ਨਵੀਂ ਦਿੱਲੀ: ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪੈਨਸ਼ਨਰਾਂ ਤੇ ਸੇਵਾਮੁਕਤ ਸੀਨੀਅਰ ਨਾਗਰਿਕਾਂ ਨੂੰ ਕਈ ਵਿਭਾਗਾਂ 'ਚ ਜਾਣ ਤੋਂ ਬਚਾਉਣ ਤੇ ਪੈਨਸ਼ਨ ਨਾਲ ਜੁੜੀਆਂ ਸਾਰੀਆਂ ਸਹੂਲਤਾਂ ਇੱਕ ਜਗ੍ਹਾ 'ਤੇ ਮੁਹੱਈਆ ਕਰਵਾਉਣ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ। ਦਰਅਸਲ, ਇਸ ਦੇ ਲਈ 'ਸਿੰਗਲ-ਵਿੰਡੋ' ਪੋਰਟਲ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ। ਅਜਿਹੇ 'ਚ ਲੋੜਵੰਦ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਆਨਲਾਈਨ ਲੱਭ ਸਕਣਗੇ।


ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਮੰਗਲਵਾਰ ਨੂੰ ਪੈਨਸ਼ਨਰਾਂ ਤੇ ਸੇਵਾਮੁਕਤ ਸੀਨੀਅਰ ਨਾਗਰਿਕਾਂ ਦੀ ਮਦਦ ਲਈ 'ਸਿੰਗਲ-ਵਿੰਡੋ' ਪੋਰਟਲ ਸਥਾਪਤ ਕਰਨ ਦਾ ਐਲਾਨ ਵੀ ਕੀਤਾ। ਸਿੰਘ ਨੇ ਕਿਹਾ ਕਿ ਇਹ ਪੋਰਟਲ ਨਾ ਸਿਰਫ਼ ਦੇਸ਼ ਭਰ ਦੇ ਪੈਨਸ਼ਨਰਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਣ ਵਿੱਚ ਸਹਾਈ ਹੋਵੇਗਾ ਸਗੋਂ ਤੁਰੰਤ ਜਵਾਬ ਦੇਣ ਲਈ ਉਨ੍ਹਾਂ ਦੇ ਸੁਝਾਅ ਤੇ ਸ਼ਿਕਾਇਤਾਂ ਆਦਿ ਪ੍ਰਾਪਤ ਕੀਤੇ ਜਾਣਗੇ।



ਪੈਨਸ਼ਨਰਾਂ ਦੀ ਸਮੱਸਿਆ ਨੂੰ ਡਿਜੀਟਲ ਤਰੀਕੇ ਨਾਲ ਹੱਲ ਕੀਤਾ ਜਾਵੇਗਾ
ਪੈਨਸ਼ਨ ਨਿਯਮਾਂ ਦੀ ਸਮੀਖਿਆ ਅਤੇ ਸੁਚਾਰੂ ਬਣਾਉਣ ਲਈ ਸਵੈ-ਸੇਵੀ ਏਜੰਸੀਆਂ (ਐਸਸੀਓਵੀਏ) ਦੀ ਸਥਾਈ ਕਮੇਟੀ ਦੀ 32ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਆਮ ਆਦਮੀ ਦਾ ਜੀਵਨ ਸੁਖਾਲਾ ਬਣਾਉਣ ਦੇ ਮੰਤਵ ਨਾਲ ਪੈਨਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਯੋਜਨਾ ਦੇ ਨਿਯਮਾਂ 'ਚ ਕ੍ਰਾਂਤੀਕਾਰੀ ਬਦਲਾਅ ਕੀਤੇ ਗਏ ਹਨ।


ਪ੍ਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਸਿੰਘ ਨੇ ਕਿਹਾ ਕਿ ਕਾਮਨ ਪੈਨਸ਼ਨ ਪੋਰਟਲ ਦਾ ਉਦੇਸ਼ ਪੈਨਸ਼ਨਰਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਡਿਜੀਟਲ ਮੰਤਰ ਰਾਹੀਂ ਇੱਕੋ ਥਾਂ 'ਤੇ ਹੱਲ ਯਕੀਨੀ ਬਣਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਦੇ ਚੱਕਰ ਨਾ ਲਗਾਉਣੇ ਪੈਣ।


