CMIE Employment Data: ਪੇਂਡੂ ਖੇਤਰਾਂ (Rural Areas) ਵਿੱਚ ਬੇਰੁਜ਼ਗਾਰੀ ਦਰ ( Unemployment Rate) ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚੱਲ਼ਦੇ ਜੂਨ ਮਹੀਨੇ ਵਿੱਚ ਬੇਰੁਜ਼ਗਾਰੀ ਦੀ ਦਰ 8 ਫੀਸਦੀ ਨੂੰ ਪਾਰ ਕਰ ਗਈ ਹੈ। ਰੋਜ਼ਗਾਰ ਬਾਰੇ ਅੰਕੜੇ ਤਿਆਰ ਕਰਨ ਵਾਲੀ ਇੱਕ ਨਿੱਜੀ ਸੰਸਥਾ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (Centre for Monitoring Indian Economy) ਨੇ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਕ ਜੂਨ 2023 'ਚ ਬੇਰੁਜ਼ਗਾਰੀ ਦੀ ਦਰ 8.45 ਫੀਸਦੀ 'ਤੇ ਪਹੁੰਚ ਗਈ ਹੈ, ਜਦੋਂਕਿ ਮਈ 'ਚ ਇਹ ਅੰਕੜਾ 7.68 ਫੀਸਦੀ ਸੀ।
ਸੈਂਟਰ ਫਾਰ ਮਾਨੀਟਰਿੰਗ ਇੰਡੀਆ (CMIE) ਦੇ ਅੰਕੜਿਆਂ ਮੁਤਾਬਕ ਸਾਲ 2023 'ਚ ਇਹ ਤੀਜਾ ਮਹੀਨਾ ਹੈ ਜਦੋਂ ਬੇਰੁਜ਼ਗਾਰੀ ਦੀ ਦਰ 8 ਫੀਸਦੀ ਤੋਂ ਜ਼ਿਆਦਾ ਰਹੀ ਹੈ। ਖੋਜ ਫਰਮ ਦਾ ਮੰਨਣਾ ਹੈ ਕਿ ਦਿਹਾਤੀ ਖੇਤਰਾਂ ਵਿੱਚ ਹਮੇਸ਼ਾ ਹੀ ਜੂਨ ਦੇ ਮਹੀਨੇ ਵਿੱਚ ਰੁਜ਼ਗਾਰ ਦੇ ਮੌਕਿਆਂ ਵਿੱਚ ਕਮੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਮਜ਼ਦੂਰਾਂ ਦੀ ਮੰਗ ਘਟਦੀ ਹੈ। CMIE ਅਨੁਸਾਰ, ਸ਼ਹਿਰੀ ਖੇਤਰਾਂ ਵਿੱਚ ਬੇਰੋਜ਼ਗਾਰੀ ਦਰ ਜੂਨ ਦੇ ਮਹੀਨੇ ਵਿੱਚ ਘਟ ਕੇ 7.87 ਪ੍ਰਤੀਸ਼ਤ 'ਤੇ ਆ ਗਈ, ਜਦੋਂਕਿ ਪੇਂਡੂ ਖੇਤਰਾਂ ਵਿੱਚ ਇਹ 8.73 ਪ੍ਰਤੀਸ਼ਤ ਦੇ ਦੋ ਸਾਲਾਂ ਦੇ ਉੱਚੇ ਪੱਧਰ 'ਤੇ ਰਹੀ।
ਏਜੰਸੀ ਮੁਤਾਬਕ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਵਾਲੇ ਖੇਤੀਬਾੜੀ ਖੇਤਰ ਵਿੱਚ ਜੂਨ ਮਹੀਨੇ ਹਮੇਸ਼ਾ ਹੀ ਰੁਜਗਾਰ ਘਟਦਾ ਹੈ। ਮਾਰਚ-ਅਪ੍ਰੈਲ ਵਿੱਚ ਹਾੜੀ ਦੀਆਂ ਫ਼ਸਲਾਂ ਦੀ ਕਟਾਈ ਤੋਂ ਬਾਅਦ ਜੁਲਾਈ ਤੋਂ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਵਧ ਜਾਂਦੇ ਹਨ ਜਦੋਂ ਮਾਨਸੂਨ ਦੇ ਆਉਣ ਤੋਂ ਬਾਅਦ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ।
ਹਾਲਾਂਕਿ, ਸੈਂਟਰ ਫਾਰ ਮਾਨੀਟਰਿੰਗ ਇੰਡੀਆ ਦੇ ਅੰਕੜੇ ਮੋਦੀ ਸਰਕਾਰ ਦੀ ਚਿੰਤਾ ਵਧਾ ਸਕਦੇ ਹਨ, ਜਿਸ ਨੇ ਨੌਂ ਮਹੀਨਿਆਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਦੀ ਚੋਣ ਲੜਾਈ ਵਿੱਚ ਉਤਰਨਾ ਹੈ। ਇਸੇ ਤਰ੍ਹਾਂ ਵਿਰੋਧੀ ਧਿਰਾਂ ਵੱਲੋਂ ਰੁਜ਼ਗਾਰ ਦੇ ਮੌਕੇ ਘਟਣ ਤੇ ਵਧਦੀ ਬੇਰੁਜ਼ਗਾਰੀ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇੱਕ ਪਾਸੇ, ਸਰਕਾਰ ਸ਼ਾਨਦਾਰ ਮੈਕਰੋ-ਆਰਥਿਕ ਅੰਕੜਿਆਂ ਦੇ ਸਬੰਧ ਵਿੱਚ ਆਪਣੀ ਪਿੱਠ ਥਪਥਪਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਪਰ ਪੇਂਡੂ ਖੇਤਰਾਂ ਵਿੱਚ ਬੇਰੁਜ਼ਗਾਰੀ ਵਿੱਚ ਵਾਧਾ, ਜਿੱਥੇ ਦੋ ਤਿਹਾਈ ਆਬਾਦੀ ਰਹਿੰਦੀ ਹੈ, ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਸਕਦਾ ਹੈ।