀ ਕਗਾਰ 'ਤੇ ਹਨ।'


ਦਿੱਲੀ ਸੂਬਾ ਕਾਂਗਰਸ ਨੇ ਦਿੱਲੀ ਸਰਕਾਰ ਨੂੰ ਇਸ ਮਸਲੇ 'ਤੇ ਘੇਰਦਿਆਂ ਕਿਹਾ, 'ਕੇਜਰੀਵਾਲ ਸਰਕਾਰ ਨੇ 6 ਸਾਲਾਂ 'ਚ ਪੈਟਰੋਲ-ਡੀਜ਼ਲ 'ਤੇ 25,000 ਕਰੋੜ ਰੁਪਏ ਟੈਕਸ ਦੇ ਤੌਰ 'ਤੇ ਵਸੂਲੇ ਹਨ ਤੇ ਮੋਦੀ ਸਰਕਾਰ ਨੇ 7 ਸਾਲਾਂ 'ਚ 20.56 ਲੱਖ ਕਰੋੜ ਰੁਪਏ ਟੈਕਸ ਦੇ ਤੌਰ 'ਤੇ ਵਸੂਲੇ ਹਨ।


ਦਿੱਲੀ ਕਾਂਗਰਸ ਨੇ ਸ਼ੀਲਾ ਦੀਕਸ਼ਿਤ ਸਰਕਾਰ ਨੂੰ ਯਾਦ ਕਰਦਿਆਂ ਕਿਹਾ ਕਿ 2013 'ਚ ਦਿੱਲੀ 'ਚ ਪੈਟਰੋਲ ਤੇ 20 ਫੀਸਦ ਤੇ ਡੀਜ਼ਲ ਤੇ 12.5 ਫੀਸਦ ਵੈਟ ਟੈਕਸ ਵਸੂਲਿਆ ਜਾਂਦਾ ਸੀ। ਜਿਸ ਨੂੰ ਕੇਜਰੀਵਾਲ ਸਰਕਾਰ ਨੇ ਬੀਜੇਪੀ ਨਾਲ ਮਿਲ ਕੇ 2015 'ਚ  ਪੈਟਰੋਲ ਤੇ ਵੈਟ 30 ਫੀਸਦ ਤੇ ਡੀਜ਼ਲ ਤੇ 16.75 ਫੀਸਦ ਕਰ ਦਿੱਤਾ।