Moonlighting In India: ਦੇਸ਼ ਦੇ ਆਈਟੀ ਸੈਕਟਰ 'ਚ ਮੂਨਲਾਈਟਿੰਗ ਦੇ ਮੁੱਦੇ ਵਿਚਕਾਰ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੋਈ ਵੀ ਮੁਲਾਜ਼ਮ ਆਪਣੇ ਮਾਲਕ ਦੇ ਹਿੱਤਾਂ ਦੇ ਵਿਰੁੱਧ ਜਾ ਕੇ ਕਿਤੇ ਹੋਰ ਨੌਕਰੀ ਨਹੀਂ ਕਰ ਸਕਦਾ। ਸਰਕਾਰ ਨੇ ਸੰਸਦ 'ਚ ਕਿਹਾ ਹੈ ਕਿ ਜੇਕਰ ਕੋਈ ਮੁਲਾਜ਼ਮ ਕਿਸੇ ਵੀ ਕੰਪਨੀ ਲਈ ਕੰਮ ਕਰਦਾ ਹੈ, ਜਿਸ 'ਚ ਉਹ ਨੌਕਰੀ ਕਰ ਰਿਹਾ ਹੈ ਅਤੇ ਉਸ ਦੇ ਨਾਲ ਕਿਸੇ ਹੋਰ ਕੰਪਨੀ ਲਈ ਕੰਮ ਕਰਦਾ ਹੈ ਤਾਂ ਇਹ ਉਸ ਕੰਪਨੀ ਦੇ ਹਿੱਤਾਂ ਦੇ ਵਿਰੁੱਧ ਹੋਵੇਗਾ।


ਮੂਨਲਾਈਟਿੰਗ ਦੀ ਛਾਂਟੀ ਬਾਰੇ ਕੋਈ ਜਾਣਕਾਰੀ ਨਹੀਂ!


ਇਹ ਗੱਲਾਂ ਕਿਰਤ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਲੋਕ ਸਭਾ 'ਚ ਇੱਕ ਲਿਖਤੀ ਸਵਾਲ ਦਾ ਜਵਾਬ ਦਿੰਦਿਆਂ ਕਹੀਆਂ। ਸਰਕਾਰ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਕੀ ਉਹ ਕਿਸੇ ਮੁਲਾਜ਼ਮ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਕੋਈ ਜਾਇਜ਼ ਕਾਰਨ ਮੰਨਦੀ ਹੈ? ਕਿਰਤ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਮੂਨਲਾਈਟਿੰਗ ਕਾਰਨ ਕੀਤੀ ਜਾ ਰਹੀ ਛਾਂਟੀ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਮੂਨਲਾਈਟਿੰਗ ਸਬੰਧੀ ਕੋਈ ਸਟੱਡੀ ਨਹੀਂ ਕੀਤੀ ਹੈ। ਮੂਨਲਾਈਟਿੰਗ ਕਾਰਨ ਸਰਕਾਰ ਵੱਲੋਂ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਬਰਖ਼ਾਸਤ ਨਾ ਕਰਨ ਦੀਆਂ ਹਦਾਇਤਾਂ ਜਾਰੀ ਕਰਨ ਦੇ ਸਵਾਲ 'ਤੇ ਰਾਮੇਸ਼ਵਰ ਤੇਲੀ ਨੇ ਕਿਹਾ ਕਿ ਇਸ ਦਾ ਹੱਕ ਸੂਬਾ ਸਰਕਾਰ ਦਾ ਹੈ।


