ਨਵੀਂ ਦਿੱਲੀ: ਜ਼ਿਆਦਾਤਰ ਲੋਕ ਜ਼ਿੰਦਗੀ ਦੀ ਦੌੜ 'ਚ ਅਜਿਹੇ ਮੌਕੇ ਦੀ ਭਾਲ਼ 'ਚ ਹੁੰਦੇ ਹਨ, ਜਿਸ 'ਚ ਉਨ੍ਹਾਂ ਨੂੰ ਨੌਕਰੀ ਮਿਲ ਜਾਵੇ ਤੇ ਸੈੱਟ ਹੋ ਜਾਣ। ਭਾਰਤ ਦੇ ਲੱਖਾਂ ਵਿਦਿਆਰਥੀ ਆਈਏਐਸ ਅਧਿਕਾਰੀ ਜਾਂ ਡਾਕਟਰ ਬਣਨ ਦਾ ਸੁਫ਼ਨਾ ਲੈਂਦੇ ਹਨ। ਬਹੁਤ ਘੱਟ ਲੋਕ ਇਸ ਸੁਫ਼ਨੇ ਨੂੰ ਸਾਕਾਰ ਕਰ ਸਕਦੇ ਹਨ। ਅਜਿਹਾ ਹੀ ਇੱਕ ਵਿਅਕਤੀ ਰੋਮਨ ਸੈਣੀ ਹੈ ਜੋ ਪਹਿਲਾਂ ਇੱਕ ਡਾਕਟਰ ਸੀ ਤੇ ਫਿਰ ਇੱਕ ਆਈਏਐਸ ਅਧਿਕਾਰੀ ਬਣ ਗਏ ਪਰ ਉਨ੍ਹਾਂ ਅੰਤ ਵਿੱਚ ਇੱਕ ਸਫਲ ਉੱਦਮੀ ਬਣਨ ਦਾ ਰਾਹ ਚੁਣਿਆ।


ਭਾਰਤ ਦੇ ਸਭ ਤੋਂ ਛੋਟੀ ਉਮਰ ਦੇ ਸਰਕਾਰੀ ਕਰਮਚਾਰੀਆਂ ਵਿੱਚੋਂ ਇੱਕ ਬਣਨ ਤੋਂ ਲੈ ਕੇ ਯੂਪੀਐਸਸੀ ਦੇ ਲੱਖਾਂ ਚਾਹਵਾਨਾਂ ਦੀ ਮਦਦ ਕਰਨ ਵਾਲੀ ਇੱਕ ਕੰਪਨੀ ਦੇ ਬਾਨੀ ਬਣਨ ਤੱਕ, ਰਮਨ ਸੈਣੀ ਦੀ ਕਹਾਣੀ ਬਹੁਤ ਦਿਲਚਸਪ ਹੈ। ਅੱਜ ਉਨ੍ਹਾਂ ਦੀ ਕੰਪਨੀ ਦੀ ਕੀਮਤ 14,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਹੈ।


ਸੈਣੀ 16 ਸਾਲ ਦੀ ਉਮਰ ਵਿੱਚ ਏਮਸ (AIIMS) ਦੀ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਵਿਅਕਤੀ ਬਣ ਗਏ ਸਨ। ਫਿਰ 18 ਸਾਲ ਦੀ ਉਮਰ ਵਿੱਚ, ਉਨ੍ਹਾਂ ਇੱਕ ਪ੍ਰਮੁੱਖ ਮੈਡੀਕਲ ਪ੍ਰਕਾਸ਼ਨ ਵਿੱਚ ਇੱਕ ਖੋਜ ਪੱਤਰ ਲਿਖਿਆ। ਐਮਬੀਬੀਐਸ ਪੂਰੀ ਕਰਨ ਤੋਂ ਬਾਅਦ, ਨੌਜਵਾਨ ਰੋਮਨ ਸੈਣੀ ਨੇ ਏਮਸ ਦੇ ਰਾਸ਼ਟਰੀ ਡ੍ਰੱਗ ਡਿਪੈਂਡੈਂਟਸ ਇਲਾਜ ਕੇਂਦਰ ਵਿੱਚ ਕੰਮ ਕੀਤਾ। ਬਹੁਤੇ ਲੋਕ ਅਜਿਹੀ ਮਹਾਨ ਨੌਕਰੀ ਨੂੰ ਪਸੰਦ ਕਰਨਗੇ ਪਰ ਰੋਮਨ ਦਾ ਇੱਕ ਡਾਕਟਰ ਵਜੋਂ ਕਾਰਜਕਾਲ ਸਿਰਫ 6 ਮਹੀਨਿਆਂ ਤੱਕ ਚੱਲਿਆ। ਇਸ ਤੋਂ ਬਾਅਦ ਉਨ੍ਹਾਂ ਆਈਏਐਸ ਬਣਨ ਦਾ ਰਾਹ ਅਪਣਾਇਆ।


