ਨਵੀਂ ਦਿੱਲੀ: 1 ਅਕਤੂਬਰ ਤੋਂ ਬੈਂਕ ਦੇ ਕਈ ਨਿਯਮ ਬਦਲ ਜਾਣਗੇ। ਇਸ ਤਬਦੀਲੀ ਦਾ ਗਾਹਕਾਂ ਦੀਆਂ ਜੇਬਾਂ 'ਤੇ ਵੀ ਅਸਰ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਕਿ ਬੈਂਕ ਦੇ ਕਿਹੜੇ ਨਿਯਮ ਬਦਲਣਗੇ। ਜੇਕਰ ਗ੍ਰਾਹਕ ਇਨ੍ਹਾਂ ਨਿਯਮਾਂ ਤੋਂ ਜਾਣੂ ਹਨ ਤਾਂ ਉਨ੍ਹਾਂ ਨੂੰ ਬੈਂਕ ਵਿੱਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅਜਿਹੀ ਸਥਿਤੀ ਵਿੱਚ, ਸਾਡੀ ਕੋਸ਼ਿਸ਼ ਹੈ ਕਿ ਗਾਹਕਾਂ ਨੂੰ ਨਵੇਂ ਨਿਯਮ ਦੇ ਬਾਰੇ ਵਿੱਚ ਸੂਚਿਤ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਬੈਂਕ ਵਿੱਚ ਕਿਸੇ ਕਿਸਮ ਦੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

 

ਬਦਲ ਰਿਹਾ ਪੈਨਸ਼ਨ ਦਾ ਨਿਯਮ
ਡਿਜੀਟਲ ਲਾਈਫ਼ ਸਰਟੀਫਿਕੇਟ ਨਾਲ ਜੁੜੇ ਨਿਯਮ 1 ਅਕਤੂਬਰ ਤੋਂ ਬਦਲ ਜਾਣਗੇ। ਹੁਣ ਦੇਸ਼ ਦੇ ਸਾਰੇ ਬਜ਼ੁਰਗ ਪੈਨਸ਼ਨਰ, ਜਿਨ੍ਹਾਂ ਦੀ ਉਮਰ 80 ਸਾਲ ਜਾਂ ਇਸ ਤੋਂ ਵੱਧ ਹੈ, ਉਹ ਦੇਸ਼ ਦੇ ਸਾਰੇ ਮੁੱਖ ਡਾਕਘਰਾਂ ਵਿੱਚ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹਨ। ਇਨ੍ਹਾਂ ਬਜ਼ੁਰਗਾਂ ਨੂੰ ਮੁੱਖ ਡਾਕਘਰ ਦੇ ਜੀਵਨ ਪ੍ਰਮਾਣ ਕੇਂਦਰ ਵਿਖੇ ਡਿਜੀਟਲ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਪਏਗਾ। ਇਸ ਕੰਮ ਲਈ ਬਜ਼ੁਰਗਾਂ ਨੂੰ 30 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ।

 
ਬਜ਼ੁਰਗਾਂ ਲਈ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਵਾਉਣ ਦਾ ਕੰਮ ਅਕਤੂਬਰ ਤੋਂ ਡਾਕਘਰ ਰਾਹੀਂ ਸ਼ੁਰੂ ਹੋ ਜਾਵੇਗਾ। ਇਸ ਲਈ, ਭਾਰਤੀ ਡਾਕ ਵਿਭਾਗ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਜੇ ਜੀਵਨ ਪ੍ਰਮਾਣ ਕੇਂਦਰ ਦੀ ਆਈਡੀ ਬੰਦ ਹੈ, ਤਾਂ ਇਸ ਨੂੰ ਸਮੇਂ ਸਿਰ ਐਕਟੀਵੇਟ ਕਰ ਲੈਣ, ਤਾਂ ਜੋ ਬਜ਼ੁਰਗ ਪੈਨਸ਼ਨਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

