Union Minister Nitin Garkari: ਦੇਸ਼ ਵਿੱਚ ਬਾਲਣ ਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਪਰਾਲੀ ਤੋਂ ਈਂਧਨ ਤਿਆਰ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਇਸ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾਵੇਗੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਕੁਝ ਸਾਲਾਂ ਵਿੱਚ ਪਰਾਲੀ ਦੇ ਬਾਲਣ ਦੀ ਵਰਤੋਂ ਵਪਾਰਕ ਹਵਾਈ ਜਹਾਜ਼ਾਂ, ਲੜਾਕੂ ਜਹਾਜ਼ਾਂ ਤੇ ਹੈਲੀਕਾਪਟਰਾਂ ਵਿੱਚ ਵੀ ਕੀਤੀ ਜਾਵੇਗੀ।


ਦਿੱਲੀ ਵਿੱਚ ਕਰਵਾਏ 63ਵੇਂ ACMA ਸਾਲਾਨਾ ਸੈਸ਼ਨ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿੱਚ ਹੁਣ ਪਰਾਲੀ ਨਹੀਂ ਸਾੜੀ ਜਾਏਗੀ। ਉਨ੍ਹਾਂ ਕਿਹਾ ਕਿ ਪਾਣੀਪਤ ਵਿੱਚ ਇੰਡੀਅਨ ਆਇਲ ਪਲਾਂਟ ਸ਼ੁਰੂ ਹੋ ਗਿਆ ਹੈ। ਇੱਥੇ ਪਰਾਲੀ ਤੋਂ 1 ਲੱਖ ਲੀਟਰ ਈਥਾਨੌਲ ਤੇ 150 ਟਨ ਬਾਇਓ ਬਿਟੂਮਨ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਵਾਈ ਸੈਨਾ ਦਾ 22 ਫੀਸਦੀ ਈਥਾਨੌਲ ਲੜਾਕੂ ਜਹਾਜ਼ਾਂ ਵਿੱਚ ਪਾਇਆ ਜਾ ਰਿਹਾ ਹੈ।



ਕੇਂਦਰੀ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਵਾਬਾਜ਼ੀ ਬਾਲਣ ਵਿੱਚ 8 ਫੀਸਦੀ ਬਾਇਓ ਐਵੀਏਸ਼ਨ ਫਿਊਲ ਸ਼ਾਮਲ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ 3 ਤੋਂ 4 ਸਾਲਾਂ ਵਿੱਚ ਵਪਾਰਕ ਹਵਾਈ ਜਹਾਜ਼, ਲੜਾਕੂ ਜਹਾਜ਼ ਤੇ ਹੈਲੀਕਾਪਟਰ ਕਿਸਾਨਾਂ ਵੱਲੋਂ ਤਿਆਰ ਕੀਤੇ ਬਾਲਣ 'ਤੇ ਚੱਲਣਗੇ।


25 ਲੱਖ ਕਰੋੜ ਰੁਪਏ ਦਾ ਆਯਾਤ ਹੋਵੇਗਾ
ਨਿਤਿਨ ਗਡਕਰੀ ਨੇ ਕਿਹਾ ਕਿ ਇਸ ਸਮੇਂ ਦੇਸ਼ ਦੀ ਦਰਾਮਦ 16 ਲੱਖ ਕਰੋੜ ਰੁਪਏ ਦੀ ਹੈ ਤੇ ਆਉਣ ਵਾਲੇ ਪੰਜ ਸਾਲਾਂ 'ਚ ਇਸ ਦੀ ਦਰਾਮਦ 25 ਲੱਖ ਕਰੋੜ ਰੁਪਏ ਹੋ ਜਾਵੇਗੀ। ਗਡਕਰੀ ਨੇ ਕਿਹਾ ਕਿ ਵਾਹਨਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਦੇ ਮੰਤਰੀ ਬਣਨ ਤੋਂ ਪਹਿਲਾਂ 4.5 ਲੱਖ ਕਰੋੜ ਰੁਪਏ ਦਾ ਉਦਯੋਗ ਸੀ ਤੇ ਅੱਜ ਇਹ 12.5 ਲੱਖ ਕਰੋੜ ਰੁਪਏ ਦਾ ਉਦਯੋਗ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਆਤਮ-ਨਿਰਭਰ ਹੋ ਰਿਹਾ ਹੈ, ਜਿਸ ਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਅਸੀਂ ਆਰਥਿਕਤਾ ਦੇ ਲਿਹਾਜ਼ ਨਾਲ ਪਹਿਲਾਂ ਸੱਤਵੇਂ ਸਥਾਨ 'ਤੇ ਸੀ ਤੇ ਹੁਣ ਅਸੀਂ ਦੋ ਜਾਪਾਨ ਨੂੰ ਪਿੱਛੇ ਛੱਡ ਕੇ ਤੀਜੇ ਸਥਾਨ 'ਤੇ ਆ ਗਏ ਹਾਂ।


1000 ਪਲਾਂਟ ਲਾਉਣ ਦੀ ਯੋਜਨਾ
ਧਿਆਨਯੋਗ ਹੈ ਕਿ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਡੀਜ਼ਲ ਦੀ ਜ਼ਰੂਰਤ ਨੂੰ ਘੱਟ ਕਰਨ ਤੇ ਦੇਸ਼ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਪਰਾਲੀ ਤੋਂ ਬਾਇਓਫਿਊਲ ਬਣਾਉਣ ਲਈ ਇੱਕ ਹਜ਼ਾਰ ਪਲਾਂਟ ਲਗਾਉਣ ਦੀ ਯੋਜਨਾ ਹੈ। ਇਸ ਨਾਲ ਪੰਜ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ। ਵਾਹਨਾਂ ਲਈ ਤੇਲ ਦੀ ਲਾਗਤ ਤੇ ਕਮੀ ਦੂਰ ਹੋ ਜਾਵੇਗੀ। ਬਾਇਓ ਫਿਊਲ ਦੀ ਵਰਤੋਂ ਟਰੈਕਟਰਾਂ ਤੋਂ ਲੈ ਕੇ ਹਵਾਈ ਉਡਾਣਾਂ ਤੱਕ ਹਰ ਚੀਜ਼ ਵਿੱਚ ਕੀਤੀ ਜਾਵੇਗੀ।