22 ਸਾਲ ਦੀ ਉਮਰ ਵਿੱਚ ਰੋਮਨ ਸੈਣੀ ਨੇ ਯੂਪੀਐਸਸੀ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕੀਤੀ, ਜੋ ਭਾਰਤ ਦੀ ਸਭ ਤੋਂ ਮੁਸ਼ਕਲ ਪ੍ਰੀਖਿਆਵਾਂ ਵਿੱਚੋਂ ਇੱਕ ਹੈ। ਉਨ੍ਹਾਂ ਆਈਏਐਸ ਬਣਨ ਦੀ ਚੋਣ ਕੀਤੀ ਕਿਉਂਕਿ ਆਪਣੀ ਐਮਬੀਬੀਐਸ ਦੌਰਾਨ ਉਹ ਹਰਿਆਣਾ ਦੇ ਦਿਆਲਪੁਰ ਪਿੰਡ ਵਿੱਚ ਤਾਇਨਾਤ ਸੀ। ਉਨ੍ਹਾਂ ਵੇਖਿਆ ਕਿ ਕਿਵੇਂ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਉਦੋਂ ਹੀ ਉਨ੍ਹਾਂ ਦੇਸ਼ ਦੀ ਸੇਵਾ ਕਰਨ ਦਾ ਫੈਸਲਾ ਕੀਤਾ। ਰੋਮਨ 22 ਸਾਲ ਦੀ ਉਮਰ ਵਿੱਚ ਸਭ ਤੋਂ ਛੋਟੀ ਉਮਰ ਦੇ ਆਈਏਐਸ ਅਧਿਕਾਰੀਆਂ ਵਿੱਚੋਂ ਇੱਕ ਬਣ ਗਏ ਸਨ ਤੇ ਮੱਧ ਪ੍ਰਦੇਸ਼ ਵਿੱਚ ਇੱਕ ਕੁਲੈਕਟਰ ਵਜੋਂ ਤਾਇਨਾਤ ਸਨ।


ਆਈਏਐਸ ਅਧਿਕਾਰੀ ਵਜੋਂ ਵੀ ਉਨ੍ਹਾਂ ਦਾ ਕਾਰਜਕਾਲ ਛੋਟਾ ਸੀ। ਛੇਤੀ ਹੀ ਉਨ੍ਹਾਂ ਨੌਕਰੀ ਛੱਡ ਦਿੱਤੀ ਤੇ ਆਪਣੇ ਦੋਸਤ ਗੌਰਵ ਮੁੰਜਾਲ ਨਾਲ ਅਨਅਕੈਡਮੀ ਸਥਾਪਤ ਕਰਨ ਦੀ ਮੁਹਿੰਮ ਵਿੱਚ ਸ਼ਾਮਲ ਹੋ ਗਏ। ਇਹ ਇੱਕ ਅਜਿਹਾ ਪਲੇਟਫਾਰਮ ਹੈ ਜੋ ਹਜ਼ਾਰਾਂ ਆਈਏਐਸ ਉਮੀਦਵਾਰਾਂ ਨੂੰ ਅੱਜ ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਵਿੱਚ ਸਹਾਇਤਾ ਕਰਦਾ ਹੈ। ਅਨਅਕੈਡਮੀ ਦੇ ਪਿੱਛੇ ਮੁੱਖ ਵਿਚਾਰ ਲੱਖਾਂ ਰੁਪਏ ਖਰਚ ਕੀਤੇ ਬਿਨਾਂ ਵਿਦਿਆਰਥੀਆਂ ਨੂੰ ਕੋਚਿੰਗ ਕਲਾਸਾਂ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਸੀ।


