Serial killer Adarsh Khamra story: ਪਿਛਲੇ ਦਹਾਕੇ 'ਚ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ 'ਚ ਟਰੱਕ ਡਰਾਈਵਰਾਂ ਤੇ ਹੈਲਪਰਾਂ ਦੇ ਕਤਲਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਇਨ੍ਹਾਂ ਕਤਲਾਂ ਨੂੰ ਲੈ ਕੇ ਇਨ੍ਹਾਂ ਸੂਬਿਆਂ ਦੀ ਪੁਲਿਸ ਇਸ ਕਦਰ ਪ੍ਰੇਸ਼ਾਨ ਸੀ ਕਿ ਯੂਪੀ ਤੇ ਬਿਹਾਰ ਤੋਂ ਵੀ ਟਰੱਕ ਡਰਾਈਵਰਾਂ ਤੇ ਕਲੀਨਰ ਦੀਆਂ ਲਾਸ਼ਾਂ ਮਿਲਣ ਲੱਗ ਪਈਆਂ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ, ਪਰ ਉਨ੍ਹਾਂ ਦੇ ਹੱਥ ਸਿਰਫ਼ ਇਹੀ ਸੁਰਾਗ਼ ਲੱਗਿਆ ਕਿ ਕਤਲ ਕਰਨ ਦਾ ਤਰੀਕਾ ਇੱਕੋ ਜਿਹਾ ਸੀ। ਹੱਤਿਆਵਾਂ ਮੁੱਖ ਤੌਰ 'ਤੇ ਟਰਾਂਸਪੋਰਟ ਨਾਲ ਜੁੜੇ ਲੋਕਾਂ ਦੀਆਂ ਹੋ ਰਹੀਆਂ ਸਨ।



ਦੇਸ਼ ਦੇ ਇੱਕ ਅਜਿਹੇ ਸੀਰੀਅਲ ਕਿਲਰ ਦੀ ਕਹਾਣੀ ਦੱਸਣ ਜਾ ਰਹੇ ਹਾਂ ਜੋ ਇੱਕ ਦਰਜੀ ਸੀ, ਪਰ ਸਮੇਂ ਦੇ ਨਾਲ ਉਹ ਇੱਕ ਖ਼ਤਰਨਾਕ ਕਾਤਲ ਬਣ ਗਿਆ। ਉਹ ਦਿਨ ਵੇਲੇ ਲੋਕਾਂ ਦੇ ਕੱਪੜੇ ਸਿਉਂਦਾ ਸੀ, ਪਰ ਰਾਤ ਨੂੰ ਸ਼ੈਤਾਨ ਬਣ ਜਾਂਦਾ ਸੀ। ਇਸ ਸੀਰੀਅਲ ਕਿਲਰ 'ਤੇ 33 ਲੋਕਾਂ ਦੀ ਹੱਤਿਆ ਦਾ ਦੋਸ਼ ਸੀ। ਇਸ ਸੀਰੀਅਲ ਕਿਲਰ ਦਾ ਨਾਂ ਆਦੇਸ਼ ਖਾਮਰਾ ਹੈ।

ਸਾਲ 2018 'ਚ ਸਾਏਸੇਨ ਦੇ ਮੱਖਣ ਸਿੰਘ ਆਪਣੇ ਟਰੱਕ 'ਚ ਸਰੀਆ ਲੱਦ ਕੇ ਲਿਜਾ ਰਹੇ ਸਨ। ਰਸਤੇ 'ਚ ਕੋਈ ਅਣਪਛਾਤਾ ਵਿਅਕਤੀ ਸਵਾਰੀ ਦੇ ਨਾਂ 'ਤੇ ਉਨ੍ਹਾਂ ਦੇ ਟਰੱਕ 'ਚ ਸਵਾਰ ਹੋ ਗਿਆ। ਸੁੰਨਸਾਨ ਰਾਤ 'ਚ ਟਰੱਕ ਸੜਕ 'ਤੇ ਚੱਲ ਰਿਹਾ ਸੀ। ਮੱਖਣ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਸਵਾਰੀ ਦੇ ਨਾਂ 'ਤੇ ਉਸ ਦੇ ਕੋਲ ਬੈਠਾ ਵਿਅਕਤੀ ਅਸਲ 'ਚ ਸੀਰੀਅਲ ਕਿਲਰ ਸੀ।

ਮੱਖਣ ਦਾ ਉਸੇ ਰਾਤ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਸ ਦਾ ਟਰੱਕ ਪੁਲਿਸ ਨੂੰ ਭੋਪਾਲ ਨੇੜੇ ਲਾਵਾਰਿਸ ਹਾਲਤ 'ਚ ਮਿਲਿਆ। ਮੱਖਣ ਸਿੰਘ ਕਤਲ ਕਾਂਡ ਦੀ ਜਾਂਚ 'ਚ ਭੋਪਾਲ ਪੁਲਿਸ ਨੇ ਖਾਮਰਾ ਦੇ ਸਾਥੀ ਜੈਕਰਨ ਨੂੰ ਫੜਿਆ ਅਤੇ ਫਿਰ ਕੜੀ ਨਾਲ ਕੜੀ ਜੋੜਦਿਆਂ ਮੰਡੀਦੀਪ ਦੇ ਆਦੇਸ਼ ਖਾਮਰਾ ਨਾਂ ਦੇ ਦਰਜ਼ੀ ਤੱਕ ਪਹੁੰਚ ਗਏ। ਜਦੋਂ ਆਦੇਸ਼ ਫੜਿਆ ਗਿਆ ਤਾਂ ਪੁਲਿਸ ਨੂੰ ਨਹੀਂ ਪਤਾ ਸੀ ਕਿ ਦੇਸ਼ ਦਾ ