ਨਵੀਂ ਦਿੱਲੀ : ਪ੍ਰੋਵੀਡੈਂਟ ਫੰਡ (ਪੀਐਫ) ਦੀ ਤਰ੍ਹਾਂ ਹੁਣ ਤੁਸੀਂ ਇੱਕ ਨੌਕਰੀ ਤੋਂ ਦੂਜੀ ਨੌਕਰੀ ਬਦਲਣ 'ਤੇ ਗ੍ਰੈਚੂਟੀ ਨੂੰ ਵੀ ਟਰਾਂਸਫ਼ਰ ਕਰਵਾ ਸਕਦੇ ਹੋ ਜਿਸ ਤਰ੍ਹਾਂ ਈਪੀਐਫ ਅਕਾਊਂਟ ਇਕ ਕੰਪਨੀ ਤੋਂ ਦੂਜੀ ਕੰਪਨੀ 'ਚ ਟਰਾਂਸਫ਼ਰ ਹੋ ਜਾਂਦਾ ਹੈ, ਉਸੇ ਤਰ੍ਹਾਂ ਨੌਕਰੀ ਬਦਲਣ ਤੋਂ ਬਾਅਦ ਤੁਹਾਡੀ ਗ੍ਰੈਚੂਟੀ ਦੀ ਰਕਮ ਵੀ ਟਰਾਂਸਫ਼ਰ ਹੋ ਜਾਵੇਗੀ। ਕੇਂਦਰ ਸਰਕਾਰ ਵੱਲੋਂ ਜਾਰੀ ਇੱਕ ਨੋਟੀਫ਼ਿਕੇਸ਼ਨ 'ਚ ਕਿਹਾ ਗਿਆ ਹੈ ਕਿ ਇਸ ਸਬੰਧ 'ਚ ਨਿਯਮਾਂ ਨੂੰ ਛੇਤੀ ਹੀ ਲਾਗੂ ਕਰ ਦਿੱਤਾ ਜਾਵੇਗਾ।

ਗ੍ਰੈਚੁਟੀ ਢਾਂਚੇ 'ਚ ਬਦਲਾਵ ਨੂੰ ਪ੍ਰਵਾਨਗੀ 'ਤੇ ਵੀ ਮਨਜ਼ੂਰੀ ਕਾਇਮ


ਕੇਂਦਰ ਸਰਕਾਰ, ਕਰਮਚਾਰੀ ਯੂਨੀਅਨ ਤੇ ਇੰਡਸਟਰੀ ਵਿਚਕਾਰ ਮੌਜੂਦਾ ਗ੍ਰੈਚੁਟੀ ਢਾਂਚੇ 'ਚ ਬਦਲਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਗ੍ਰੈਚੁਟੀ ਟਰਾਂਸਫ਼ਰ ਨੂੰ ਹੁਣ ਸੋਸ਼ਲ ਸਕਿਉਰਿਟੀ ਕੋਡ 'ਚ ਸ਼ਾਮਲ ਕੀਤਾ ਜਾਵੇਗਾ। ਸਰਕਾਰ-ਯੂਨੀਅਨ ਅਤੇ ਉਦਯੋਗ ਵਿਚਕਾਰ ਮੌਜੂਦਾ ਗ੍ਰੈਚੁਟੀ ਢਾਂਚੇ ਨੂੰ ਬਦਲਣ ਲਈ ਸਹਿਮਤੀ ਬਣ ਗਈ ਹੈ।

ਗ੍ਰੈਚੁਟੀ ਨੂੰ ਸੀਟੀਸੀ ਦਾ ਜ਼ਰੂਰੀ ਹਿੱਸਾ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਇਸ ਬਾਰੇ ਨੋਟੀਫ਼ਿਕੇਸ਼ਨ ਅਗਲੇ ਮਹੀਨੇ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ ਗ੍ਰੈਚੂਟੀ ਲਈ ਵਰਕਿੰਗ ਡੇਅ ਵਧਾਉਣ ਬਾਰੇ ਇੰਡਸਟਰੀ ਸਹਿਮਤ ਨਹੀਂ ਹੈ। ਮਤਲਬ ਤੁਹਾਨੂੰ ਇਕ ਸਾਲ ਦੀ ਨੌਕਰੀ 'ਤੇ 15 ਦਿਨਾਂ ਦੀ ਤਨਖਾਹ ਦੇ ਬਰਾਬਰ ਗ੍ਰੈਚੁਟੀ ਮਿਲਦੀ ਹੈ, ਇਸ ਨੂੰ 30 ਦਿਨ ਦੀ ਤਨਖਾਹ ਬਰਾਬਰ ਕਰਨ ਲਈ ਕਿਹਾ ਗਿਆ ਸੀ ਪਰ ਇੰਡਸਟਰੀ ਨੂੰ ਇਹ ਮਨਜ਼ੂਰ ਨਹੀਂ ਹੈ।

ਕਿਸੇ ਸੰਸਥਾ 'ਚ ਲਗਾਤਾਰ ਪੰਜ ਸਾਲ ਨੌਕਰੀ 'ਤੇ ਗ੍ਰੈਚੁਟੀ ਮਿਲਦੀ ਹੈ


ਇਸ ਸਮੇਂ ਕਿਸੇ ਕੰਪਨੀ 'ਚ ਲਗਾਤਾਰ 5 ਸਾਲ ਕੰਮ ਕਰਨ ਵਾਲੇ ਕਰਮਚਾਰੀ ਨੂੰ ਗ੍ਰੈਚੁਟੀ ਮਿਲਦੀ ਹੈ। ਤਨਖਾਹ ਦਾ ਇਕ ਛੋਟਾ ਜਿਹਾ ਹਿੱਸਾ ਗ੍ਰੈਚੁਟੀ ਲਈ ਕੱਟਿਆ ਜਾਂਦਾ ਹੈ। ਹਾਲਾਂਕਿ, ਇਸ ਦਾ ਵੱਡਾ ਹਿੱਸਾ ਕੰਪਨੀ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਗ੍ਰੈਚੁਟੀ ਦੀ ਰਕਮ ਦੋ ਚੀਜ਼ਾਂ 'ਤੇ ਨਿਰਭਰ ਕਰਦੀ ਹੈ।

ਪਹਿਲਾ ਇਹ ਕਿ ਕਰਮਚਾਰੀ ਨੇ ਕਿੰਨਾ ਸਮਾਂ ਕੰਮ ਕੀਤਾ ਹੈ। 5 ਸਾਲ ਕੰਮ ਕਰਨ ਤੋਂ ਬਾਅਦ ਗ੍ਰੈਚੁਟੀ ਮਿਲਦੀ ਹੈ। ਦੂਜਾ ਉਸ ਦੀ ਆਖਰੀ ਤਨਖਾਹ 'ਚ ਬੇਸਿਕ ਤਨਖਾਹ ਤੇ ਮਹਿੰਗਾਈ ਭੱਤਾ ਕਿੰਨਾ ਹੈ। ਬੇਸਿਕ ਤਨਖਾਹ ਅਤੇ ਮਹਿੰਗਾਈ ਭੱਤਾ ਮਿਲਾ ਕੇ ਵੀ ਗ੍ਰੈਚੁਟੀ ਦਾ ਭੁਗਤਾਨ ਕੀਤਾ ਜਾਂਦਾ ਹੈ।