ਨਵੀਂ ਦਿੱਲੀ: ਸਰਕਾਰੀ ਤੇਲ ਕੰਪਨੀਆਂ ਦੀ ਮੁਨਾਫਾਖੋਰੀ ਇੱਕ ਵਾਰ ਫਿਰ ਸਾਡੀਆਂ ਜੇਬਾਂ 'ਤੇ ਭਾਰੀ ਪੈ ਰਹੀ ਹੈ। ਦਸੰਬਰ 'ਚ ਕੱਚੇ ਤੇਲ (ਕਰੂਡ) ਦੀਆਂ ਕੀਮਤਾਂ 'ਚ ਕਮੀ ਆਈ ਹੈ। ਇਸ ਹਿਸਾਬ ਨਾਲ ਜੇਕਰ ਕੰਪਨੀਆਂ ਕੀਮਤ ਘਟਾਉਂਦੀਆਂ ਤਾਂ ਪੈਟਰੋਲ 8 ਰੁਪਏ ਤੇ ਡੀਜ਼ਲ 7 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਸੀ। ਦੀਵਾਲੀ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਨੇ ਪੈਟਰੋਲ 'ਤੇ ਐਕਸਾਈਜ਼ ਡਿਊਟੀ 5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 'ਤੇ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ। ਜ਼ਿਆਦਾਤਰ ਸੂਬਿਆਂ ਨੇ ਵੈਟ ਵੀ ਘਟਾ ਦਿੱਤਾ ਹੈ। ਇਸ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਮਾਮੂਲੀ ਕਮੀ ਆਈ ਹੈ।

ਇਸ ਤੋਂ ਬਾਅਦ ਅੰਤਰਰਾਸ਼ਟਰੀ ਘਟਨਾਕ੍ਰਮ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਉਣੀਆਂ ਸ਼ੁਰੂ ਹੋ ਗਈਆਂ। ਦਸੰਬਰ 'ਚ ਕਰੂਡ 73.30 ਡਾਲਰ ਪ੍ਰਤੀ ਬੈਰਲ ਰਿਹਾ, ਜੋ ਨਵੰਬਰ 'ਚ 80.64 ਡਾਲਰ ਸੀ। ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਤੈਅ ਹੁੰਦੀਆਂ ਹਨ। ਅਜਿਹੇ 'ਚ ਜਦੋਂ ਕੀਮਤਾਂ ਘਟਾਉਣ ਦਾ ਸਮਾਂ ਆਇਆ ਤਾਂ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਸਰਕਾਰੀ ਕੰਪਨੀਆਂ ਮੁਨਾਫਾਖੋਰੀ 'ਚ ਲੱਗ ਗਈਆਂ।

ਰੇਟਿੰਗ ਏਜੰਸੀ ਇਕਰਾ ਦੇ ਉਪ ਪ੍ਰਧਾਨ ਤੇ ਪੈਟਰੋਲੀਅਮ ਮਾਮਲਿਆਂ ਦੇ ਮਾਹਿਰ ਪ੍ਰਸ਼ਾਂਤ ਵਸ਼ਿਸ਼ਟ ਦਾ ਕਹਿਣਾ ਹੈ- 'ਕੀਮਤ ਸਮੀਖਿਆ ਦਾ ਮਕਸਦ ਇਹ ਸੀ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣੀਆਂ ਚਾਹੀਦੀਆਂ ਹਨ, ਜੇਕਰ ਕਰੂਡ ਸਸਤਾ ਹੁੰਦਾ ਹੈ ਤਾਂ ਕੀਮਤ ਘਟਣੀ ਚਾਹੀਦੀ ਹੈ। ਕਈ ਵਾਰ ਸਿਆਸੀ ਕਾਰਨਾਂ ਕਰਕੇ ਕੀਮਤਾਂ ਘਟਾਈਆਂ ਜਾਂਦੀਆਂ ਹਨ, ਜਿਸ ਨੂੰ ਕੰਪਨੀਆਂ ਬਾਅਦ ਵਿੱਚ ਪੂਰਾ ਕਰਦੀਆਂ ਹਨ।

ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਪੈਟਰੋਲ-ਡੀਜ਼ਲ ਮਹਿੰਗਾ
ਜਦੋਂ ਅਗਸਤ 'ਚ ਕੱਚਾ ਤੇਲ 3.74 ਡਾਲਰ ਪ੍ਰਤੀ ਬੈਰਲ ਸਸਤਾ ਹੋਇਆ ਤਾਂ ਕੰਪਨੀਆਂ ਨੇ ਪੈਟਰੋਲ ਮਹਿਜ਼ 65 ਪੈਸੇ ਸਸਤਾ ਕੀਤਾ ਸੀ। ਇਸ ਦੇ ਨਾਲ ਹੀ ਸਤੰਬਰ 'ਚ ਜਦੋਂ ਕੱਚਾ ਤੇਲ 3.33 ਡਾਲਰ ਪ੍ਰਤੀ ਬੈਰਲ ਮਹਿੰਗਾ ਹੋਇਆ ਤਾਂ ਪੈਟਰੋਲ 3.85 ਰੁਪਏ ਪ੍ਰਤੀ ਲੀਟਰ ਮਹਿੰਗਾ ਕਰ ਦਿੱਤਾ ਸੀ। ਨਵੰਬਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਥੋੜੀ ਕਮੀ ਆਈ ਹੈ ਪਰ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ। ਪੈਟਰੋਲ ਦੀਆਂ ਕੀਮਤਾਂ 'ਚ ਆਖਰੀ ਵਾਰ 5 ਸਤੰਬਰ ਨੂੰ ਸਿਰਫ 15 ਪੈਸੇ ਦੀ ਕਟੌਤੀ ਕੀਤੀ ਗਈ ਸੀ।

ਕਾਰਪੋਰੇਟ ਮੁਨਾਫੇ ਵਿੱਚ 20 ਗੁਣਾ ਵਾਧਾ ਹੋਇਆ
ਜੇਕਰ ਅਸੀਂ ਤੇਲ ਕੰਪਨੀਆਂ IOCL, BPCL ਤੇ HPCL ਦੇ ਸਤੰਬਰ ਤਿਮਾਹੀ ਦੇ ਨਤੀਜਿਆਂ 'ਤੇ ਨਜ਼ਰ ਮਾਰੀਏ ਤਾਂ ਟੈਕਸ ਤੋਂ ਪਹਿਲਾਂ ਉਨ੍ਹਾਂ ਦਾ ਮੁਨਾਫਾ ਪ੍ਰੀ-ਕੋਵਿਡ ਪੱਧਰ ਤੋਂ 20 ਗੁਣਾ ਵੱਧ ਗਿਆ ਹੈ। ਸਤੰਬਰ-2019 'ਚ IOCL ਦਾ ਮੁਨਾਫਾ 395 ਕਰੋੜ ਰੁਪਏ ਸੀ, ਜੋ ਸਤੰਬਰ 2021 'ਚ ਵਧ ਕੇ 8370 ਕਰੋੜ ਰੁਪਏ ਹੋ ਗਿਆ।