ਚੰਡੀਗੜ੍ਹ: ਕੋਰੋਨਾਵਾਇਰਸ ਦੀ ਲਾਗ ਦੀ ਦੂਜੀ ਲਹਿਰ ਉੱਤੇ ਕਾਬੂ ਪਾਉਣ ਲਈ ਵੱਖੋ-ਵੱਖਰੇ ਰਾਜਾਂ ਵਿੱਚ ਲਾਏ ਜਾ ਰਹੇ ਲੌਕਡਾਊਨ ਤੇ ਪਾਬੰਦੀਆਂ ਦਾ ਅਸਰ ਮੈਨੂਫ਼ੈਕਚਰਿੰਗ ਉੱਤੇ ਪੈਣ ਲੱਗਾ ਹੈ। ਵੱਡੇ ਇਲੈਕਟ੍ਰੌਨਿਕਸ ਤੇ ਸਮਾਰਟਫ਼ੋਨ ਬ੍ਰਾਂਡਜ਼ ਨੇ ਘਰੇਲੂ ਬਾਜ਼ਾਰ ਲਈ ਆਪਣਾ ਉਤਪਾਦਨ ਬੰਦ ਕਰ ਦਿੱਤਾ ਹੈ ਕਿਉਂਕਿ ਲੌਕਡਾਊਨ ਕਾਰਨ ਇਨ੍ਹਾਂ ਦੀ ਵਿਕਰੀ ਬਿਲਕੁਲ ਘਟ ਗਈ ਹੈ ਜਾਂ ਫਿਰ ਕਿਤੇ-ਕਿਤੇ ਬੰਦ ਹੋ ਗਈ ਹੈ।


ਲੌਕਡਾਊਨ ਕਰਕੇ ਸਟੋਰ ਬੰਦ ਹਨ ਤੇ ਆਨਲਾਈਨ ਸਟੋਰ ਤੋਂ ਖ਼ਰੀਦੇ ਜਾਣ ਵਾਲੇ ਸਾਮਾਨ ਦੀ ਡਿਲੀਵਰੀ ਨਹੀਂ ਹੋ ਸਕ ਰਹੀ। ਇਸ ਕਰਕੇ ਮੰਗ ਘਟ ਗਈ ਹੈ। ਇਸੇ ਲਈ ਕਈ ਕੰਪਨੀਆਂ ਨੂੰ ਆਪਣਾ ਉਤਪਾਦਨ ਬੰਦ ਕਰਨਾ ਪੈ ਰਿਹਾ ਹੈ। ਐੱਲਜੀ, ਪੈਨਾਸੌਨਿਕ, ਕਰੀਅਰ ਮੀਡੀਆ, ਵੀਵੋ, ਓਪੋ, ਹਾਇਰ ਤੇ ਗੋਦਰੇਜ ਅਪਲਾਇੰਸਜ਼ ਨੇ ਜਾਂ ਤਾਂ ਆਪਣੇ ਪਲਾਂਟ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ ਜਾਂ ਫਿਰ ਉਤਪਾਦਨ ’ਚ ਕਾਫ਼ੀ ਜ਼ਿਆਦਾ ਕਟੌਤੀ ਕੀਤੀ ਹੈ।


ਭਾਰਤ ’ਚ ਮੈਨੂਫ਼ੈਕਚਰਿੰਗ ਕਰ ਕੇ ਬਰਾਮਦ ਕਰਨ ਵਾਲੀ ਐਪਲ ਤੇ ਸੈਮਸੰਗ ਨੇ ਵੀ ਉਤਪਾਦਨ ਸਮਰੱਥਾ ਘਟਾ ਕੇ 25 ਤੋਂ 40 ਫ਼ੀਸਦੀ ਤੱਕ ਕਰ ਦਿੱਤੀ ਹੈ। ਸੈਮਸੰਗ ਦਾ ਪਲਾਂਟ ਹਫ਼ਤੇ ’ਚ ਤਿੰਨ ਦਿਨ ਬੰਦ ਰਹਿੰਦਾ ਹੈ। ਬਾਕੀ ਦਿਨਾਂ ’ਚ ਉਤਪਾਦਨ ਹੁੰਦਾ ਹੈ ਪਰ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਇਸ ਦਾ ਮਤਲਬ ਇਹ ਕਿ ਘੱਟ ਮੁਲਾਜ਼ਮ ਕੰਮ ਕਰਦੇ ਹਨ।


ਕਰਮਚਾਰੀ ਫ਼ਿਕਰਮੰਦ


ਗੋਦਰੇਜ ਅਲਾਇੰਸਜ਼ ਮੁਤਾਬਕ ਲੌਕਡਾਊਨ ਤੇ ਪਾਬੰਦੀਆਂ ਕਾਰਣ 15 ਫ਼ੀਸਦੀ ਮਾਰਕਿਟ ਹੀ ਖੁੱਲ੍ਹੀ ਹੈ ਪਰ ਸਟੋਰ ਖੁੱਲ੍ਹਣ ਦਾ ਸਮਾਂ ਨਿਰਧਾਰਤ ਕਰ ਦੇਣ ਕਰਕੇ 5 ਤੋਂ 6 ਫ਼ੀਸਦੀ ਹੀ ਵਿਕਰੀ ਹੋ ਸਕ ਰਹੀ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਮੰਗ ਘਟਣ ਤੇ ਵਿਕਰੀ ਨਾ ਹੋਣ ਦੇ ਇਸ ਮਾਹੌਲ ’ਚ ਮੁਲਾਜ਼ਮਾਂ ਦੀ ਜਾਨ ਜੋਖਮ ’ਚ ਪਾ ਕੇ ਪ੍ਰੋਡਕਸ਼ਨ ਜਾਰੀ ਰੱਖਣ ਦੀ ਕੋਈ ਤੁਕ ਨਹੀਂ ਬਣਦੀ ਪਰ ਇਸ ਨਾਲ ਕਰਮਚਾਰੀਆਂ ਵਿੱਚ ਚਿੰਤਾ ਵੇਖੀ ਜਾ ਰਹੀ ਹੈ। ਕਈਆਂ ਦਾ ਮੰਨਣਾ ਹੈ ਕਿ ਜੇ ਉਤਪਾਦਨ ਬੰਦ ਰਿਹਾ, ਤਾਂ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ।