ਚੰਡੀਗੜ੍ਹ: ਕਰੋਨਾਵਾਇਰਸ ਦਾ ਸਭ ਤੋਂ ਵੱਡਾ ਅਸਰ ਹੁਣ ਸਾਹਮਣੇ ਆਇਆ ਹੈ। ਮੋਦੀ ਸਰਕਾਰ ਵੱਲੋਂ ਲਾਏ ਗਏ ਲੌਕਡਾਊਨ ਕਾਰਨ ਚਾਲੂ ਵਿੱਤੀ ਵਰ੍ਹੇ 2020-21 ਦੀ ਅਪਰੈਲ-ਜੂਨ ਦੀ ਤਿਮਾਹੀ ਦੌਰਾਨ ਅਰਥਚਾਰੇ ’ਚ 23.9 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਖੁਲਾਸਾ ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਰਾਹੀਂ ਹੋਇਆ ਹੈ। ਆਰਥਿਕ ਮਾਹਿਰਾਂ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਦਾ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਹੋਰ ਭਿਆਨਕ ਸਿੱਟੇ ਹੋ ਸਕਦੇ ਹਨ।
ਸਰਕਾਰੀ ਅੰਕੜਿਆਂ ਮੁਤਾਬਕ ਲੌਕਡਾਉਨ ਦੌਰਾਨ ਸਿਰਫ ਖੇਤੀ ਖੇਤਰ ਹੀ ਬਚਿਆ ਰਿਹਾ। ਖੇਤੀ ਸੈਕਟਰ ’ਚ ਇਸ ਦੌਰਾਨ 3.4 ਫੀਸਦ ਵਾਧਾ ਹੋਇਆ ਜਦਕਿ 2019-20 ਦੀ ਪਹਿਲੀ ਤਿਮਾਹੀ ਇਹ ਵਾਧਾ 3 ਫੀਸਦ ਸੀ। ਸਾਰੇ ਸੈਕਟਰ ਬੁਰੀ ਤਰ੍ਹਾਂ ਝੰਬੇ ਗਏ। ਸਰਕਾਰੀ ਅੰਕੜਿਆਂ ਮੁਤਾਬਕ ਨਿਰਮਾਣ, ਉਸਾਰੀ ਤੇ ਸੇਵਾਵਾਂ ਸਮੇਤ ਸਾਰੇ ਖੇਤਰਾਂ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ। ਸਭ ਤੋਂ ਵੱਧ ਪ੍ਰਭਾਵ ਉਸਾਰੀ ਸੈਕਟਰ ’ਤੇ ਪਿਆ ਹੈ ਜੋ 50 ਫੀਸਦ ਤੋਂ ਹੇਠਾਂ ਡਿੱਗਿਆ ਹੈ। ਕੌਮੀ ਅੰਕੜਾ ਦਫ਼ਤਰ (ਐਨਸੀਓ) ਦੇ ਅੰਕੜਿਆਂ ਅਨੁਸਾਰ ਕੁੱਲ ਘਰੇਲੂ ਉਤਪਾਦਨ (ਜੀਡੀਪੀ) ’ਚ ਇਸ ਤੋਂ ਪਿਛਲੇ ਵਰ੍ਹੇ 2019-20 ਦੀ ਇਸੇ ਤਿਮਾਹੀ ’ਚ 5.2 ਫੀਸਦ ਦਾ ਵਾਧਾ ਹੋਇਆ ਸੀ।
ਦਰਅਸਲ ਸਰਕਾਰ ਨੇ ਕਰੋਨਾਵਾਇਰਸ ਦੀ ਰੋਕਥਾਮ ਲਈ 25 ਮਾਰਚ ਨੂੰ ਪੂਰੇ ਦੇਸ਼ ’ਚ ਲੌਕਡਾਊਨ ਲਾਇਆ ਸੀ। ਇਸ ਦਾ ਅਸਰ ਅਰਥਚਾਰੇ ਦੇ ਸਾਰੇ ਖੇਤਰਾਂ ’ਤੇ ਪਿਆ ਹੈ। ਨਿਮਰਾਣ ਖੇਤਰ ਦੇ ਜੀਡੀਪੀ ’ਚ ਕੁੱਲ ਮੁੱਲ ਯੋਗਦਾਨ (ਜੀਵੀਏ) 2020-21 ਦੀ ਪਹਿਲੀ ਤਿਮਾਹੀ ਦੌਰਾਨ 39.3 ਫੀਸਦ ਘਟਿਆ ਜਦਕਿ ਇਸ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਸ ’ਚ 3 ਫੀਸਦ ਵਾਧਾ ਹੋਇਆ ਸੀ। ਉਸਾਰੀ ਖੇਤਰ ’ਚ ਜੀਵੀਏ ਵਿਕਾਸ ’ਚ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ 50.3 ਫੀਸਦ ਦੀ ਗਿਰਾਵਟ ਆਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ 5.2 ਫੀਸਦ ਵਾਧਾ ਦਰਜ ਕੀਤਾ ਗਿਆ ਸੀ।