ਜਤਿੰਦਰ ਸਿੰਘ ਨੇ ਕਿਹਾ ਕਿ ਪੈਨਸ਼ਨ ਦੇ ਬਕਾਏ ਦੀ ਪ੍ਰਕਿਰਿਆ, ਮਨਜ਼ੂਰੀ ਜਾਂ ਵੰਡਣ ਲਈ ਜ਼ਿੰਮੇਵਾਰ ਸਾਰੇ ਮੰਤਰਾਲਿਆਂ ਨੂੰ ਇਸ ਡਿਜੀਟਲ ਨਾਲ ਜੋੜਿਆ ਗਿਆ ਹੈ ਤੇ ਮੁਲਾਂਕਣ ਤੋਂ ਬਾਅਦ ਸਮੱਸਿਆ ਦੇ ਹੱਲ ਲਈ ਸ਼ਿਕਾਇਤਾਂ ਸਬੰਧਤ ਮੰਤਰਾਲੇ ਜਾਂ ਵਿਭਾਗ ਨੂੰ ਭੇਜੀਆਂ ਜਾਂਦੀਆਂ ਹਨ। ਉਨ੍ਹਾਂ  ਕਿਹਾ "ਪੈਨਸ਼ਨਰ, ਤੇ ਨਾਲ ਹੀ ਨੋਡਲ ਅਫਸਰ, ਸਿਸਟਮ ਵਿੱਚ ਨਿਪਟਾਰਾ ਹੋਣ ਤੱਕ ਸ਼ਿਕਾਇਤ ਦੀ ਸਥਿਤੀ ਨੂੰ ਆਨਲਾਈਨ ਦੇਖ ਸਕਦੇ ਹਨ।


 


ਮੋਗਾ: ਫਿਰੋਜ਼ਪੁਰ ਰੋਡ ’ਤੇ ਸਥਿਤ ਆਧੁਨਿਕ ਅਡਾਨੀ ਸਾਇਲੋ ਪਲਾਂਟ ਕਿਸਾਨ ਅੰਦੋਲਨ ਦੌਰਾਨ ਤਕਰੀਬਨ ਸਾਲ ਭਰ ਬੰਦ ਰਿਹਾ ਪਰ ਖੇਤੀ ਕਾਨੂੰਨ ਵਾਪਸ ਲੈਣ ਕਾਰਨ ਸਥਿਤੀ ਬਦਲ ਗਈ ਹੈ। ਹੁਣ ਕਣਕ ਵੇਚਣ ਲਈ ਇਹ ਕਿਸਾਨਾਂ ਦੀ ਪਹਿਲੀ ਪਸੰਦ ਬਣ ਗਿਆ ਹੈ।


ਕਿਸਾਨਾਂ ਵੱਲੋਂ ਇਸ ਪਲਾਂਟ ਨੂੰ ਤਰਜੀਹ ਦੇਣ ਦਾ ਮੁੱਖ ਕਾਰਨ ਇਹ ਹੈ ਕਿ ਇੱਥੇ ਬਾਰਦਾਨੇ ਦੀ ਲੋੜ ਨਹੀਂ ਪੈਂਦੀ, ਜਦਕਿ ਮੰਡੀਆਂ ਵਿੱਚ ਕਣਕ ਵੇਚਣ ਲਈ ਕਿਸਾਨਾਂ ਨੂੰ ਚਾਰ-ਪੰਜ ਦਿਨ ਦੀ ਉਡੀਕ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਖਰੀਦ ਏਜੰਸੀਆਂ ਜ਼ਿਆਦਾ ਨਮੀ ਦੱਸ ਕੇ ਕਣਕ ਖਰੀਦਣ ਤੋਂ ਟਾਲਾ ਵੱਟ ਰਹੀਆਂ ਹਨ। ਕਿਸਾਨ ਟਰਾਲੀਆਂ ਵਿੱਚ ਖੁੱਲ੍ਹੀ ਕਣਕ ਭਰ ਕੇ ਸਾਇਲੋ ਵਿੱਚ ਲਿਆਉਂਦੇ ਹਨ।


