ਦੇਸ਼ ਦੀ ਸਭ ਤੋਂ ਵੱਡੀ FMCG ਕੰਪਨੀ HUL (HUL-Hindustan Unilever Limited ) ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਚਯੂਐਲ ਨੇ ਸਾਬਣ (Soap), ਡਿਟਰਜੈਂਟ (Detergent) ਦੀਆਂ ਕੀਮਤਾਂ ਵਿੱਚ 3-5 ਫੀਸਦੀ ਦਾ ਵਾਧਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਵੀ HUL ਨੇ ਡਿਟਰਜੈਂਟ ਤੇ ਸਾਬਣ ਦੀਆਂ ਕੀਮਤਾਂ 'ਚ 17 ਫੀਸਦੀ ਦਾ ਵਾਧਾ ਕੀਤਾ ਸੀ।


ਕੰਪਨੀ ਪਿਛਲੇ 6 ਮਹੀਨਿਆਂ ਤੋਂ ਹਰ ਮਹੀਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾ ਰਹੀ ਹੈ। ਇਸ ਦੌਰਾਨ ਕੀਮਤਾਂ ਵਿੱਚ 30 ਤੋਂ 35 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਕੰਪਨੀ ਨੇ ਹਾਲ ਹੀ 'ਚ ਦੱਸਿਆ ਸੀ ਕਿ ਕੀਮਤਾਂ 'ਚ ਵਾਧਾ ਕੱਚੇ ਮਾਲ ਦੀ ਕੀਮਤ ਵਧਣ ਕਾਰਨ ਕੀਤਾ ਗਿਆ ਹੈ। ਕੰਪਨੀ ਨੇ ਪਿਛਲੇ ਹਫ਼ਤੇ ਚਾਹ ਅਤੇ ਕੌਫੀ ਦੀਆਂ ਕੀਮਤਾਂ 'ਚ 7 ਫੀਸਦੀ ਤੱਕ ਦੇ ਵਾਧੇ ਦਾ ਐਲਾਨ ਵੀ ਕੀਤਾ ਸੀ। ਐੱਚਯੂਐੱਲ ਸਾਬਣ ਸ਼੍ਰੇਣੀ ਦੀ ਪ੍ਰਮੁੱਖ ਕੰਪਨੀ ਹੈ। ਕੰਪਨੀ ਦੇ ਪ੍ਰਸਿੱਧ ਬ੍ਰਾਂਡਾਂ ਵਿੱਚ Dove, Lux, Lifebuoy, Pearce, Hamam, Liril, Breeze ਤੇ Rexona ਸ਼ਾਮਲ ਹਨ।

ਕਿਹੜੀ ਚੀਜ਼ ਕਿੰਨੀ ਮਹਿੰਗੀ ਹੋਈ
14 ਮਾਰਚ ਤੋਂ ਬਰੂ ਕੌਫੀ ਦੀ ਕੀਮਤ ਵਿੱਚ 3 ਤੋਂ 7 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਰੂ ਗੋਲਡ ਕੌਫੀ ਜਾਰ ਦੀਆਂ ਕੀਮਤਾਂ 'ਚ 3 ਤੋਂ 4 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇੰਸਟੈਂਟ ਕੌਫੀ ਪਾਊਚ ਦੀ ਕੀਮਤ 'ਚ ਵੀ 7 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਾਜ ਮਹਿਲ ਚਾਹ ਦੀ ਕੀਮਤ 3.7 ਫੀਸਦੀ ਤੋਂ ਵਧਾ ਕੇ 5.8 ਫੀਸਦੀ ਕਰ ਦਿੱਤੀ ਗਈ ਹੈ।

ਬਰੁਕ ਬਾਂਡ ਚਾਹ ਦੀਆਂ ਸਾਰੀਆਂ ਕਿਸਮਾਂ ਦੀ ਕੀਮਤ 1.5 ਫੀਸਦੀ ਤੋਂ ਵਧ ਕੇ 14 ਫੀਸਦੀ ਹੋ ਗਈ ਹੈ। ਕੀਮਤਾਂ ਦੇ ਐਲਾਨ ਤੋਂ ਬਾਅਦ HUL ਨੇ ਕਿਹਾ ਸੀ ਕਿ ਵਧਦੀ ਲਾਗਤ ਕਾਰਨ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੈਗੀ ਦੇ ਪ੍ਰਸ਼ੰਸਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਨੈਸਲੇ ਇੰਡੀਆ ਨੇ ਮੈਗੀ ਦੀਆਂ ਕੀਮਤਾਂ 'ਚ 16 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਹੁਣ 70 ਗ੍ਰਾਮ ਮੈਗੀ ਲਈ ਲੋਕਾਂ ਨੂੰ 12 ਰੁਪਏ ਦੀ ਬਜਾਏ 14 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਲੋਕਾਂ ਨੂੰ ਦੁੱਧ ਪਾਊਡਰ ਅਤੇ ਕੌਫੀ ਪਾਊਡਰ ਲਈ ਵੀ ਜ਼ਿਆਦਾ ਪੈਸੇ ਦੇਣੇ ਪੈਣਗੇ।

 ਮਹਿੰਗਾਈ ਨੇ ਕੀਤਾ ਬੇਹਾਲ
ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪ੍ਰਚੂਨ ਮਹਿੰਗਾਈ ਫਰਵਰੀ 'ਚ 6.07 ਫੀਸਦੀ ਦੇ ਨਾਲ 8 ਮਹੀਨਿਆਂ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ। ਇਕ ਸਾਲ ਪਹਿਲਾਂ ਇਸੇ ਮਹੀਨੇ ਇਹ 5.03 ਫੀਸਦੀ ਸੀ, ਜਦੋਂ ਕਿ ਜਨਵਰੀ 2022 ਵਿਚ ਇਹ 6.01 ਫੀਸਦੀ ਸੀ। ਖਾਣ-ਪੀਣ ਦੀਆਂ ਵਸਤਾਂ 'ਚ ਵਾਧੇ ਕਾਰਨ ਫਰਵਰੀ 'ਚ ਪ੍ਰਚੂਨ ਮਹਿੰਗਾਈ ਵਧੀ ਹੈ।

ਇਸ ਦੇ ਨਾਲ ਹੀ ਫਰਵਰੀ 2022 'ਚ ਥੋਕ ਮੁੱਲ ਸੂਚਕ ਅੰਕ (WPI) ਵਧ ਕੇ 13.11 ਫੀਸਦੀ ਹੋ ਗਿਆ। ਥੋਕ ਮਹਿੰਗਾਈ ਅਪ੍ਰੈਲ 2021 ਤੋਂ ਲਗਾਤਾਰ 11ਵੇਂ ਮਹੀਨੇ 10 ਫੀਸਦੀ ਤੋਂ ਉੱਪਰ ਰਹੀ ਹੈ। ਜਨਵਰੀ 2022 'ਚ WPI 12.96 ਫੀਸਦੀ ਸੀ, ਜਦੋਂ ਕਿ ਪਿਛਲੇ ਸਾਲ ਫਰਵਰੀ 'ਚ ਇਹ 4.83 ਫੀਸਦੀ ਸੀ। ਅੰਕੜਿਆਂ ਦੇ ਮੁਤਾਬਕ ਫਰਵਰੀ 2022 'ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਜਨਵਰੀ 'ਚ 10.33 ਫੀਸਦੀ ਤੋਂ ਘੱਟ ਕੇ 8.19 ਫੀਸਦੀ 'ਤੇ ਆ ਗਈ।