ਅਨਅਕੈਡਮੀ ਦੀ ਸ਼ੁਰੂਆਤ 2010 ਵਿੱਚ ਗੌਰਵ ਮੁੰਜਾਲ ਦੁਆਰਾ ਬਣਾਏ ਗਏ ਇੱਕ ਯੂਟਿਊਬ ਚੈਨਲ ਦੇ ਰੂਪ ਵਿੱਚ ਕੀਤੀ ਗਈ ਸੀ। ਇਸ ਕੰਪਨੀ ਦੀ ਸਥਾਪਨਾ 2015 ਵਿੱਚ ਮੁੰਜਾਲ, ਸੈਣੀ ਤੇ ਉਨ੍ਹਾਂ ਦੇ ਤੀਜੇ ਸਹਿ-ਬਾਨੀ ਹੇਮੇਸ਼ ਸਿੰਘ ਦੁਆਰਾ ਕੀਤੀ ਗਈ ਸੀ। ਛੇ ਸਾਲਾਂ ਬਾਅਦ, ਅਨਅਕੈਡਮੀ 18,000 ਅਧਿਆਪਕਾਂ ਦੇ ਨੈੱਟਵਰਕ ਨਾਲ ਭਾਰਤ ਦੇ ਸਭ ਤੋਂ ਵੱਡੇ ਸਿੱਖਿਆ ਤਕਨਾਲੋਜੀ ਪਲੇਟਫਾਰਮਾਂ ਵਿੱਚੋਂ ਇੱਕ ਬਣ ਗਈ ਹੈ। ਕੰਪਨੀ ਦੀ ਕੀਮਤ 2 ਅਰਬ ਡਾਲਰ (ਲਗਪਗ 14,830 ਕਰੋੜ ਰੁਪਏ) ਹੈ। ਇਸ ਦੇ 5 ਕਰੋੜ ਤੋਂ ਵੱਧ ਸਰਗਰਮ ਗਾਹਕ ਹਨ।


ਰੋਮਨ ਸੈਣੀ ਦਾ ਮੰਨਣਾ ਹੈ ਕਿ ਸਿੱਖਣਾ ਸਫਲਤਾ ਵੱਲ ਪਹਿਲਾ ਕਦਮ ਹੈ। ਚੁਣੌਤੀ ਲੈਣ ਤੋਂ ਪਹਿਲਾਂ, ਤੁਹਾਨੂੰ ਪਹਿਲਾਂ ਇਸ ਦੀ ਤਿਆਰੀ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਜਨਮ ਤੋਂ ਹੀ ਪ੍ਰਤਿਭਾਸ਼ਾਲੀ ਨਹੀਂ ਹੁੰਦੇ। ਪਰ ਹਰ ਕਿਸੇ ਕੋਲ ਗਿਆਨ, ਪ੍ਰਤਿਭਾ ਤੇ ਚਰਿੱਤਰ ਹੈ; ਉਸ ਨਾਲ ਹੀ ਉਹ ਆਪਣੇ ਲਈ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ।



ਇਹ ਵੀ ਪੜ੍ਹੋ: Delhi ਦੇ Jahangirpuri ਇਲਾਕੇ ਵਿੱਚ ਦੇਰ ਰਾਤ ਬਜ਼ੁਰਗਾਂ ਨਾਲ ਲੁੱਟ ਦੀ ਵਾਰਦਾਤ ਸੀਸੀਟੀਵੀ 'ਚ ਕੈਦ, ਵੀਡੀਓ ਵਾਇਰਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904