ਨਵੀਂ ਦਿੱਲੀ: ਵਿੱਤੀ ਸਾਲ 2021-22 ਦੀ ਦੂਜੀ ਤਿਮਾਹੀ 'ਚ ਦੇਸ਼ ਦੀ ਆਰਥਿਕ ਵਿਕਾਸ ਦਰ ਘੱਟ ਕੇ 8.4 ਫੀਸਦੀ 'ਤੇ ਆ ਗਈ ਹੈ। ਤੁਲਨਾਤਮਕ ਆਧਾਰ ਦੇ ਘਟਣ ਕਾਰਨ ਵਿਕਾਸ ਦੀ ਰਫ਼ਤਾਰ ਮੱਠੀ ਹੋਈ ਹੈ। ਮੰਗਲਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਜੀਡੀਪੀ (ਕੁੱਲ ਘਰੇਲੂ ਉਤਪਾਦ) ਵਿਕਾਸ ਦਰ 20.1 ਫੀਸਦੀ ਰਹੀ। ਇਸ ਦੇ ਨਾਲ ਹੀ ਪਿਛਲੇ ਸਾਲ ਅਪ੍ਰੈਲ-ਜੂਨ ਤਿਮਾਹੀ 'ਚ ਆਰਥਿਕ ਵਿਕਾਸ ਦਰ 'ਚ 24.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।


ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨ.ਐੱਸ.ਓ.) ਦੇ ਅੰਕੜਿਆਂ ਮੁਤਾਬਕ ਪਿਛਲੇ ਵਿੱਤੀ ਸਾਲ 2020-21 ਦੀ ਜੁਲਾਈ-ਸਤੰਬਰ ਤਿਮਾਹੀ 'ਚ ਜੀਡੀਪੀ ਵਿਕਾਸ ਦਰ 'ਚ 7.4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।


ਸਥਿਰ ਕੀਮਤਾਂ (2011-12) 'ਤੇ ਜੀਡੀਪੀ 2021-22 ਦੀ ਅਪ੍ਰੈਲ-ਸਤੰਬਰ ਮਿਆਦ ਵਿੱਚ 68.11 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਦੀ ਸਮਾਨ ਮਿਆਦ ਵਿੱਚ 59.92 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ, ਇਹ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ਵਿੱਚ 13.7 ਫੀਸਦੀ ਦੀ ਵਾਧਾ ਦਰ ਦਰਸਾਉਂਦਾ ਹੈ। ਜਦਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਸ 'ਚ 15.9 ਫੀਸਦੀ ਦੀ ਗਿਰਾਵਟ ਆਈ ਸੀ।


ਸਰਕਾਰ ਨੇ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਪਿਛਲੇ ਸਾਲ ਦੇਸ਼ ਵਿਆਪੀ 'ਲਾਕਡਾਊਨ' ਲਗਾਇਆ ਸੀ।2021 ਦੀ ਜੁਲਾਈ-ਸਤੰਬਰ ਤਿਮਾਹੀ 'ਚ ਚੀਨ ਦੀ ਵਿਕਾਸ ਦਰ 4.9 ਫੀਸਦੀ ਰਹੀ।