ਅਲੀਗੜ੍ਹ: ਯੂਪੀ ਦੇ ਹਾਥਰਸ ਗੈਂਗਰੇਪ ਦੇ ਵਿਰੋਧ ਵਿਚਕਾਰ ਇੱਕ ਹੋਰ ਦਰਿੰਦਗੀ ਦੀ ਘਟਨਾ ਸਾਹਮਣੇ ਆਈ ਹੈ। ਅਲੀਗੜ੍ਹ ਦੇ ਇਗਲਾਸ ਵਿੱਚ ਛੇ ਸਾਲਾ ਲੜਕੀ ਨਾਲ 10 ਦਿਨ ਪਹਿਲਾਂ ਚਚੇਰੇ ਭਰਾ ਵਲੋਂ ਬਲਾਤਕਾਰ ਕੀਤਾ ਗਿਆ ਸੀ। ਮੰਗਲਵਾਰ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਪੀੜਤ ਲੜਕੀ ਦੀ ਮੌਤ ਹੋ ਗਈ।
ਲੜਕੀ ਹਥਰਾਸ ਦੀ ਰਹਿਣ ਵਾਲੀ ਸੀ ਪਰ ਪਿਛਲੇ ਸਾਲ ਉਸ ਦੀ ਮਾਂ ਦੀ ਮੌਤ ਹੋਣ ਕਾਰਨ ਉਹ ਆਪਣੀ ਮਾਸੀ ਨਾਲ ਰਹਿ ਰਹੀ ਸੀ। ਉਸ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਇਲਾਜ ਲਈ ਦਿੱਲੀ ਲਿਜਾਇਆ ਗਿਆ। ਐਸਐਸਪੀ ਅਲੀਗੜ੍ਹ ਜੀ ਮੁਨੀਰਾਜ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਢਿੱਲ ਵਰਤਣ ਕਾਰਨ ਇਗਲਾਸ ਦੇ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਹੈ।
ਪਰਿਵਾਰ ਨੇ ਨਾਬਾਲਿਗ ਦੀ ਲਾਸ਼ ਨੂੰ ਸਦਾਬਾਦ-ਬਲਦੇਵ ਰੋਡ 'ਤੇ ਰਖਿਆ ਅਤੇ ਦੋਸ਼ੀ ਦੀ ਗ੍ਰਿਫਤਾਰੀ ਲਈ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਹਾਥਰਸ ਤੋਂ ਬਾਅਦ ਇੱਕ ਹੋਰ ਰੇਪ ਨੇ ਯੋਗੀ ਸਰਕਾਰ ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਰੋਧੀ ਪਾਰਟੀ ਯੂਪੀ ਦੀ ਮਾੜੀ ਕਾਨੂੰਨ ਵਿਵਸਥਾ ਲਈ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ।