ਨਵੀਂ ਦਿੱਲੀ: ਹਫ਼ਤੇ ਦੇ ਪਹਿਲੇ ਦਿਨਾਂ 'ਚ ਹੀ ਸੋਨੇ ਤੇ ਚਾਂਦੀ ਦੀ ਕੀਮਤ 'ਚ ਗਿਰਾਵਟ ਆਈ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਅਨੁਸਾਰ 23 ਅਪ੍ਰੈਲ ਨੂੰ ਸਰਾਫ਼ਾ ਬਾਜ਼ਾਰ 'ਚ ਸੋਨਾ 47,806 ਰੁਪਏ ਸੀ ਜੋ ਅੱਜ 47,401 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 69,152 ਰੁਪਏ ਤੋਂ ਹੇਠਾਂ 68,383 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।


 


ਉੱਥੇ ਹੀ ਐਮਸੀਐਕਸ ਦੀ ਗੱਲ ਕਰੀਏ ਤਾਂ ਸੋਨਾ ਇੱਥੇ ਦੁਪਹਿਰ 12:20 ਵਜੇ 47,389 ਰੁਪਏ 'ਤੇ ਟ੍ਰੇਡ ਕਰ ਰਿਹਾ ਹੈ। ਹਾਲਾਂਕਿ ਇਸ ਮਹੀਨੇ ਸੋਨੇ-ਚਾਂਦੀ 'ਚ ਚੰਗਾ ਵਾਧਾ ਹੋਇਆ ਹੈ ਤੇ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ 'ਚ ਸੋਨਾ ਵਿੱਚ ਤੇਜ਼ੀ ਰਹਿਣ ਦੀ ਸੰਭਾਵਨਾ ਹੈ।


 


ਅਪ੍ਰੈਲ 'ਚ ਸੋਨਾ 7% ਤੇ ਚਾਂਦੀ 9% ਮਹਿੰਗੀ ਹੋਈ


ਅਪ੍ਰੈਲ ਮਹੀਨੇ 'ਚ ਹੀ ਸੋਨਾ 7% ਮਹਿੰਗਾ ਹੋ ਕੇ 47,401 'ਤੇ ਪਹੁੰਚ ਗਿਆ ਹੈ। 31 ਮਾਰਚ ਨੂੰ ਇਹ 44,190 ਰੁਪਏ ਸੀ। ਦੇਸ਼ 'ਚ ਕੋਰੋਨਾ ਦੇ ਵੱਧ ਰਹੇ ਅੰਕੜਿਆਂ ਦੇ ਮੱਦੇਨਜ਼ਰ ਸੋਨੇ 'ਚ ਹੋਰ ਤੇਜ਼ੀ ਆਉਣ ਦੀ ਉਮੀਦ ਹੈ। ਅਪ੍ਰੈਲ 'ਚ ਚਾਂਦੀ ਵੀ 9% ਮਹਿੰਗੀ ਹੋਈ ਹੈ। 31 ਮਾਰਚ ਨੂੰ ਜਦੋਂ ਬਾਜ਼ਾਰ ਬੰਦ ਹੋਇਆ ਸੀ ਤਾਂ ਚਾਂਦੀ 62,862 ਰੁਪਏ ਪ੍ਰਤੀ ਕਿੱਲੋ 'ਤੇ ਪਹੁੰਚ ਗਈ ਸੀ, ਜੋ ਹੁਣ 68,383 ਰੁਪਏ 'ਤੇ ਪਹੁੰਚ ਗਈ ਹੈ।


 


ਸੋਨਾ 60 ਹਜ਼ਾਰ ਤੱਕ ਜਾ ਸਕਦੈ


ਕੇਡੀਆ ਕਮੋਡਿਟੀ ਦੇ ਡਾਇਰੈਕਟਰ ਅਜੈ ਕੇਡੀਆ ਦਾ ਕਹਿਣਾ ਹੈ ਕਿ ਦੇਸ਼ 'ਚ ਕੋਰੋਨਾ ਲਗਾਤਾਰ ਵਧ ਰਿਹਾ ਹੈ, ਜਿਸ ਨਾਲ ਦੇਸ਼ 'ਚ ਅਸਥਿਰਤਾ ਤੇ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਹੋਇਆ ਹੈ। ਇਸ ਕਾਰਨ ਦੇਸ਼ 'ਚ ਜ਼ਿਆਦਾਤਰ ਥਾਵਾਂ 'ਤੇ ਲੌਕਡਾਊਨ ਲੱਗਣਾ ਸ਼ੁਰੂ ਹੋ ਗਿਆ ਹੈ। ਨਾਲ ਹੀ ਲੋਕਾਂ 'ਚ ਫਿਰ ਤੋਂ ਕੋਰੋਨਾ ਪ੍ਰਤੀ ਡਰ ਦਾ ਮਾਹੌਲ ਹੈ।


 


ਇਸ ਤੋਂ ਇਲਾਵਾ ਸਟਾਕ ਮਾਰਕੀਟ ਵਿੱਚ ਵੀ ਉਤਰਾਅ -ਚੜ੍ਹਾਅ ਹੈ। ਅਜਿਹੀ ਸਥਿਤੀ 'ਚ ਆਉਣ ਵਾਲੇ ਸਮੇਂ ਵਿੱਚ ਸੋਨੇ ਵਿੱਚ ਨਿਵੇਸ਼ 'ਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਦੇਸ਼ 'ਚ ਮਹਿੰਗਾਈ ਵੀ ਵਧਣੀ ਸ਼ੁਰੂ ਹੋ ਗਈ ਹੈ। ਸੋਨੇ ਦੀਆਂ ਕੀਮਤਾਂ ਵੀ ਇਸ ਕਾਰਨ ਵੱਧ ਰਹੀਆਂ ਹਨ। ਜੇ ਇਹੀ ਮਾਹੌਲ ਰਿਹਾ ਤਾਂ ਸੋਨਾ ਆਉਣ ਵਾਲੇ 5 ਤੋਂ 6 ਮਹੀਨਿਆਂ ਮਤਲਬ ਦੀਵਾਲੀ 'ਚ 60 ਹਜ਼ਾਰ ਰੁਪਏ ਤਕ ਪਹੁੰਚ ਸਕਦਾ ਹੈ।