ਨਵੀਂ ਦਿੱਲੀ : ਗ਼ੈਰ-ਕਾਨੂੰਨੀ ਅਤੇ ਬੇਹਿਸਾਬ ਨਕਦ ਲੈਣ-ਦੇਣ 'ਤੇ ਨਕੇਲ ਕੱਸਣ ਲਈ ਕੇਂਦਰ ਸਰਕਾਰ ਨੇ ਇਸ ਸਾਲ ਦੇ ਸ਼ੁਰੂ 'ਚ ਨਕਦੀ ਕਢਵਾਉਣ ਅਤੇ ਜਮ੍ਹਾ ਕਰਨ ਦੀਆਂ ਸੀਮਾਵਾਂ 'ਚ ਸੋਧ ਕੀਤੀ ਸੀ। ਸੋਧ 'ਚ ਸਰਕਾਰ ਨੇ ਕਿਹਾ ਸੀ ਕਿ ਨਿਰਧਾਰਤ ਸੀਮਾ ਤੋਂ ਵੱਧ ਨਕਦੀ ਅਦਾ ਕਰਨ ਜਾਂ ਪ੍ਰਾਪਤ ਕਰਨ 'ਤੇ ਅਦਾ ਕੀਤੀ ਜਾਂ ਪ੍ਰਾਪਤ ਕੀਤੀ ਗਈ ਰਕਮ ਦਾ 100 ਫ਼ੀਸਦੀ ਤੱਕ ਜੁਰਮਾਨਾ ਲੱਗ ਸਕਦਾ ਹੈ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (CBDT) ਦੇ ਨਵੇਂ ਨਿਯਮਾਂ ਦੇ ਤਹਿਤ ਜਿਹੜੇ ਵਿਅਕਤੀ ਸਾਲਾਨਾ 20 ਲੱਖ ਰੁਪਏ ਤੋਂ ਵੱਧ ਜਮ੍ਹਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹੁਣ ਲਾਜ਼ਮੀ ਤੌਰ 'ਤੇ ਆਪਣਾ ਪੈਨ ਅਤੇ ਆਧਾਰ ਕਾਰਡ ਨਾਲ ਦੇਣਾ ਹੋਵੇਗਾ।


ਪਹਿਲਾਂ ਨਕਦੀ ਦੀ ਕੋਈ ਸਾਲਾਨਾ ਸੀਮਾ ਨਹੀਂ ਸੀ


ਇਸ ਤੋਂ ਪਹਿਲਾਂ ਇੱਕ ਦਿਨ 'ਚ 50,000 ਤੋਂ ਵੱਧ ਜਮ੍ਹਾ ਜਾਂ ਨਿਕਾਸੀ ਲਈ ਪੈਨ ਕਾਰਡ ਦੀ ਕਾਪੀ ਨੂੰ ਜਮ੍ਹਾ ਜਾਂ ਨਿਕਾਸੀ ਫਾਰਮ ਦੇ ਨਾਲ ਲਗਾਉਣਾ ਹੁੰਦਾ ਸੀ। ਪਰ ਸਰਕਾਰ ਨੇ ਸਾਲਾਨਾ ਲੈਣ-ਦੇਣ ਲਈ ਕੋਈ ਲਿਮਿਟ ਤੈਅ ਨਹੀਂ ਕੀਤੀ ਸੀ। ਪਰ ਨਵੇਂ ਨਿਯਮਾਂ ਤਹਿਤ ਇੱਕ ਜਾਂ ਇੱਕ ਤੋਂ ਵੱਧ ਬੈਂਕਾਂ 'ਚ ਇੱਕ ਸਾਲ 'ਚ ਵੱਡੀ ਮਾਤਰਾ 'ਚ ਨਕਦੀ ਕਢਵਾਉਣ ਅਤੇ ਜਮ੍ਹਾ ਕਰਨ ਲਈ ਪੈਨ ਅਤੇ ਆਧਾਰ ਕਾਰਡ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਨਕਦ ਲੈਣ-ਦੇਣ ਨੂੰ ਟਰੈਕ ਕਰਨ ਲਈ ਇਹ ਬਦਲਾਅ ਕੀਤਾ ਹੈ।


