Onion Price: ਪਿਆਜ਼ ਨੇ ਦੇਸ਼ ਅੰਦਰ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। ਇੱਕ ਪਾਸੇ ਭਾਰਤ ਸਰਕਾਰ ਪਿਆਜ਼ ਦੀ ਬਰਾਮਦ ’ਤੇ ਰੋਕ ਲਾ ਕੇ ਪਿਆਜ਼ ਸਸਤੇ ਹੋਣ ਦਾ ਦਾਅਵਾ ਕਰ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਇਸ ਦਾ ਵਿਰੋਧ ਕਰਕੇ ਬਰਾਮਦ ’ਤੇ ਰੋਕ ਹਟਾਉਣ ਦੀ ਮੰਗ ਕਰ ਰਹੇ ਹਨ। ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਵੀ ਮੰਗ ਕੀਤੀ ਹੈ ਕਿ ਪਿਆਜ਼ ਦੀ ਬਰਾਮਦ ’ਤੇ ਰੋਕ ਹਟਾਈ ਜਾਏ।



ਉਧਰ, ਕੇਂਦਰ ਸਰਕਾਰ ਨੇ ਉਮੀਦ ਜਤਾਈ ਹੈ ਕਿ ਪਿਆਜ਼ ਦਾ ਭਾਅ ਜੋ ਹੁਣ 60 ਰੁਪਏ ਪ੍ਰਤੀ ਕਿੱਲੋ ਚੱਲ ਰਿਹਾ ਹੈ, ਇਹ ਨਵੇਂ ਵਰ੍ਹੇ ਜਨਵਰੀ ’ਚ 40 ਰੁਪਏ ਪ੍ਰਤੀ ਕਿੱਲੋ ਤੋਂ ਹੇਠਾਂ ਰਹੇਗਾ। ਖਪਤਕਾਰ ਮਾਮਲਿਆਂ ਬਾਰੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਪਿਛਲੇ ਹਫ਼ਤੇ ਸਰਕਾਰ ਨੇ ਪਿਆਜ਼ ਦੀ ਬਰਾਮਦ ’ਤੇ ਮਾਰਚ ਮਹੀਨੇ ਤਕ ਪਾਬੰਦੀ ਲਗਾ ਦਿੱਤੀ ਸੀ। ਇਸ ਕਾਰਨ ਪਿਆਜ਼ ਦਾ ਭਾਅ ਜੋ ਕੌਮੀ ਰਾਜਧਾਨੀ ’ਚ 80 ਰੁਪਏ ਤੋਂ ਉਪਰ ਚੱਲ ਰਿਹਾ ਸੀ, ਉਹ ਮੰਡੀਆਂ ’ਚ 60 ਰੁਪਏ ਪ੍ਰਤੀ ਕਿੱਲੋ ਤਕ ਆ ਗਿਆ ਸੀ। 


ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਿਆਜ਼ ਦਾ ਭਾਅ 40 ਰੁਪਏ ਤੋਂ ਕਦੋਂ ਘਟੇਗਾ ਤਾਂ ਉਨ੍ਹਾਂ ਕਿਹਾ, ‘‘ਬਹੁਤ ਜਲਦੀ….. ਜਨਵਰੀ।’’ ਉਨ੍ਹਾਂ ਕਿਹਾ ਕਿ ਪਿਆਜ਼ ਦੀ ਬਰਾਮਦ ਬੰਦ ਹੋਣ ਨਾਲ ਕਿਸਾਨਾਂ ’ਤੇ ਕੋਈ ਅਸਰ ਨਹੀਂ ਪਵੇਗਾ ਤੇ ਇਸ ਦਾ ਅਸਰ ਕੁਝ ਛੋਟੇ ਵਪਾਰੀਆਂ ਦੇ ਸਮੂਹ ’ਤੇ ਪਵੇਗਾ ਜੋ ਭਾਰਤੀ ਤੇ ਬੰਗਲਾਦੇਸ਼ ਦੇ ਬਾਜ਼ਾਰਾਂ ਵਿੱਚਲੀਆਂ ਕੀਮਤਾਂ ਦੇ ਅੰਤਰ ਦਾ ਫਾਇਦਾ ਉਠਾ ਰਹੇ ਹਨ। 


ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਦਾ ਲਾਭ ਕਿਸ ਨੂੰ ਹੋਵੇਗਾ, ਤਾਂ ਉਨ੍ਹਾਂ ਕਿਹਾ ਕਿ ਭਾਰਤੀ ਖਪਤਕਾਰ ਨੂੰ। ਇਸੇ ਦੌਰਾਨ ਨਿਰਯਾਤ ’ਤੇ ਪਾਬੰਦੀ ਦੇ ਖਿਲਾਫ ਮਹਾਰਾਸ਼ਟਰ ’ਚ ਪਿਆਜ਼ ਉਤਪਾਦਕਾਂ ਦੇ ਵਿਰੋਧ ’ਤੇ ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਪਣੇ ਬਫਰ ਲਈ ਸਾਉਣੀ ਦੀ ਲਗਪਗ 2 ਲੱਖ ਟਨ ਫਸਲ ਦੀ ਖਰੀਦ ਕਰੇਗੀ।


ਉਧਰ, ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ’ਚ ਸ਼ਮੂਲੀਅਤ ਕੀਤੀ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪਿਆਜ਼ ਦੀ ਬਰਾਮਦ ’ਤੇ ਲਗਾਈ ਰੋਕ ਤੁਰੰਤ ਹਟਾਈ ਜਾਵੇ। 31 ਮਾਰਚ 2024 ਤਕ ਪਿਆਜ਼ ਦੀ ਬਰਾਮਦ ’ਤੇ ਰੋਕ ਲਗਾਉਣ ਦੇ ਕੇਂਦਰ ਦੇ ਫੈਸਲੇ ਵਿਰੁੱਧ ਸੈਂਕੜੇ ਕਿਸਾਨਾਂ ਨੇ ‘ਰਸਤਾ ਰੋਕੋ’ ਮੁਹਿੰਮ ਤਹਿਤ ਇਥੇ ਮੁੰਬਈ-ਆਗਰਾ ਕੌਮੀ ਸ਼ਾਹਰ ਰਾਹ ਜਾਮ ਕੀਤਾ।