Cash Deposits Withdrawals Rule : ਇੱਕ ਵਿੱਤੀ ਸਾਲ ਵਿੱਚ 20 ਲੱਖ ਰੁਪਏ ਤੋਂ ਵੱਧ ਜਮ੍ਹਾ ਤੇ ਨਿਕਾਸੀ 'ਤੇ ਨਵਾਂ ਨਿਯਮ ਬੁੱਧਵਾਰ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਿਆ ਹੈ। ਅਜਿਹੇ 'ਚ ਗਾਹਕ ਨੂੰ ਪੈਨ ਕਾਰਡ ਜਾਂ ਆਧਾਰ ਦੇਣਾ ਜ਼ਰੂਰੀ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ (CBDT) ਦੁਆਰਾ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਹ ਨਿਯਮ ਬੈਂਕ, ਡਾਕਘਰ ਜਾਂ ਸਹਿਕਾਰੀ ਸਭਾ ਵਿੱਚ ਖੋਲ੍ਹੇ ਗਏ ਸਾਰੇ ਖਾਤਿਆਂ 'ਤੇ ਲਾਗੂ ਹੋਵੇਗਾ। ਅਜਿਹੀ ਸਥਿਤੀ ਵਿੱਚ ਹਰ ਵਿਅਕਤੀ ਨੂੰ ਇਸ ਦੀ ਪਾਲਣਾ ਕਰਨੀ ਪੈਂਦੀ ਹੈ।



ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਨਵਾਂ ਨਿਯਮ ਚਾਲੂ ਵਿੱਤੀ ਸਾਲ 'ਚ 26 ਮਈ ਤੋਂ ਪਹਿਲਾਂ ਕੀਤੇ ਗਏ ਲੈਣ-ਦੇਣ 'ਤੇ ਲਾਗੂ ਹੋਵੇਗਾ ਜਾਂ ਨਹੀਂ। ਹੁਣ ਤੱਕ ਇਨ੍ਹਾਂ ਬੈਂਕ ਅਧਿਕਾਰੀਆਂ ਨੂੰ ਇਹ ਯਕੀਨੀ ਕਰਨਾ ਹੁੰਦਾ ਹੈ ਕਿ ਪੈਸੇ ਜਮ੍ਹਾ ਕਰਾਉਣ ਜਾਂ ਕਢਵਾਉਣ ਵਾਲੇ ਵਿਅਕਤੀ ਕੋਲ ਪੈਨ ਕਾਰਡ ਹੈ ਜਾਂ ਨਹੀਂ।

ਹੁਣ ਤੱਕ ਸਾਲ ਵਿੱਚ ਨਕਦੀ ਜਮ੍ਹਾ ਕਰਨ ਜਾਂ ਕਢਵਾਉਣ ਲਈ ਸੀਮਾ ਤੈਅ ਨਹੀਂ ਕੀਤੀ ਗਈ ਸੀ। ਜਿਸ 'ਤੇ ਪੈਨ ਜਾਂ ਆਧਾਰ (PAN of Aadhaar) ਦੀ ਜ਼ਰੂਰਤ ਹੋਵੇ। ਇਸ ਕਾਰਨ ਇੱਥੇ ਵੱਡੀ ਮਾਤਰਾ ਵਿੱਚ ਨਕਦੀ ਨੂੰ ਏਧਰ ਤੋਂ ਓਧਰ ਕੀਤਾ ਜਾਂਦਾ ਸੀ। ਹਾਲਾਂਕਿ ਇਹ ਨਿਯਮ ਇਕ ਦਿਨ 'ਚ 50 ਹਜ਼ਾਰ ਰੁਪਏ ਕਢਵਾਉਣ ਜਾਂ ਜਮ੍ਹਾ ਕਰਵਾਉਣ 'ਤੇ ਯਕੀਨੀ ਤੌਰ 'ਤੇ ਲਾਗੂ ਸੀ।