 
ਇਨ੍ਹਾਂ ਬੈਂਕਾਂ ਵਿੱਚ ਪੁਰਾਣੀ ਚੈੱਕ ਬੁੱਕ ਬੰਦ
1 ਅਕਤੂਬਰ ਤੋਂ, ਇਨ੍ਹਾਂ ਤਿੰਨਾਂ ਬੈਂਕਾਂ ਦੀ ਚੈਕਬੁੱਕ ਅਤੇ ਐਮਆਈਸੀਆਰ ਕੋਡ ਆਪਣੇ ਆਪ ਅਯੋਗ ਹੋ ਜਾਣਗੇ। ਇਨ੍ਹਾਂ ਤਿੰਨਾਂ ਬੈਂਕਾਂ ਵਿੱਚ ਯੂਨਾਈਟਿਡ ਬੈਂਕ ਆਫ਼ ਇੰਡੀਆ, ਓਰੀਐਂਟਲ ਬੈਂਕ ਆਫ਼ ਕਾਮਰਸ ਤੇ ਇਲਾਹਾਬਾਦ ਬੈਂਕ ਸ਼ਾਮਲ ਹਨ। ਇਹ ਉਹ ਬੈਂਕ ਹਨ, ਜਿਨ੍ਹਾਂ ਦਾ ਰਲੇਵਾਂ ਹਾਲ ਹੀ ਵਿੱਚ ਦੂਜੇ ਬੈਂਕਾਂ ਵਿੱਚ ਹੋਇਆ ਹੈ।

 
ਰਲੇਵੇਂ ਕਾਰਨ, ਖਾਤਾਧਾਰਕਾਂ ਦੇ ਖਾਤਾ ਨੰਬਰਾਂ, ਆਈਐਫਐਸਸੀ ਅਤੇ ਐਮਆਈਸੀਆਰ ਕੋਡਾਂ ਵਿੱਚ ਬਦਲਾਅ ਹੋਇਆ ਹੈ। ਇਸ ਕਾਰਨ, 1 ਅਕਤੂਬਰ, 2021 ਤੋਂ, ਬੈਂਕਿੰਗ ਪ੍ਰਣਾਲੀ ਪੁਰਾਣੇ ਚੈੱਕ ਨੂੰ ਰੱਦ ਕਰ ਦੇਵੇਗੀ।

 
ਬਦਲ ਜਾਣਗੇ ਆਟੋ ਡੈਬਿਟ ਨਿਯਮ
1 ਅਕਤੂਬਰ ਤੋਂ ਕ੍ਰੈਡਿਟ/ਡੈਬਿਟ ਕਾਰਡਾਂ ਤੋਂ ਆਟੋ ਡੈਬਿਟ ਲਈ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਇਸ ਨਿਯਮ ਤਹਿਤ, ਆਟੋ ਡੈਬਿਟ ਉਦੋਂ ਤੱਕ ਨਹੀਂ ਹੋਵੇਗਾ, ਜਦੋਂ ਤੱਕ ਗ੍ਰਾਹਕ ਇਸ ਦੀ ਮਨਜ਼ੂਰੀ ਨਹੀਂ ਦਿੰਦਾ। 1 ਅਕਤੂਬਰ, 2021 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮ ਅਨੁਸਾਰ, ਬੈਂਕ ਨੂੰ ਕਿਸੇ ਵੀ ਆਟੋ ਡੈਬਿਟ ਭੁਗਤਾਨ ਲਈ ਗਾਹਕਾਂ ਨੂੰ 24 ਘੰਟੇ ਪਹਿਲਾਂ ਨੋਟੀਫਿਕੇਸ਼ਨ ਭੇਜਣਾ ਹੋਵੇਗਾ। ਪੈਸੇ ਗਾਹਕ ਦੇ ਖਾਤੇ ਵਿੱਚੋਂ ਉਦੋਂ ਹੀ ਡੈਬਿਟ ਕੀਤੇ ਜਾਣਗੇ ਜਦੋਂ ਉਹ ਇਸ ਦੀ ਪੁਸ਼ਟੀ ਕਰੇਗਾ। ਇਹ ਸੂਚਨਾ ਗਾਹਕਾਂ ਨੂੰ ਐਸਐਮਐਸ ਜਾਂ ਈਮੇਲ ਰਾਹੀਂ ਵੀ ਭੇਜੀ ਜਾ ਸਕਦੀ ਹੈ।