Nupur Sharma Goes to Supreme Court : ਪੈਗੰਬਰ ਮੁਹੰਮਦ 'ਤੇ ਵਿਵਾਦਿਤ ਟਿੱਪਣੀ ਦੀ ਦੋਸ਼ੀ ਭਾਜਪਾ ਦੀ ਮੁਅੱਤਲ ਨੇਤਾ ਨੂਪੁਰ ਸ਼ਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਜਸਟਿਸ ਸੂਰਿਆ ਕਾਂਤ ਅਤੇ ਜਮਸ਼ੇਦ ਪਾਰਦੀਵਾਲਾ ਦੀ ਬੈਂਚ ਪਟੀਸ਼ਨ 'ਤੇ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ 1 ਜੁਲਾਈ ਨੂੰ ਇਸ ਬੈਂਚ 'ਚ ਨੁਪੁਰ ਦੀ ਪਿਛਲੀ ਪਟੀਸ਼ਨ 'ਤੇ ਸੁਣਵਾਈ ਹੋਈ ਸੀ। ਫਿਰ ਬੈਂਚ ਨੇ ਸਖ਼ਤ ਟਿੱਪਣੀਆਂ ਕਰਦਿਆਂ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਨਵੀਂ ਪਟੀਸ਼ਨ 'ਚ ਨੂਪੁਰ ਨੇ ਆਪਣੀ ਗ੍ਰਿਫਤਾਰੀ 'ਤੇ ਰੋਕ ਲਗਾਉਣ ਅਤੇ ਉਸ ਵਿਰੁੱਧ ਦਰਜ ਸਾਰੀਆਂ ਐੱਫਆਈਆਰਜ਼ ਨੂੰ ਦਿੱਲੀ ਤਬਦੀਲ ਕਰਨ ਦੀ ਮੰਗ ਕੀਤੀ ਹੈ।


ਦੁਪਹਿਰ ਤੋਂ ਬਾਅਦ ਸੁਣਵਾਈ ਦੀ ਸੰਭਾਵਨਾ  

ਨੂਪੁਰ ਸ਼ਰਮਾ ਮਾਮਲੇ ਦੀ ਸੁਣਵਾਈ ਲਈ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਪਾਰਦੀਵਾਲਾ ਦੀ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਗਿਆ ਹੈ। ਸੁਣਵਾਈ ਲਈ ਪਹਿਲਾਂ ਹੀ ਜਾਰੀ ਕੀਤੀ ਗਈ ਸੂਚੀ ਮੁਤਾਬਕ ਦੋਵੇਂ ਜੱਜ ਮੰਗਲਵਾਰ ਨੂੰ ਵੱਖ-ਵੱਖ ਬੈਂਚਾਂ ਦਾ ਹਿੱਸਾ ਹਨ। ਅਜਿਹੇ 'ਚ ਇਸ ਮਾਮਲੇ ਦੀ ਸੁਣਵਾਈ ਲਈ ਉਨ੍ਹਾਂ ਨੂੰ ਖਾਸ ਤੌਰ 'ਤੇ ਪਹਿਲਾਂ ਤੋਂ ਤੈਅ ਕੰਮ ਪੂਰਾ ਕਰਕੇ ਇਕੱਠੇ ਬੈਠਣਾ ਹੋਵੇਗਾ। ਇਸ ਲਈ ਇਸ ਪਟੀਸ਼ਨ ਦੀ ਸੁਣਵਾਈ ਦੁਪਹਿਰ ਤੋਂ ਬਾਅਦ ਹੀ ਹੋਣ ਦੀ ਉਮੀਦ ਹੈ।

'ਅਦਾਲਤ ਦੀਆਂ ਟਿੱਪਣੀਆਂ ਨਾਲ ਵਧਿਆ ਖ਼ਤਰਾ'


ਨੂਪੁਰ ਨੇ ਨਵੀਂ ਪਟੀਸ਼ਨ 'ਚ ਕਿਹਾ ਹੈ ਕਿ 1 ਜੁਲਾਈ ਨੂੰ ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦੇ ਹੋਏ ਅਚਾਨਕ ਸਖ਼ਤ ਟਿੱਪਣੀਆਂ ਕੀਤੀਆਂ ਸਨ। ਇਸ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੋਰ ਵੀ ਵੱਧ ਗਿਆ ਹੈ। ਨੂਪੁਰ ਨੇ 8 ਰਾਜਾਂ 'ਚ ਆਪਣੇ ਖਿਲਾਫ ਦਰਜ 9 ਐਫਆਈਆਰਜ਼ 'ਚ ਗ੍ਰਿਫਤਾਰੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸਾਰੇ ਕੇਸਾਂ ਨੂੰ ਇਕੱਠਾ ਕਰਕੇ ਦਿੱਲੀ ਤਬਦੀਲ ਕਰਨ ਦੀ ਮੰਗ ਵੀ ਕੀਤੀ ਗਈ ਹੈ। ਪਟੀਸ਼ਨ 'ਚ ਕੇਂਦਰ ਤੋਂ ਇਲਾਵਾ 8 ਸੂਬਿਆਂ ਦਿੱਲੀ, ਮਹਾਰਾਸ਼ਟਰ, ਤੇਲੰਗਾਨਾ, ਪੱਛਮੀ ਬੰਗਾਲ, ਕਰਨਾਟਕ, ਜੰਮੂ-ਕਸ਼ਮੀਰ ਅਤੇ ਅਸਾਮ ਨੂੰ ਧਿਰ ਬਣਾਇਆ ਗਿਆ ਹੈ।

ਅਦਾਲਤ ਨੇ ਵਿਗੜਦੀ ਸਥਿਤੀ ਲਈ ਦੱਸਿਆ ਸੀ ਜ਼ਿੰਮੇਵਾਰ  


1 ਜੁਲਾਈ ਨੂੰ ਨੂਪੁਰ ਦੀ ਪਟੀਸ਼ਨ ਜੋ ਸੁਣਵਾਈ ਲਈ ਲੱਗੀ ਸੀ, ਉਸ 'ਚ ਵੀ ਉਨ੍ਹਾਂ ਨੂੰ ਨੇ ਪੈਗੰਬਰ ਮੁਹੰਮਦ 'ਤੇ ਵਿਵਾਦਿਤ ਟਿੱਪਣੀਆਂ ਦੇ ਮਾਮਲੇ ਵਿੱਚ ਵੱਖ-ਵੱਖ ਰਾਜਾਂ ਵਿੱਚ ਉਸਦੇ ਖਿਲਾਫ ਦਰਜ ਕੇਸਾਂ ਨੂੰ ਦਿੱਲੀ ਟ੍ਰਾਂਸਫਰ ਕਰਨ ਦੀ ਮੰਗ ਵੀ ਕੀਤੀ ਪਰ ਅਦਾਲਤ ਨੇ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਨੂਪੁਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਦੇਸ਼ ਦੇ ਵਿਗੜਦੀ ਹਾਲਤ ਲਈ ਉਹ ਇਕੱਲੀ ਜ਼ਿੰਮੇਵਾਰ ਹੈ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਉਦੈਪੁਰ ਵਿੱਚ ਵਾਪਰੀ ਮੰਦਭਾਗੀ ਘਟਨਾ ਨੂਪੁਰ ਦੇ ਬਿਆਨ ਦਾ ਨਤੀਜਾ ਹੈ।