ਪੇਇੰਚਿੰਗ: ਚੀਨੀ ਅਰਬਪਤੀ ਤੇ ‘ਅਲੀਬਾਬਾ’ ਨਾਂ ਦੀ ਜਗਤ ਪ੍ਰਸਿੱਧ ਕੰਪਨੀ ਦੇ ਬਾਨੀ ਜੈਕ ਮਾ ਪਿਛਲੇ ਦੋ ਮਹੀਨਿਆਂ ਤੋਂ ਕਿਸੇ ਨੂੰ ਵਿਖਾਈ ਨਹੀਂ ਦਿੱਤੇ ਹੈ। ਉਹ ਆਪਣੇ ਖ਼ੁਦ ਦੇ ਟੇਲੈਂਟ ਸ਼ੋਅ ਅਫ਼ਰੀਕਾ ਦੇ ਬਿਜ਼ਨੇਸ ਹੀਰੋਜ਼ ਦੇ ਆਖ਼ਰੀ ਐਪੀਸੋਡ ਵਿੱਚ ਵਿਖਾਈ ਨਹੀਂ ਦਿੱਤੇ ਹਨ। ਦਰਅਸਲ, ਜੈਕ ਮਾ ਨੇ ਆਪਣੇ ਹੀ ਸ਼ੋਅ ਵਿੱਚ ਜੱਜਾਂ ਦੇ ਪੈਨਲ ਦਾ ਹਿੱਸਾ ਬਣਨਾ ਸੀ। ਇਸ ਸ਼ੋਅ ਵਿੱਚ ਪ੍ਰਤਿਭਾ ਵਿਖਾਉਣ ਲਈ ਉੱਭਰਦੇ ਅਫ਼ਰੀਕੀ ਉੱਦਮੀਆਂ ਨੂੰ 15 ਲੱਖ ਅਮਰੀਕੀ ਡਾਲਰ ਜਿੱਤਣ ਦਾ ਮੌਕਾ ਮਿਲਦਾ ਹੈ।


ਉਂਝ ‘ਅਲੀਬਾਬਾ’ ਦੇ ਇੱਕ ਬੁਲਾਰੇ ਨੇ ਕਿਹਾ ਕਿ ਜੈਕ ਮਾ ਆਪਣੇ ਰੁਝੇਵਿਆਂ ਕਾਰਣ ਜੱਜਾਂ ਦੇ ਪੈਨਲ ਵਿੱਚ ਸ਼ਾਮਲ ਨਹੀਂ ਹੋ ਸਕੇ।  56 ਸਾਲਾ ਜੈਕ ਮਾ ਨੂੰ ਜਨਤਕ ਤੌਰ ਉੱਤੇ ਤਦ ਤੋਂ ਨਹੀਂ ਵੇਖਿਆ ਗਿਆ, ਜਦੋਂ ਚੀਨੀ ਅਧਿਕਾਰੀਆਂ ਨੇ ਅਕਤੂਬਰ ਦੇ ਇੱਕ ਭਾਸ਼ਣ ਤੋਂ ਬਾਅਦ ਉਨ੍ਹਾਂ ਉੱਤੇ ਹਮਲਾ ਕੀਤਾ ਸੀ; ਜਿਸ ਵਿੱਚ ਉਨ੍ਹਾਂ ਇੱਕ ਵਪਾਰਕ ਸੰਮੇਲਨ ਵਿੱਚ ਸ਼ਿਕਾਇਤ ਕੀਤੀ ਸੀ ਕਿ ਚੀਨ ਦੇ ਰੈਗੂਲੇਟਰੀ ਤੇ ਰਾਜਾਂ ਵੱਲੋਂ ਸੰਚਾਲਿਮ ਬੈਂਕ, ਵਪਾਰਕ ਮੌਕਿਆਂ ਵਿੱਚ ਅੜਿੱਕੇ ਡਾਹ ਰਹੇ ਹਨ।



ਜੈਕ ਮਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਅਜੋਕੀ ਵਿੱਤੀ ਪ੍ਰਣਾਲੀ, ਉਦਯੋਗਿਕ ਜੁੱਗ ਦੀ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਗਲੀ ਪੀੜ੍ਹੀ ਤੇ ਨੌਜਵਾਨਾਂ ਲਈ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ। ਸਾਨੂੰ ਮੌਜੂਦਾ ਵਿਵਸਥਾ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਪਿਛਲੇ ਮਹੀਨੇ ਇਹ ਦੱਸਿਆ ਗਿਆ ਸੀ ਕਿ ਮਾ ਦੀ ਕੰਪਨੀ ਅਲੀਬਾਬਾ ਉੱਤੇ ਏਕਾਧਿਕਾਰ ਪ੍ਰਥਾ ਦੇ ਦੋਸ਼ ਅਧੀਨ ਜਾਂਚ ਕੀਤੀ ਜਾ ਰਹੀ ਹੈ।

ਚੀਨ ਸਰਕਾਰ ਨੇ ਜੈਕ ਮਾ ਦੀ ਕੰਪਨੀ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਮਾ ਨੂੰ ਝਾੜ ਪਾਉਂਦਿਆਂ ਰਾਸ਼ਟਰਪਤੀ ਜਿਨਪਿੰਗ ਦੇ ਹੁਕਮ ’ਤੇ ਆਪਣੇ ਸਮੂਹ ਦੇ 37 ਅਰਬ ਡਾਲਰ ਦੀ ਸ਼ੁਰੂਆਤੀ ਪੇਸ਼ਕਸ਼ ਨੂੰ ਮੁਲਤਵੀ ਕਰ ਦਿੱਤਾ ਸੀ।