ਫਾਰਮਾਸਿਊਟੀਕਲ ਸੈਕਟਰ ਦੇ ਸਰਕਾਰੀ ਰੈਗੂਲੇਟਰ ਐਨਪੀਪੀਏ (NPPA) ਨੇ ਵੱਡਾ ਫ਼ੈਸਲਾ ਲਿਆ ਹੈ। ਦਵਾਈਆਂ ਦੀਆਂ ਕੀਮਤਾਂ 'ਤੇ ਨਜ਼ਰ ਰੱਖਣ ਵਾਲੀ ਨੈਸ਼ਨਲ ਫ਼ਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਜਾਂ ਐਨਪੀਪੀਏ ਨੇ 84 ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਤੈਅ ਕੀਤੀਆਂ ਹਨ। ਇਨ੍ਹਾਂ ਦਵਾਈਆਂ 'ਚ ਸ਼ੂਗਰ, ਸਿਰ ਦਰਦ ਅਤੇ ਹਾਈ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਸ਼ਾਮਲ ਹਨ। ਇਕ ਵਾਰ ਦਵਾਈਆਂ ਦੀਆਂ ਕੀਮਤਾਂ ਤੈਅ ਹੋਣ ਤੋਂ ਬਾਅਦ ਫ਼ਾਰਮਾ ਕੰਪਨੀਆਂ ਆਪਣੀ ਮਰਜ਼ੀ ਨਾਲ ਕੀਮਤਾਂ ਨਹੀਂ ਵਧਾ ਸਕਣਗੀਆਂ। ਇਹ ਦਵਾਈਆਂ ਤੈਅ ਰੇਟ 'ਤੇ ਹੀ ਵੇਚੀਆਂ ਜਾਣਗੀਆਂ। ਇਸ ਨਾਲ ਗਾਹਕਾਂ ਨੂੰ ਸਸਤੀਆਂ ਦਰਾਂ 'ਤੇ ਦਵਾਈਆਂ ਮਿਲਣਗੀਆਂ। ਹੋਰ ਦਵਾਈਆਂ ਜਿਨ੍ਹਾਂ ਦੀਆਂ ਕੀਮਤਾਂ ਤੈਅ ਕੀਤੀਆਂ ਗਈਆਂ ਹਨ, ਉਨ੍ਹਾਂ 'ਚ ਕੋਲੈਸਟ੍ਰੋਲ ਅਤੇ ਟ੍ਰਾਈਗਿਲਸਰਾਈਡ ਦੇ ਪੱਧਰ ਨੂੰ ਘੱਟ ਕਰਨ ਵਾਲੀਆਂ ਦਵਾਈਆਂ ਹਨ।


ਐਨਪੀਪੀਏ ਨੇ 'ਡਰੱਗਜ਼ (ਪ੍ਰਾਈਸ ਕੰਟਰੋਲ) ਆਰਡਰ 2013' ਦਾ ਸਹਾਰਾ ਲੈ ਕੇ ਦਵਾਈਆਂ ਦੀਆਂ ਕੀਮਤਾਂ ਤੈਅ ਕੀਤੀਆਂ ਹਨ। ਇਕ ਨੋਟੀਫਿਕੇਸ਼ਨ 'ਚ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਦੇ ਆਦੇਸ਼ ਦੀ ਜਾਣਕਾਰੀ ਦਿੱਤੀ ਗਈ ਹੈ। ਆਦੇਸ਼ ਦੇ ਅਨੁਸਾਰ ਵੋਗਲੀਬੋਜ਼ ਅਤੇ (SR) ਮੈਟਫੋਰਮਿਨ ਹਾਈਡ੍ਰੋਕਲੋਰਾਈਡ ਦੀ ਇੱਕ ਗੋਲੀ ਦੀ ਕੀਮਤ 10.47 ਰੁਪਏ ਹੋਵੇਗੀ, ਜਿਸ 'ਚ ਜੀਐਸਟੀ ਸ਼ਾਮਲ ਨਹੀਂ ਹੈ। ਇਸੇ ਤਰ੍ਹਾਂ ਪੈਰਾਸਿਟਾਮੋਲ ਅਤੇ ਕੈਫੀਨ ਦੀ ਕੀਮਤ 2.88 ਰੁਪਏ ਪ੍ਰਤੀ ਗੋਲੀ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਰੋਸੁਵਾਸਟੇਟਿਨ ਐਸਪਰੀਨ ਅਤੇ ਕਲੋਪੀਡੋਗਰੇਲ ਕੈਪਸੂਲ ਦੀ ਕੀਮਤ 13.91 ਰੁਪਏ ਰੱਖੀ ਗਈ ਹੈ।


