ਨਵੀਂ ਦਿੱਲੀ: 2021 ਦੇ ਆਮ ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਹੁਤ ਕੁਝ ਵੇਚਣ ਦੀ ਗੱਲ ਕਹੀ ਸੀ। ਇਸ ਨੂੰ ਅੱਗੇ ਵਧਾਉਂਦੇ ਹੋਏ ਸਰਕਾਰ ਆਪਣੇ ਮਾਲੀਆ 'ਚ ਵਾਧਾ ਕਰਨ ਲਈ ਹੁਣ ਮਿੱਡ-ਸਾਇਜ਼ ਬੈਂਕਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇ ਦੇਵੇਗੀ ਯਾਨੀ ਵੇਚ ਦੇਵੇਗੀ। ਨਿਊਜ਼ ਏਜੰਸੀ ਰਾਈਟਰਸ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਬੈਂਕਿੰਗ ਸੈਕਟਰ ਦੇ ਨਿੱਜੀਕਰਨ ਨਾਲ ਸੈਂਕੜੇ ਕਰਮਚਾਰੀਆਂ ਦੀ ਨੌਕਰੀ ਵੀ ਖ਼ਤਰੇ 'ਚ ਆ ਜਾਏਗੀ।



ਜਿਨ੍ਹਾਂ ਚਾਰ ਬੈਂਕਾਂ ਨੂੰ ਨਿੱਜੀਕਰਨ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਉਹ ਹਨ-ਬੈਂਕ ਆਫ਼ ਮਹਾਰਾਸ਼ਟਰਾ, ਬੈਂਕ ਆਫ਼ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ ਤੇ ਸੈਂਟਰਲ ਬੈਂਕ। ਰਾਈਟਰਸ ਮੁਤਾਬਕ ਇਹ ਮਾਮਲਾ ਅਜੇ ਜਨਤਕ ਨਹੀਂ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਸ਼ਾਰਟਲਿਸਟ ਕੀਤੀਆਂ ਗਈਆਂ ਬੈਂਕਾਂ ਵਿੱਚੋ ਸਿਰਫ ਦੋ ਬੈਂਕਾਂ ਦਾ ਹੀ ਨਿੱਜੀਕਰਨ ਕੀਤਾ ਜਾਏਗਾ। ਵਿੱਤ ਸਾਲ 2021-2022 ਦੇ ਵਿੱਚ ਇਨ੍ਹਾਂ ਬੈਂਕਾਂ ਦੀ ਚੋਣ ਕਰ ਲਈ ਜਾਏਗੀ।

ਅਧਿਕਾਰੀ ਨੇ ਦੱਸਿਆ ਕਿ ਨਿੱਜੀਕਰਨ ਲਈ ਸਰਕਾਰ ਪਹਿਲੇ ਦੌਰ ਵਿੱਚ ਮੱਧ ਦਰਜੇ ਦੇ ਬੈਂਕਾਂ ਤੇ ਵਿਚਾਰ ਕਰ ਰਹੀ ਹੈ ਪਰ ਆਉਣ ਵਾਲੇ ਸਾਲਾਂ ਵਿੱਚ ਕੁੱਝ ਵੱਡੇ ਬੈਂਕ ਬਾਰੇ ਵੀ ਸਰਕਾਰ ਵਿਚਾਰ ਕਰ ਸਕਦੀ ਹੈ। ਬੈਂਕ ਯੂਨੀਅਨਾਂ ਦੇ ਇੱਕ ਅਨੁਮਾਨ ਮੁਤਾਬਕ, ਬੈਂਕ ਆਫ ਇੰਡੀਆ ਵਿੱਚ ਕਰੀਬ 50 ਹਜ਼ਾਰ ਲੋਕ ਕੰਮ ਕਰਦੇ ਹਨ। ਜਦਕਿ ਸੈਂਟ੍ਰਲ ਬੈਂਕ ਵਿੱਚ 33 ਹਜ਼ਾਰ ਦਾ ਸਟਾਫ ਹੈ। ਇੰਡੀਅਨ ਓਵਰਸੀਜ਼ ਬੈਂਕ ਵਿੱਚ 26 ਹਜ਼ਾਰ ਕਰਮਚਾਰੀ ਹਨ ਤੇ ਉੱਥੇ ਹੀ ਬੈਂਕ ਆਫ ਮਹਾਰਾਸ਼ਟਰਾ ਵਿੱਚ 13 ਹਜ਼ਾਰ ਦਾ ਸਟਾਫ ਹੈ।