ਇਥੇ ਕਰੀਬ ਡੇਢ ਕਿਲੋਮੀਟਰ ਤੱਕ ਕਣਕ ਦੀਆਂ ਭਰੀਆਂ ਟਰਾਲੀਆਂ ਦੀ ਕਤਾਰ ਲੱਗ ਹੋਈ ਹੈ। ਕਣਕ ਦੀ ਆਮਦ ਵਿੱਚ ਅਚਾਨਕ ਵਾਧਾ ਹੋਣ ਕਾਰਨ ਪਲਾਂਟ ਵਿੱਚ ਕਣਕ ਵੇਚਣ ਆਏ ਕਿਸਾਨਾਂ ਨੂੰ 12-12 ਘੰਟੇ ਧੁੱਪ ’ਚ ਖੜ੍ਹਨਾ ਪੈ ਰਿਹਾ ਹੈ, ਜਦਕਿ ਪਲਾਂਟ ਵਿੱਚ ਦਾਖ਼ਲ ਹੋਣ ’ਤੇ ਕਿਸਾਨ ਨੂੰ ਕਣਕ ਸਟੋਰ ਕਰਨ ਮਗਰੋਂ ਅੱਧੇ ਘੰਟੇ ਵਿੱਚ ਹੀ ਪੇਮੈਂਟ ਸਲਿੱਪ ਮਿਲ ਜਾਂਦੀ ਹੈ।


ਮੰਡੀਆਂ ਵਿੱਚ ਜਿੱਥੇ ਮਜ਼ਦੂਰਾਂ ਵੱਲੋਂ ਸਫ਼ਾਈ ਕਰਕੇ ਕਣਕ ਭਰੀ ਜਾਂਦੀ ਹੈ, ਉੱਥੇ ਹੀ ਸਾਇਲੋ ਵਿੱਚ ਕਣਕ ਦੀ ਭਰੀ ਟਰਾਲੀ ਨੂੰ ਤੋਲ ਕੇ ਉਤਾਰਿਆ ਜਾਂਦਾ ਹੈ, ਜਿਸ ਨਾਲ ਸਮੇਂ ਦੀ ਵੀ ਬੱਚਤ ਹੁੰਦੀ ਹੈ, ਉਥੇ ਪ੍ਰਤੀ ਟਰਾਲੀ 3 ਤੋਂ 4 ਹਜ਼ਾਰ ਦਾ ਮੁਨਾਫ਼ਾ ਵੀ ਹੁੰਦਾ ਹੈ, ਕਿਉਂਕਿ ਅਡਾਨੀ ਗਰੁੱਪ ਦੇ ਸਾਇਲੋ ਗੋਦਾਮ ਵਿੱਚ ਸਟੋਰ ਕਰਨ ਲਈ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਵੱਲੋਂ ਕਿਸਾਨਾਂ ਤੋਂ ਸਿੱਧੀ ਕਣਕ ਖਰੀਦੀ ਜਾ ਰਹੀ ਹੈ।



ਅਡਾਨੀ ਸਾਇਲੋ ਪਲਾਂਟ ਦੇ ਮੈਨੇਜਰ ਅਮਨਦੀਪ ਸਿੰਘ ਸੋਨੀ ਨੇ ਦੱਸਿਆ ਕਿ ਸਾਇਲੋ ਪਲਾਂਟ ਵਿੱਚ ਹਰ ਰੋਜ਼ ਕਰੀਬ 1100 ਟਰਾਲੀਆਂ ਵਿੱਚੋਂ ਕਣਕ ਉਤਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 48 ਤੋਂ 72 ਘੰਟਿਆਂ ’ਚ ਕਣਕ ਦੀ ਅਦਾਇਗੀ ਕੀਤੀ ਜਾ ਰਹੀ ਹੈ।