Sim Card and Bank Account Rules Change In India: ਕੇਂਦਰ ਸਰਕਾਰ ਨਵਾਂ ਸਿਮ ਕਾਰਡ ਜਾਰੀ ਕਰਨ (New Sim Card) ਅਤੇ ਨਵਾਂ ਬੈਂਕ ਖਾਤਾ ਖੁਲ੍ਹਵਾਉਣ  (New Bank Account Open) ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਜਾ ਰਹੀ ਹੈ। ਇਸ ਦਾ ਕਾਰਨ ਦੇਸ਼ 'ਚ ਆਨਲਾਈਨ ਧੋਖਾਧੜੀ ਦੇ ਵਧਦੇ ਮਾਮਲਿਆਂ 'ਤੇ ਰੋਕ ਲਗਾਉਣਾ ਮੰਨਿਆ ਜਾ ਰਿਹਾ ਹੈ।


ਬੈਂਕ ਖਾਤਿਆਂ 'ਚ ਹੋ ਜਾਂਦੀ ਹੈ ਧੋਖਾਧੜੀ


ਪਤਾ ਲੱਗਾ ਹੈ ਕਿ ਪਿਛਲੇ ਕੁਝ ਸਾਲਾਂ 'ਚ ਬੈਂਕਾਂ 'ਚ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਫਰਜ਼ੀ ਦਸਤਾਵੇਜ਼ਾਂ 'ਤੇ ਮੋਬਾਈਲ ਸਿਮ ਲੈ ਕੇ ਇਸ ਦੀ ਵਰਤੋਂ ਅਪਰਾਧਿਕ ਗਤੀਵਿਧੀਆਂ ਲਈ ਕੀਤੀ ਜਾ ਰਹੀ ਹੈ। ਸਿਮ ਕਾਰਡ ਆਸਾਨੀ ਨਾਲ ਮਿਲ ਜਾਂਦੇ ਹਨ, ਜਿਸ ਦੀ ਮਦਦ ਨਾਲ ਬੈਂਕ ਖਾਤਾ ਖੋਲ੍ਹਣ ਨਾਲ ਅਜਿਹਾ ਹੋ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੀ ਰਿਪੋਰਟ ਦੇ ਅਨੁਸਾਰ ਸਾਲ 2021-22 'ਚ ਬੈਂਕ ਧੋਖਾਧੜੀ ਦੇ ਮਾਮਲਿਆਂ 'ਚ ਸ਼ਾਮਲ ਰਕਮ 41,000 ਕਰੋੜ ਰੁਪਏ ਸੀ।


ਹੁਣ ਇਨ੍ਹਾਂ ਗੱਲਾਂ ਦਾ ਰੱਖਿਆ ਜਾਵੇਗਾ ਧਿਆਨ


ਮੋਬਾਈਲ ਸਿਮ (Mobile SIM) ਲੈਣ ਅਤੇ ਬੈਂਕ ਖਾਤਾ ਖੁੱਲ੍ਹਵਾਉਣ ਵਾਲੇ ਵਿਅਕਤੀ ਨਾਲ ਸਬੰਧਤ ਸਾਰੀ ਜਾਣਕਾਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਦੋਵਾਂ ਕੰਮਾਂ ਲਈ ਕਿਸੇ ਹੋਰ ਵਿਅਕਤੀ ਦੇ ਦਸਤਾਵੇਜ਼ਾਂ ਦੀ ਵਰਤੋਂ ਨਾ ਕੀਤੀ ਜਾ ਸਕੇ।


ਟੈਲੀਕਾਮ ਆਪਰੇਟਰਾਂ (Telecom Operator) ਅਤੇ ਬੈਂਕਾਂ ਲਈ ਗਾਹਕ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨਾ ਲਾਜ਼ਮੀ ਕੀਤਾ ਜਾ ਸਕਦਾ ਹੈ। ਹੁਣ ਜੇਕਰ ਕੋਈ ਬੈਂਕ ਖਾਤਾ ਖੋਲ੍ਹਣ ਅਤੇ ਸਿਮ ਲੈਣ ਲਈ ਅਰਜ਼ੀ ਦਿੰਦਾ ਹੈ ਤਾਂ ਆਨਲਾਈਨ ਈ-ਕੇਵਾਈਸੀ ਰਾਹੀਂ ਆਧਾਰ ਤੋਂ ਵੇਰਵੇ ਲੈ ਕੇ ਉਸ ਦੀ ਪੁਸ਼ਟੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਕੰਪਨੀਆਂ ਦਾ ਅਕਾਊਂਟ ਵੀ ਸਿਰਫ਼ ਇਨਕਾਰਪੋਰੇਸ਼ਨ ਦੇ ਸਰਟੀਫਿਕੇਟ ਨਾਲ ਹੀ ਖੋਲ੍ਹਿਆ ਜਾਂਦਾ ਹੈ।


ਸਰਕਾਰ ਹੁਣ ਨਵਾਂ ਸਿਮ ਕਾਰਡ ਜਾਰੀ ਕਰਨ ਅਤੇ ਬੈਂਕ ਖਾਤਾ ਖੋਲ੍ਹਣ ਦੀ ਪ੍ਰਕਿਰਿਆ 'ਚ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਹੁਣ ਸਰਕਾਰ ਕੇਵਾਈਸੀ ਨਿਯਮਾਂ ਨੂੰ ਸਖ਼ਤ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਦੇ ਤਹਿਤ ਸਰਕਾਰ ਗਾਹਕ ਦੀ ਫਿਜ਼ੀਕਲ ਵੈਰੀਫਿਕੇਸ਼ਨ ਨੂੰ ਲਾਜ਼ਮੀ ਕਰ ਸਕਦੀ ਹੈ। ਬੈਂਕ ਖਾਤੇ ਖੋਲ੍ਹਣ ਅਤੇ ਮੋਬਾਈਲ ਸਿਮ ਲੈਣ ਦੀ ਸਹੂਲਤ, ਜੋ ਫਿਲਹਾਲ ਆਧਾਰ ਵੈਰੀਫਿਕੇਸ਼ਨ ਰਾਹੀਂ ਦਿੱਤੀ ਜਾ ਰਹੀ ਹੈ, ਬੰਦ ਹੋ ਸਕਦੀ ਹੈ।


ਸਰਕਾਰ ਜਲਦ ਹੀ ਟੈਲੀਕਾਮ ਆਪਰੇਟਰਾਂ ਅਤੇ ਬੈਂਕਾਂ ਨੂੰ ਨਵੇਂ ਨਿਯਮ ਲਾਗੂ ਕਰਨ ਲਈ ਕਹਿ ਸਕਦੀ ਹੈ। ਗ੍ਰਹਿ ਮੰਤਰਾਲੇ ਨੇ ਇਸ ਮੁੱਦੇ 'ਤੇ ਵਿੱਤ ਅਤੇ ਦੂਰਸੰਚਾਰ ਮੰਤਰਾਲੇ ਨਾਲ ਸਮੀਖਿਆ ਮੀਟਿੰਗ ਵੀ ਕੀਤੀ ਹੈ।