ਨਕਦੀ ਦੇ ਲੈਣ-ਦੇਣ 'ਤੇ ਰਹੇਗੀ ਵਿਭਾਗ ਦੀ ਨਜ਼ਰ
ਇਸ ਦੇ ਪਿੱਛੇ ਸਰਕਾਰ ਦਾ ਮਕਸਦ ਨਕਦੀ ਦੇ ਲੈਣ-ਦੇਣ 'ਤੇ ਨਜ਼ਰ ਰੱਖਣਾ ਹੈ। ਇਹ ਨਿਯਮ ਸਿਰਫ਼ ਬੈਂਕਾਂ ਜਾਂ ਡਾਕਘਰਾਂ 'ਤੇ ਹੀ ਲਾਗੂ ਨਹੀਂ ਹੋਵੇਗਾ, ਸਗੋਂ ਸਹਿਕਾਰੀ ਸਭਾਵਾਂ 'ਤੇ ਵੀ ਲਾਗੂ ਹੋਵੇਗਾ। ਇਸ ਦੇ ਨਾਲ ਜੇਕਰ ਤੁਸੀਂ ਨਵਾਂ ਚਾਲੂ ਖਾਤਾ ਖੋਲ੍ਹਦੇ ਹੋ ਤਾਂ ਉਸ ਲਈ ਵੀ ਪੈਨ ਲਾਜ਼ਮੀ ਕਰ ਦਿੱਤਾ ਗਿਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਵੇਂ ਨਿਯਮ ਤਹਿਤ ਸਰਕਾਰ ਅਰਥਵਿਵਸਥਾ 'ਚ ਨਕਦੀ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ। ਸਰਕਾਰ ਪਹਿਲਾਂ ਹੀ ਸਾਲਾਨਾ ਸਟੇਟਮੈਂਟ (AIS) ਤੇ TDS ਦੀ ਧਾਰਾ 194N ਰਾਹੀਂ ਇਸ ਨੂੰ ਟਰੈਕ ਕਰ ਰਹੀ ਹੈ ਪਰ ਹੁਣ ਨਕਦੀ ਲੈਣ-ਦੇਣ ਨੂੰ ਬਹੁਤ ਆਸਾਨੀ ਨਾਲ ਟਰੇਸ ਕੀਤਾ ਜਾ ਸਕਦਾ ਹੈ।

ਛੋਟੇ ਲੈਣ-ਦੇਣ ਦੇ ਜ਼ਰੀਏ ਟੈਕਸ ਚੋਰੀ ਦੀ ਆਸ਼ੰਕਾ
ਨੋਟਬੰਦੀ ਤੋਂ ਬਾਅਦ ਵੀ ਵੱਡੇ ਪੈਮਾਨੇ 'ਤੇ ਛੋਟੇ ਲੈਣ-ਦੇਣ ਹੋ ਰਹੇ ਹਨ। ਸਰਕਾਰ ਲਈ ਇਹ ਪਤਾ ਲਗਾਉਣਾ ਆਸਾਨ ਨਹੀਂ ਸੀ। ਇਸ ਨਾਲ ਵੱਡੇ ਪੱਧਰ 'ਤੇ ਟੈਕਸ ਚੋਰੀ ਵੀ ਹੋਈ ਪਰ ਹੁਣ ਨਵੇਂ ਨਿਯਮ ਨਾਲ ਇੱਕ ਰੁਪਏ ਤੱਕ ਦੇ ਲੈਣ-ਦੇਣ ਦਾ ਪਤਾ ਲਗਾਇਆ ਜਾ ਸਕੇਗਾ। ਸਰਕਾਰ ਨੇ ਪੈਨ ਤੇ ਆਧਾਰ ਕਾਰਡ ਨੂੰ ਲਿੰਕ ਕਰ ਦਿੱਤਾ ਹੈ। ਇਸ ਲਈ ਪੈਨ ਦੀ ਜਗ੍ਹਾ  ਆਧਾਰ ਕਾਰਡ ਵੀ ਇਸ ਲੈਣ-ਦੇਣ ਲਈ ਵੈਧ ਹੋਵੇਗਾ।