ਖਣਨ ਖੇਤਰ ਉਤਪਾਦਨ ’ਚ 23.3 ਫੀਸਦ ਕਮੀ ਆਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਇਸ ਨੇ 4.7 ਫੀਸਦ ਵਿਕਾਸ ਕੀਤਾ ਸੀ। ਬਿਜਲੀ, ਗੈਸ, ਜਲ ਸਪਲਾਈ ਤੇ ਹੋਰ ਜ਼ਰੂਰੀ ਸੇਵਾ ਖੇਤਰਾਂ ’ਚ ਵੀ 2020-21 ਦੀ ਪਹਿਲੀ ਤਿਮਾਹੀ ’ਚ 7 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਇਸ ’ਚ 7 ਫੀਸਦ ਵਾਧਾ ਦਰਜ ਕੀਤਾ ਗਿਆ ਸੀ। ਅੰਕੜਿਆਂ ਅਨੁਸਾਰ ਵਪਾਰ, ਹੋਟਲ, ਟਰਾਂਸਪੋਰਟ, ਸੰਚਾਰ ਤੇ ਪ੍ਰਸਾਰਨ ਨਾਲ ਜੁੜੀਆਂ ਸੇਵਾਵਾਂ 47 ਫੀਸਦ ਤੱਕ ਘਟੀਆਂ ਹਨ। ਵਿੱਤੀ, ਰੀਅਲ ਅਸਟੇਟ ਤੇ ਪੇਸ਼ੇਵਰ ਸੇਵਾਵਾਂ ’ਚ 5.3 ਫੀਸਦ, ਲੋਕ ਪ੍ਰਸ਼ਾਸਨ, ਰੱਖਿਆ ਤੇ ਹੋਰਨਾਂ ਸੇਵਾਵਾਂ ’ਚ ਵੀ 10.3 ਦੀ ਗਿਰਾਵਟ ਦਰਜ ਕੀਤੀ ਗਈ ਹੈ।
ਐਨਐਸਓ ਨੇ ਬਿਆਨ ’ਚ ਕਿਹਾ, ‘ਸਥਿਰ ਮੁੱਲ (2011-12) ’ਤੇ ਜੀਡੀਪੀ 2020-21 ਦੀ ਪਹਿਲੀ ਤਿਮਾਹੀ ’ਚ 26.90 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ ਇਸੇ ਸਮੇਂ 35.35 ਲੱਖ ਕਰੋੜ ਰੁਪਏ ਸੀ। ਮਤਲਬ ਇਸ ’ਚ 23.9 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।’
ਕਰੋਨਾ ਦੇ ਕਹਿਰ ਤੋਂ ਸਿਰਫ ਖੇਤੀ ਸੈਕਟਰ ਬਚਿਆ, ਬਾਕੀ ਅਰਥਚਾਰੇ ਨੂੰ 23.9 ਫੀਸਦੀ ਰਗੜਾ
ਏਬੀਪੀ ਸਾਂਝਾ
Updated at:
01 Sep 2020 12:02 PM (IST)
ਕਰੋਨਾਵਾਇਰਸ ਦਾ ਸਭ ਤੋਂ ਵੱਡਾ ਅਸਰ ਹੁਣ ਸਾਹਮਣੇ ਆਇਆ ਹੈ। ਮੋਦੀ ਸਰਕਾਰ ਵੱਲੋਂ ਲਾਏ ਗਏ ਲੌਕਡਾਊਨ ਕਾਰਨ ਚਾਲੂ ਵਿੱਤੀ ਵਰ੍ਹੇ 2020-21 ਦੀ ਅਪਰੈਲ-ਜੂਨ ਦੀ ਤਿਮਾਹੀ ਦੌਰਾਨ ਅਰਥਚਾਰੇ ’ਚ 23.9 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਖੁਲਾਸਾ ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਰਾਹੀਂ ਹੋਇਆ ਹੈ। ਆਰਥਿਕ ਮਾਹਿਰਾਂ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਦਾ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਹੋਰ ਭਿਆਨਕ ਸਿੱਟੇ ਹੋ ਸਕਦੇ ਹਨ।
- - - - - - - - - Advertisement - - - - - - - - -