ਨਵੀਂ ਦਿੱਲੀ: ਜਨਤਕ ਖੇਤਰ ਦੇ ਬੈਂਕ ਹੁਣ ਕੋਵਿਡ-19 ਦੇ ਇਲਾਜ ਲਈ ਲੋਕਾਂ ਨੂੰ 5-5 ਲੱਖ ਰੁਪਏ ਦੇ ਪਰਸਨਲ ਲੋਨ ਮੁਹੱਈਆ ਕਰਵਾਉਣਗੇ। ਇਹ ਫ਼ੈਸਲਾ ਸਟੇਟ ਬੈਂਕ ਆਫ਼ ਇੰਡੀਆ (SBI) ਤੇ ‘ਇੰਡੀਅਨ ਬੈਂਕਸ’ ਐਸੋਸੀਏਸ਼ਨ’ (IBA) ਵੱਲੋਂ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ ਗਿਆ।

 

ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਜਨਤਕ ਖੇਤਰਦੇ ਬੈਂਕ (PSB) ਆਮ ਲੋਕਾਂ ਨੂੰ ਕੋਵਿਡ-19 ਦੇ ਇਲਾਜ ਲਈ 25 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦੇ ਕਰਜ਼ੇ ਮੁਹੱਈਆ ਕਰਵਾਉਣਗੇ। ਇਹ ਲੋਨ ਤਨਖ਼ਾਹਦਾਰ, ਗ਼ੈਰ-ਤਨਖ਼ਾਹਦਾਰ ਤੇ ਪੈਨਸ਼ਨਰਾਂ ਨੂੰ ਦਿੱਤੇ ਜਾਣਗੇ। ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਸੋਧੇ ECGLS ਮਾਪਦੰਡਾਂ ਅਨੁਸਾਰ ਸਰਕਾਰੀ ਬੈਂਕ ਹੈਲਥਕੇਅਰ ਬਿਜ਼ਨੇਸ ਲੋਨ ਵੀ ਉਪਲਬਧ ਕਰਵਾਉਣਗੇ, ਤਾਂ ਜੋ ਆਕਸੀਜਨ ਪਲਾਂਟ ਸਥਾਪਤ ਕੀਤੇ ਜਾ ਸਕਣ।

 

ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ECLGS 4.0 ਅਧੀਨ 2 ਕਰੋੜ ਰੁਪਏ ਤੱਕ ਦੇ ਕਰਜ਼ੇ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਨੂੰ ਆਕਸੀਜਨ ਪਲਾਂਟ ਤਿਆਰ ਕਰਨ ਲਈ ਦਿੱਤੇ ਜਾਣਗੇ। ਇਸ ਕਰਜ਼ੇ ਲਈ ਵਿਆਜ ਦੀ ਵੱਧ ਤੋਂ ਵੱਧ 7.5 ਫ਼ੀ ਸਦੀ ਹੋਵੇਗੀ। ਅਜਿਹੇ ਕਰਜ਼ਿਆਂ ਲਈ NCGTC ਦੀ 100 ਫ਼ੀ ਸਦੀ ਗਰੰਟੀ ਵੀ ਮਿਲੇਗੀ। ਹੈਲਥਕੇਅਰ ਪ੍ਰੋਡਕਟਸ ਤਿਆਰ ਕਰਨ ਵਾਲੀਆਂ ਫ਼ਰਮਾਂ ਤੇ ਨਿਰਮਾਤਾਵਾਂ ਨੂੰ ਆਪਣੇ ਬੁਨਿਆਦੀ ਢਾਂਚੇ ਦਾ ਪਾਸਾਰ ਕਰਨ ਲਈ 100 ਕਰੋੜ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾ ਸਕਣਗੇ।

 

ਉਪਰੋਕਤ ਸਾਰੀਆਂ ਯੋਜਨਾਵਾਂ ਵਿਆਜ ਦੀਆਂ ਰਿਆਇਤੀ ਦਰਾਂ ਉੱਤੇ ਹੀ ਹੋਣਗੀਆਂ ਤੇ ਇਹ ਕਰਜ਼ੇ ਕੋਵਿਡ ਲੋਨ ਬੁੱਕ ’ਚ ਦਰਜ ਹੋਣਗੇ। ਇਸ ਦੇ ਨਾਲ ਹੀ ਜਨਤਕ ਖੇਤਰ ਦੇ ਬੈਂਕਾਂ ਨੇ ਕਰਜ਼ਿਆਂ ਦੇ ਪੁਨਰਗਠਨ (ਰੀਸਟ੍ਰੱਕਚਰਿੰਗ) ਲਈ ਵੀ ਤੈਅਸ਼ੁਦਾ ਪਹੁੰਚ ਤਿਆਰ ਕੀਤੀ ਹੈ। ਇਸ ਸਬੰਧੀ ‘ਰੈਜ਼ੋਲਿਯੂਸ਼ਨ ਫ਼੍ਰੇਮਵਰਕ 2.0’ ਤਿਆਰ ਕੀਤਾ ਗਿਆ ਹੈ।

 

10 ਲੱਖ ਰੁਪਏ ਤੱਕ ਦੇ, 10 ਲੱਖ ਰੁਪਏ ਤੋਂ ਲੈ ਕੇ 10 ਕਰੋੜ ਰੁਪਏ ਤੱਕ ਦੇ ਅਤੇ 10 ਕਰੋੜ ਰੁਪਏ ਤੋਂ ਵੱਧ ਦੇ ਬਿਜ਼ਨੇਸ ਲੋਨਜ਼ ਲਈ ਵੀ ਸੂਤਰੀਕਰਨ ਕੀਤੇ ਗਏ ਹਨ। ਆਮ ਵਿਅਕਤੀਆਂ ਲਈ ਵੀ ਕਰਜ਼ੇ ਨਿਰਵਿਘਨ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਗਈ ਹੈ।