Income Tax Return: ਜੇ ਤੁਸੀਂ ਡਿਜ਼ਾਇਰ ਕੱਪੜੇ, ਘੜੀਆਂ ਤੇ ਹੋਰ ਲਗਜ਼ਰੀ ਬ੍ਰਾਂਡਾਂ ਦੀ ਖਰੀਦਦਾਰੀ ਕਰਦੇ ਹੋ ਤੇ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰਦੇ ਹੋ, ਤਾਂ ਤੁਹਾਡੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਤੁਸੀਂ ਇਨਕਮ ਟੈਕਸ ਵਿਭਾਗ ਦੇ ਨਿਸ਼ਾਨੇ 'ਤੇ ਆ ਸਕਦੇ ਹੋ। ਇੰਨਾ ਹੀ ਨਹੀਂ ਇਨਕਮ ਟੈਕਸ ਵਿਭਾਗ ਐਨਆਰਆਈ ਕੋਟੇ ਦੇ ਮੈਡੀਕਲ ਕਾਲਜਾਂ, ਆਈਵੀਐਫ ਕਲੀਨਿਕਾਂ, ਹਸਪਤਾਲਾਂ, ਹੋਟਲਾਂ ਤੇ ਬੈਂਕੁਏਟ ਹਾਲਾਂ ਵਿੱਚ ਹੋਣ ਵਾਲੇ ਲੈਣ-ਦੇਣ 'ਤੇ ਵੀ ਸਖ਼ਤ ਨਜ਼ਰ ਰੱਖਣ ਜਾ ਰਿਹਾ ਹੈ। ਸੀਬੀਡੀਟੀ ਦਾ ਟੀਚਾ ਹੈ ਕਿ ਆਈਟੀਆਰ ਫਾਈਲ ਕਰਨ ਵਾਲਿਆਂ ਦੀ ਗਿਣਤੀ ਲਗਭਗ 10 ਪ੍ਰਤੀਸ਼ਤ ਤੱਕ ਵਧਾਉਣਾ ਹੈ। ਇਹੀ ਕਾਰਨ ਹੈ ਕਿ ਇਨਕਮ ਟੈਕਸ ਵਿਭਾਗ ਅਜਿਹੇ ਮਹਿੰਗੇ ਲੈਣ-ਦੇਣ 'ਤੇ ਨਜ਼ਰ ਰੱਖ ਰਿਹਾ ਹੈ।



ਸਾਲਾਨਾ ਐਕਸ਼ਨ ਪਲਾਨ ਇਨਕਮ ਟੈਕਸ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਜਿਸ 'ਚ ਕਿਹਾ ਗਿਆ ਹੈ ਕਿ 2 ਲੱਖ ਰੁਪਏ ਤੋਂ ਜ਼ਿਆਦਾ ਦੇ ਲੈਣ-ਦੇਣ ਦੀ ਰਿਪੋਰਟਿੰਗ 'ਚ ਵੱਡੇ ਪੱਧਰ 'ਤੇ ਉਲੰਘਣਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਉੱਚ ਮੁੱਲ ਦੇ ਲੈਣ-ਦੇਣ ਕਰਦੇ ਸਮੇਂ ਪੈਨ ਦੇਣ ਦਾ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਜਾ ਰਿਹਾ ਹੈ। 



ਇਨਕਮ ਟੈਕਸ ਵਿਭਾਗ ਮੁਤਾਬਕ ਜੋ ਲੋਕ ਅਜਿਹੇ ਉੱਚ ਮੁੱਲ ਦੇ ਮਹਿੰਗੇ ਲੈਣ-ਦੇਣ ਕਰ ਰਹੇ ਹਨ, ਇਹ ਲੈਣ-ਦੇਣ ਉਨ੍ਹਾਂ ਦੇ ਇਨਕਮ ਟੈਕਸ ਰਿਟਰਨਾਂ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦਾ। ਇਨਕਮ ਟੈਕਸ ਅਧਿਕਾਰੀਆਂ ਨੂੰ ਇਸ ਦਿਸ਼ਾ 'ਚ ਕਾਰਵਾਈ ਕਰਦੇ ਹੋਏ ਅਜਿਹੇ ਲੈਣ-ਦੇਣ ਨੂੰ ਟਰੇਸ ਕਰਨ ਲਈ ਕਿਹਾ ਗਿਆ ਹੈ। ਆਮਦਨ ਕਰ ਵਿਭਾਗ ਨੇ ਅਜਿਹੇ ਕਈ ਉੱਚ ਮੁੱਲ ਦੇ ਨਕਦ ਲੈਣ-ਦੇਣ ਦਾ ਪਤਾ ਲਾਇਆ ਹੈ। ਪਰ ਵਾਚ ਸਟੋਰ ਜਾਂ ਲਗਜ਼ਰੀ ਬ੍ਰਾਂਡ ਸਟੋਰ ਡੇਟਾ ਦੀ ਰਿਪੋਰਟ ਨਹੀਂ ਕਰਦੇ ਹਨ। ਪਿਛਲੇ ਸਾਲ ਟੈਕਸ ਵਿਭਾਗ ਨੇ ਕਈ ਘੜੀਆਂ ਦੇ ਰਿਟੇਲਰਾਂ ਦੇ ਸਟੋਰਾਂ ਦਾ ਸਰਵੇਖਣ ਵੀ ਕੀਤਾ ਸੀ, ਜਿਸ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਸਨ।
ਵਿੱਤੀ ਸਾਲ 2022-23 ਵਿੱਚ ਕੁੱਲ 7.8 ਕਰੋੜ ਇਨਕਮ ਟੈਕਸ ਰਿਟਰਨ ਦਾਇਰ ਕੀਤੇ ਗਏ ਸਨ। ਜਦੋਂ ਕਿ 2021-22 ਵਿੱਚ 7.3 ITR ਭਰਿਆ ਗਿਆ ਸੀ। ਭਾਵ ਇਕ ਸਾਲ 'ਚ ਇਨਕਮ ਟੈਕਸ ਰਿਟਰਨ ਭਰਨ ਵਾਲੇ ਲੋਕਾਂ ਦੀ ਗਿਣਤੀ 'ਚ 7.3 ਫੀਸਦੀ ਦਾ ਉਛਾਲ ਆਇਆ ਹੈ। ਪਿਛਲੇ ਕਈ ਸਾਲਾਂ ਤੋਂ ਇਨਕਮ ਟੈਕਸ ਵਿਭਾਗ ਅਜਿਹੇ ਲੋਕਾਂ ਦੇ ਖਿਲਾਫ਼ ਕਾਰਵਾਈ ਕਰ ਰਿਹਾ ਹੈ ਜੋ ਉੱਚ ਮੁੱਲ ਦਾ ਲੈਣ-ਦੇਣ ਕਰਦੇ ਹਨ ਪਰ ITR ਵਿੱਚ ਆਪਣੀ ਸਹੀ ਆਮਦਨ ਦਾ ਐਲਾਨ ਨਹੀਂ ਕਰਦੇ ਹਨ। ਇਸ ਦੇ ਨਾਲ ਹੀ ਕਈ ਅਜਿਹੇ ਲੋਕ ਵੀ ਪਾਏ ਗਏ ਹਨ ਜੋ ITR ਵੀ ਨਹੀਂ ਭਰਦੇ ਹਨ।