Indian Railway Electric Train:  ਭਾਰਤੀ ਰੇਲਵੇ ਆਪਣੀ ਟੈਕਨਾਲੋਜੀ 'ਚ ਬਦਲਾਅ ਕਰਨ ਦੇ ਨਾਲ-ਨਾਲ ਨਵੀਂ ਤਕਨੀਕ ਨੂੰ ਸ਼ਾਮਲ ਕਰ ਰਿਹਾ ਹੈ। ਰੇਲਗੱਡੀਆਂ ਤੋਂ ਲੈ ਕੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕਤਾ ਨਾਲ ਜੋੜਿਆ ਜਾ ਰਿਹਾ ਹੈ। ਵੰਦੇ ਭਾਰਤ ਐਕਸਪ੍ਰੈਸ ਟਰੇਨ ਤੋਂ ਲੈ ਕੇ ਬੁਲੇਟ ਟਰੇਨ ਇਸ ਦੀ ਇੱਕ ਉਦਾਹਰਣ ਹੈ। ਇਸ ਦੇ ਨਾਲ ਹੀ ਰੇਲਵੇ ਨੇ ਇਲੈਕਟ੍ਰਿਕ ਲੋਕੋਮੋਟਿਵ ਬਣਾਉਣ ਲਈ ਇਕ ਕੰਪਨੀ ਨਾਲ ਸਮਝੌਤਾ ਕੀਤਾ ਹੈ। ਇਹ ਡੀਲ 26 ਹਜ਼ਾਰ ਕਰੋੜ ਰੁਪਏ 'ਚ ਹੋਈ ਹੈ।


ਰੇਲਵੇ ਦੀ ਇਹ ਡੀਲ ਸੀਮੇਂਸ ਇੰਡੀਆ ਨਾਲ ਕੀਤੀ ਗਈ ਹੈ, ਜੋ ਰੇਲਵੇ ਲਈ 1200 ਰੇਲ ਇੰਜਣ ਬਣਾਏਗੀ। ਹਾਲਾਂਕਿ ਇਨ੍ਹਾਂ ਇੰਜਣਾਂ ਦੀ ਵਰਤੋਂ ਮਾਲ ਗੱਡੀਆਂ ਲਈ ਕੀਤੀ ਜਾਵੇਗੀ। ਕੰਪਨੀ ਨੇ ਇਹ ਜਾਣਕਾਰੀ 16 ਜਨਵਰੀ ਯਾਨੀ ਸੋਮਵਾਰ ਨੂੰ ਦਿੱਤੀ ਹੈ। ਕੰਪਨੀ ਵੱਲੋਂ ਦਿੱਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ 9,000 ਹਾਰਸ ਪਾਵਰ ਦੇ 1200 ਰੇਲ ਇੰਜਣ ਬਣਾਉਣ ਲਈ ਰੇਲਵੇ ਮੰਤਰਾਲੇ ਨਾਲ ਇਕਰਾਰਨਾਮਾ ਕੀਤਾ ਗਿਆ ਹੈ। ਇਹ ਭਾਰਤ 'ਚ ਮਿਲਿਆ ਸਭ ਤੋਂ ਵੱਡਾ ਆਰਡਰ ਹੈ।


11 ਸਾਲਾਂ ਵਿੱਚ ਇੰਜਣ ਹੋਵੇਗਾ ਤਿਆਰ


ਕੰਪਨੀ ਨੇ ਕਿਹਾ ਕਿ ਇਲੈਕਟ੍ਰਿਕ ਰੇਲ ਇੰਜਣ ਅਗਲੇ 11 ਸਾਲਾਂ 'ਚ ਤਿਆਰ ਹੋ ਜਾਵੇਗਾ। ਇਸ ਦੇ ਨਾਲ ਹੀ ਕੰਟਰੈਕਟ ਵਿੱਚ 35 ਸਾਲਾਂ ਤੱਕ ਰੱਖ-ਰਖਾਅ ਦੀ ਜ਼ਿੰਮੇਵਾਰੀ ਲਈ ਗਈ ਹੈ। ਸੀਮੇਂਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸੁਨੀਲ ਮਾਥੁਰ ਨੇ ਕਿਹਾ ਕਿ ਇਸ ਦਾ ਨਿਰਮਾਣ ਸੀਮੇਂਸ ਮੋਬਿਲਿਟੀ ਤਕਨੀਕ ਦੀ ਵਰਤੋਂ ਕਰਕੇ ਕੀਤਾ ਜਾਵੇਗਾ।


ਕਿੱਥੇ ਬਣਾਏ ਜਾਣਗੇ ਇਲੈਕਟ੍ਰਿਕ ਇੰਜਣ


ਕੰਪਨੀ ਨੇ ਆਪਣੇ ਬਿਆਨ 'ਚ ਦੱਸਿਆ ਹੈ ਕਿ ਇਲੈਕਟ੍ਰਿਕ ਇੰਜਣਾਂ ਨੂੰ ਗੁਜਰਾਤ ਦੇ ਦਾਹੋਦ 'ਚ ਸਥਿਤ ਭਾਰਤੀ ਰੇਲਵੇ ਦੀ ਫੈਕਟਰੀ 'ਚ ਅਸੈਂਬਲ ਕੀਤਾ ਜਾਵੇਗਾ। ਡੀਲ ਦੀ ਕੁੱਲ ਕੀਮਤ 26,000 ਕਰੋੜ ਰੁਪਏ ਹੈ। ਇਸ 'ਚ ਟੈਕਸ ਅਤੇ ਪ੍ਰਾਈਸ ਵੈਰੀਏਸ਼ਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਨ੍ਹਾਂ ਇੰਜਣਾਂ ਦਾ ਰੱਖ-ਰਖਾਅ ਵਿਸ਼ਾਖਾਪਟਨਮ, ਖੜਕਪੁਰ, ਰਾਏਪੁਰ ਅਤੇ ਪੁਣੇ ਸਥਿਤ ਰੇਲਵੇ ਡਿਪੂਆਂ 'ਤੇ ਕੀਤਾ ਜਾਵੇਗਾ। ਇਨ੍ਹਾਂ ਦੀ ਅਸੈਂਬਲੀ ਅਤੇ ਰੱਖ-ਰਖਾਅ ਦਾ ਕੰਮ ਭਾਰਤੀ ਰੇਲਵੇ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ।


ਕਿੰਨੀ ਤੇਜ਼ੀ ਨਾਲ ਚੱਲੇਗਾ ਇਹ ਰੇਲ ਇੰਜਣ


ਇਹ ਆਧੁਨਿਕ ਇੰਜਣ ਮਾਲ ਦੀ ਢੋਆ-ਢੁਆਈ ਲਈ ਵਰਤੇ ਜਾਣਗੇ। ਇਸ ਨੂੰ 4500 ਟਨ ਭਾਰ ਦੇ ਨਾਲ 120 ਕਿਲੋਮੀਟਰ ਦੀ ਰਫਤਾਰ ਨਾਲ ਦੌੜਨ ਲਈ ਤਿਆਰ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ 800 ਮਿਲੀਅਨ ਟਨ ਤੋਂ ਜ਼ਿਆਦਾ ਕਾਰਬਨ ਡਰਾਈ ਆਕਸਾਈਡ ਦੀ ਬਚਤ ਹੋਵੇਗੀ।