Atal Pension Yojana: ਜੇ ਤੁਹਾਡਾ ਅਟਲ ਪੈਨਸ਼ਨ ਯੋਜਨਾ 'ਚ ਖਾਤਾ ਹੈ ਜਾਂ ਤੁਸੀਂ ਸਰਕਾਰ ਦੀ ਇਸ ਯੋਜਨਾ 'ਚ ਖਾਤਾ ਖੋਲ੍ਹਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ ਵਿੱਚ ਚੱਲ ਰਹੀ ਇਸ ਯੋਜਨਾ ਤਹਿਤ 60 ਸਾਲ ਬਾਅਦ ਪੈਨਸ਼ਨ ਦੀ ਗਰੰਟੀ ਹੈ। ਇਹ ਸਰਕਾਰ ਵੱਲੋਂ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਸਮਾਜਿਕ ਸੁਰੱਖਿਆ ਦੇਣ ਲਈ ਚਲਾਇਆ ਜਾ ਰਿਹਾ ਹੈ।


ਜੂਨ 2015 ਵਿੱਚ ਹੋਈ ਸੀ ਸ਼ੂਰੂਆਤ


ਹਾਲ ਹੀ 'ਚ ਸਰਕਾਰ ਨੇ ਇਸ ਯੋਜਨਾ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਆਮਦਨ ਰਿਟਰਨ ਭਰਨ ਵਾਲੇ ਲੋਕ 30 ਸਤੰਬਰ ਤੱਕ ਹੀ ਇਸ ਸਕੀਮ ਦੀ ਗਾਹਕੀ ਲੈ ਸਕਣਗੇ। ਇਸ ਤੋਂ ਬਾਅਦ ITR ਫਾਈਲ ਕਰਨ ਵਾਲਿਆਂ ਨੂੰ ਸਕੀਮ ਦਾ ਲਾਭ ਨਹੀਂ ਮਿਲੇਗਾ। ਕੇਂਦਰ ਦੀ ਮੋਦੀ ਸਰਕਾਰ ਨੇ 1 ਜੂਨ 2015 ਨੂੰ ਅਟਲ ਪੈਨਸ਼ਨ ਯੋਜਨਾ ਸ਼ੁਰੂ ਕੀਤੀ ਸੀ।


30 ਸਤੰਬਰ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਕਰ ਦਿੱਤੀਆਂ ਜਾਣਗੀਆਂ ਰੱਦ 


ਇਸ ਸਕੀਮ ਤਹਿਤ ਯੋਗ ਬਜ਼ੁਰਗਾਂ ਨੂੰ ਹਰ ਮਹੀਨੇ 1,000 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦੀ ਪੈਨਸ਼ਨ ਦਿੱਤੀ ਜਾਂਦੀ ਹੈ। ਮਾਰਚ 2022 ਵਿੱਚ, ਇਸ ਯੋਜਨਾ ਵਿੱਚ ਰਜਿਸਟਰ ਕਰਨ ਵਾਲਿਆਂ ਦੀ ਗਿਣਤੀ 4 ਕਰੋੜ ਨੂੰ ਪਾਰ ਕਰ ਗਈ ਹੈ। ਵਿੱਤ ਮੰਤਰਾਲੇ ਨੇ ਪਿਛਲੇ ਦਿਨੀਂ ਆਪਣੇ ਆਦੇਸ਼ ਵਿੱਚ ਕਿਹਾ ਸੀ ਕਿ ਆਮਦਨ ਕਰ ਦਾਤਾ 1 ਅਕਤੂਬਰ ਤੋਂ ਇਸ ਯੋਜਨਾ ਵਿੱਚ ਨਿਵੇਸ਼ ਨਹੀਂ ਕਰ ਸਕਦੇ ਹਨ। 30 ਤਰੀਕ ਤੋਂ ਬਾਅਦ ਪ੍ਰਾਪਤ ਹੋਈਆਂ ਅਜਿਹੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ।


ਹਰ ਮਹੀਨੇ 42 ਰੁਪਏ ਦਾ ਨਿਵੇਸ਼


ਜੇ ਤੁਸੀਂ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋ, ਤਾਂ ਤੁਹਾਨੂੰ ਕਿਸੇ ਵੀ ਹਾਲਤ ਵਿੱਚ 30 ਸਤੰਬਰ ਤੱਕ ਗਾਹਕ ਬਣਨਾ ਅਤੇ ਖਾਤਾ ਖੋਲ੍ਹਣਾ ਹੋਵੇਗਾ। ਨਹੀਂ ਤਾਂ ਉਹ ਅਟਲ ਪੈਨਸ਼ਨ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ। ਇਸ ਸਕੀਮ ਦੇ ਨਿਯਮਾਂ ਅਨੁਸਾਰ 18 ਤੋਂ 40 ਸਾਲ ਦੀ ਉਮਰ ਦੇ ਲੋਕ ਇਸ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸਦੇ ਲਈ ਬਿਨੈਕਾਰ ਨੂੰ ਬੈਂਕ ਜਾਂ ਡਾਕਖਾਨੇ ਵਿੱਚ ਬਚਤ ਖਾਤਾ ਖੋਲ੍ਹਣਾ ਹੋਵੇਗਾ। ਇਸ ਖਾਤੇ ਤੋਂ ਹਰ ਮਹੀਨੇ ਤੁਹਾਡੇ 42 ਤੋਂ 1454 ਰੁਪਏ ਕੱਟੇ ਜਾਣਗੇ। 60 ਸਾਲ ਬਾਅਦ ਹਰ ਮਹੀਨੇ 1,000 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਪੈਨਸ਼ਨ ਮਿਲਦੀ ਹੈ।