NPPA ਦਾ ਆਦੇਸ਼


ਇੱਕ ਵੱਖਰੀ ਨੋਟੀਫ਼ਿਕੇਸ਼ਨ 'ਚ ਐਨਪੀਪੀਏ ਨੇ ਕਿਹਾ ਕਿ ਉਸ ਨੇ ਇਸ ਸਾਲ 30 ਸਤੰਬਰ ਤੱਕ ਤਰਲ ਮੈਡੀਕਲ ਆਕਸੀਜਨ ਅਤੇ ਆਕਸੀਜਨ ਇਨਹੇਲੇਸ਼ਨ (ਮੈਡੀਕੇਟਿਡ ਗੈਸ) ਦੀ ਸੰਸ਼ੋਧਿਤ ਵੱਧ ਤੋਂ ਵੱਧ ਕੀਮਤ 'ਚ ਵਾਧਾ ਕੀਤਾ ਹੈ। ਐਨਪੀਪੀਏ ਨੂੰ ਥੋਕ ਦਵਾਈਆਂ ਅਤੇ ਫਾਰਮੂਲੇਸ਼ਨਾਂ ਦੀਆਂ ਕੀਮਤਾਂ ਨੂੰ ਤੈਅ ਕਰਨ ਜਾਂ ਸੋਧਣ ਅਤੇ ਦੇਸ਼ 'ਚ ਦਵਾਈਆਂ ਦੀਆਂ ਕੀਮਤਾਂ ਅਤੇ ਉਪਲੱਬਧਤਾ ਨੂੰ ਲਾਗੂ ਕਰਨ ਦਾ ਅਧਿਕਾਰ ਹੈ। ਐਨਪੀਪੀਏ ਉਨ੍ਹਾਂ ਦਵਾਈਆਂ ਦੀਆਂ ਕੀਮਤਾਂ ਦੀ ਵੀ ਨਿਗਰਾਨੀ ਕਰਦਾ ਹੈ, ਜਿਨ੍ਹਾਂ 'ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ ਤਾਂ ਜੋ ਉਨ੍ਹਾਂ ਨੂੰ ਸਹੀ ਪੱਧਰ 'ਤੇ ਰੱਖਿਆ ਜਾ ਸਕੇ। ਐਨਪੀਪੀਏ ਡਰੱਗਜ਼ (ਪ੍ਰਾਈਜ਼ ਕੰਟਰੋਲ) ਆਰਡਰ ਦੇ ਉਪਬੰਧਾਂ ਨੂੰ ਲਾਗੂ ਕਰਦਾ ਹੈ। ਐਨਪੀਪੀਏ ਉਨ੍ਹਾਂ ਫ਼ਾਰਮਾ ਕੰਪਨੀਆਂ ਤੋਂ ਪੈਸੇ ਦੀ ਵਸੂਲੀ ਕਰ ਸਕਦਾ ਹੈ, ਜੋ ਕੰਪਨੀਆਂ ਗਾਹਕਾਂ ਤੋਂ ਜ਼ਿਆਦਾ ਪੈਸੇ ਵਸੂਲਦੀਆਂ ਹਨ।


ਕੀ ਹੈ ਐਨਪੀਪੀਏ?


ਦਰਅਸਲ, ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਲਈ ਇੱਕ ਨਿਰਧਾਰਿਤ ਕਾਨੂੰਨ ਹੈ। ਸਰਕਾਰ ਵੱਲੋਂ ਇੱਕ ਸੂਚੀ ਤਿਆਰ ਕੀਤੀ ਗਈ ਹੈ, ਜਿਸ ਨੂੰ ਨੈਸ਼ਨਲ ਲਿਸ਼ਟ ਆਫ਼ ਅਸੈਂਸ਼ੀਅਲ ਮੈਡੀਸਿਨਸ ਜਾਂ ਐਨਐਲਈਐਮ ਕਿਹਾ ਜਾਂਦਾ ਹੈ। ਇਸ ਸੂਚੀ 'ਚ ਉਹ ਦਵਾਈਆਂ ਸ਼ਾਮਲ ਹਨ, ਜੋ ਜਾਨ ਬਚਾਉਣ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਦਵਾਈਆਂ ਦੀਆਂ ਕੀਮਤਾਂ ਫ਼ਾਰਮ ਕੰਪਨੀਆਂ ਆਪਣੀ ਮਰਜ਼ੀ ਨਾਲ ਨਾ ਵਧਾਉਣ ਅਤੇ ਬੇਹਿਸਾਬ ਮੁਨਾਫ਼ੇ ਦਾ ਖੇਡ ਨਾ ਖੇਡਣ, ਇਸ ਦੇ ਲਈ ਲਿਸ਼ਟ 'ਚ ਆਉਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਹਨ। ਸਰਕਾਰ ਨੇ ਇਸ ਲਈ ਡਰੱਗ ਰੈਗੂਲੇਟਰ ਐਨਪੀਪੀਏ ਦਾ ਗਠਨ ਕੀਤਾ ਹੈ। ਇਹੀ ਐਨਪੀਪੀਏ ਐਨਐਲਈਐਮ ਲਿਸ਼ਟ 'ਚ ਸ਼ਾਮਲ ਦਵਾਈਆਂ ਦੀਆਂ ਕੀਮਤਾਂ ਵਧਾਉਣ ਜਾਂ ਘਟਾਉਣ ਦੇ ਆਦੇਸ਼ ਜਾਰੀ ਕਰਦਾ ਹੈ।