ਪੈਨ ਕਾਰਡ ਹੋਵੇਗਾ ਲਾਜ਼ਮੀ 


ਜਿਨ੍ਹਾਂ ਲੋਕਾਂ ਕੋਲ ਪੈਨ ਕਾਰਡ ਨਹੀਂ ਹਨ, ਉਨ੍ਹਾਂ ਨੂੰ ਇੱਕ ਦਿਨ 'ਚ 50,000 ਰੁਪਏ ਤੋਂ ਵੱਧ ਅਤੇ ਇੱਕ ਵਿੱਤੀ ਸਾਲ 'ਚ 20 ਲੱਖ ਰੁਪਏ ਤੋਂ ਵੱਧ ਦੇ ਕਿਸੇ ਵੀ ਲੈਣ-ਦੇਣ ਲਈ ਘੱਟੋ-ਘੱਟ 7 ਦਿਨ ਪਹਿਲਾਂ ਪੈਨ ਕਾਰਡ ਲਈ ਅਰਜ਼ੀ ਦੇਣੀ ਪਵੇਗੀ। ਇਨਕਮ ਟੈਕਸ ਵਿਭਾਗ, ਕੇਂਦਰ ਸਰਕਾਰ ਦੇ ਹੋਰ ਵਿਭਾਗਾਂ ਦੇ ਨਾਲ ਵਿੱਤੀ ਧੋਖਾਧੜੀ, ਗ਼ੈਰ-ਕਾਨੂੰਨੀ ਪੈਸੇ ਦੇ ਲੈਣ-ਦੇਣ ਅਤੇ ਪੈਸੇ ਨਾਲ ਸਬੰਧਤ ਹੋਰ ਅਪਰਾਧਾਂ ਦੇ ਜ਼ੋਖ਼ਮ ਨੂੰ ਘਟਾਉਣ ਲਈ ਨਿਯਮਾਂ 'ਚ ਸੋਧ ਕਰ ਰਿਹਾ ਹੈ।


2 ਲੱਖ ਤੋਂ ਵੱਧ ਪੈਸੇ ਨਹੀਂ ਮਿਲ ਸਕਦੇ


ਨਵੀਂ ਸੋਧ 'ਚ ਸਰਕਾਰ ਨੇ ਵੱਧ ਪੈਸਿਆਂ ਦੇ ਲੈਣ-ਦੇਣ 'ਚ ਨਕਦੀ ਦੀ ਵਰਤੋਂ ਨੂੰ ਰੋਕਣ ਲਈ 2 ਲੱਖ ਰੁਪਏ ਤੋਂ ਵੱਧ ਦੇ ਨਕਦ ਲੈਣ-ਦੇਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਲਈ ਕੋਈ ਵੀ ਵਿਅਕਤੀ 2 ਲੱਖ ਰੁਪਏ ਤੋਂ ਵੱਧ ਦੀ ਨਕਦੀ ਸਵੀਕਾਰ ਨਹੀਂ ਕਰ ਸਕਦਾ। ਨਿਯਮ ਦੇ ਤਹਿਤ ਤੁਸੀਂ ਪਰਿਵਾਰ ਦੇ ਕਿਸੇ ਵੀ ਨਜ਼ਦੀਕੀ ਮੈਂਬਰ ਨਾਲ 2 ਲੱਖ ਰੁਪਏ ਤੋਂ ਵੱਧ ਦਾ ਲੈਣ-ਦੇਣ ਨਹੀਂ ਕਰ ਸਕਦੇ। ਸਰਕਾਰ ਨੇ ਕਾਲੇ ਧਨ ਨਾਲ ਨਜਿੱਠਣ ਲਈ ਨਕਦ ਲੈਣ-ਦੇਣ 'ਤੇ ਕਈ ਸ਼ਰਤਾਂ ਲਗਾਈਆਂ ਹਨ। ਆਓ ਨਕਦ ਲੈਣ-ਦੇਣ ਦੇ ਕੁਝ ਨਿਯਮਾਂ ਬਾਰੇ ਗੱਲ ਕਰੀਏ -


ਕੀ ਕਹਿੰਦੇ ਹਨ ਨਿਯਮ?


ਭਾਰਤ ਦੇ ਇਨਕਮ ਟੈਕਸ ਕਾਨੂੰਨ ਕਿਸੇ ਵੀ ਕਾਰਨ ਕਰਕੇ 2 ਲੱਖ ਤੋਂ ਵੱਧ ਦੇ ਨਕਦ ਲੈਣ-ਦੇਣ 'ਤੇ ਰੋਕ ਲਗਾਉਂਦੇ ਹਨ।
ਤੁਹਾਨੂੰ 2 ਲੱਖ ਤੋਂ ਵੱਧ ਲੈਣ-ਦੇਣ ਲਈ ਚੈੱਕ, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਬੈਂਕ ਟਰਾਂਸਫ਼ਰ ਆਦਿ ਦੀ ਵਰਤੋਂ ਕਰਨੀ ਪਵੇਗੀ।
ਤੁਸੀਂ ਇੱਕ ਵਾਰ 'ਚ ਪਰਿਵਾਰ ਦੇ ਕਿਸੇ ਵੀ ਮੈਂਬਰ ਤੋਂ 2 ਲੱਖ ਰੁਪਏ ਤੋਂ ਵੱਧ ਨਕਦ ਨਹੀਂ ਲੈ ਸਕਦੇ।
ਜੇਕਰ ਕੋਈ ਵਿਅਕਤੀ 2 ਲੱਖ ਰੁਪਏ ਤੋਂ ਵੱਧ ਦਾ ਨਕਦ ਲੈਣ-ਦੇਣ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 2 ਲੱਖ ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।