ਸੂਬਾ ਸਰਕਾਰਾਂ ਨੂੰ ਆਈਟੀ ਕੰਪਨੀਆਂ 'ਚ ਛਾਂਟੀ ਕਰਨ ਦਾ ਹੈ ਅਧਿਕਾਰ


ਉਦਯੋਗਿਕ ਖੇਤਰ 'ਚ ਛਾਂਟੀ ਨਾਲ ਸਬੰਧਤ ਮਾਮਲੇ ਉਦਯੋਗਿਕ ਵਿਵਾਦ ਐਕਟ 1947 ਦੇ ਤਹਿਤ ਲਾਗੂ ਹਨ। ਈਡੀ ਐਕਟ ਦੇ ਅਨੁਸਾਰ 100 ਜਾਂ ਇਸ ਤੋਂ ਵੱਧ ਵਿਅਕਤੀਆਂ ਨੂੰ ਰੁਜ਼ਗਾਰ ਦੇਣ ਵਾਲੀ ਸੰਸਥਾ ਨੂੰ ਫ਼ੈਕਟਰੀ ਮੁਲਾਜ਼ਮਾਂ ਦੀ ਛਾਂਟੀ ਜਾਂ ਬੰਦ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਇਸ ਤੋਂ ਬਗੈਰ ਕਿਸੇ ਵੀ ਛਾਂਟੀ ਨੂੰ ਅਵੈਧ ਮੰਨਿਆ ਜਾਂਦਾ ਹੈ। ਆਈ.ਡੀ. ਐਕਟ ਦੇ ਉਪਬੰਧਾਂ ਦੀ ਛਾਂਟੀ ਕੀਤੇ ਜਾਣ 'ਤੇ ਮਜ਼ਦੂਰਾਂ ਨੂੰ ਮੁਆਵਜ਼ੇ ਦੇ ਨਾਲ-ਨਾਲ ਮੁੜ-ਰੁਜ਼ਗਾਰ ਦੇਣ ਦਾ ਵੀ ਪ੍ਰਬੰਧ ਹੈ। ਮਜ਼ਦੂਰਾਂ ਦੇ ਹਿੱਤਾਂ ਦਾ ਅਧਿਕਾਰ ਖੇਤਰ ਕੇਂਦਰ ਅਤੇ ਸੂਬਾ ਸਰਕਾਰਾਂ ਵਿਚਕਾਰ ਵੰਡਿਆ ਹੋਇਆ ਹੈ। ਸੋਸ਼ਲ ਮੀਡੀਆ, ਬਹੁਰਾਸ਼ਟਰੀ ਕੰਪਨੀਆਂ ਅਤੇ ਭਾਰਤੀ ਆਈਟੀ ਕੰਪਨੀਆਂ ਅਤੇ ਐਜੂਟੈੱਕ ਫਰਮਾਂ 'ਚ ਛਾਂਟੀ ਨਾਲ ਸਬੰਧਤ ਮੁੱਦਾ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ।


ਆਈਟੀ ਸੈਕਟਰ 'ਚ ਮੂਨਲਾਈਟਿੰਗ ਦਾ ਮਾਮਲਾ


ਦਰਅਸਲ, ਅਜੋਕੇ ਸਮੇਂ 'ਚ ਆਈਟੀ ਸੈਕਟਰ 'ਚ ਮੂਨਲਾਈਟਿੰਗ ਦਾ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜਦੋਂ ਕੋਈ ਮੁਲਾਜ਼ਮ ਆਪਣੀ ਨਿਯਮਤ ਨੌਕਰੀ ਤੋਂ ਇਲਾਵਾ ਕਿਸੇ ਹੋਰ ਸੰਸਥਾ ਲਈ ਕੰਮ ਕਰਦਾ ਹੈ ਤਾਂ ਇਸ ਨੂੰ ਤਕਨੀਕੀ ਤੌਰ 'ਤੇ ਮੂਨਲਾਈਟਿੰਗ ਕਿਹਾ ਜਾਂਦਾ ਹੈ। ਵਿਪਰੋ ਨੇ 300 ਮੁਲਾਜ਼ਮਾਂ ਨੂੰ ਮੂਨਲਾਈਟਿੰਗ ਦੇ ਦੋਸ਼ 'ਚ ਨੌਕਰੀ ਤੋਂ ਕੱਢ ਦਿੱਤਾ ਹੈ। ਇੰਫੋਸਿਸ ਨੇ 12 ਮਹੀਨਿਆਂ 'ਚ ਮੂਨਲਾਈਟਿੰਗ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇੰਫੋਸਿਸ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਮੂਨਲਾਈਟਿੰਗ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ, ਮਤਲਬ ਇੱਕੋ ਸਮੇਂ 2 ਥਾਵਾਂ 'ਤੇ ਕੰਮ ਕਰਨਾ। 'No Double Lives' ਸਿਰਲੇਖ ਨਾਲ ਮੁਲਾਜ਼ਮਾਂ ਨੂੰ ਭੇਜੀ ਗਈ ਈਮੇਲ 'ਚ ਇੰਫੋਸਿਸ ਨੇ ਕਿਹਾ ਕਿ ਜੇਕਰ ਕਰਮਚਾਰੀ ਇੱਕੋ ਸਮੇਂ ਦੋ ਥਾਵਾਂ 'ਤੇ ਕੰਮ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਨੌਕਰੀ ਵੀ ਗੁਆਉਣੀ ਪੈ ਜਾਵੇਗੀ।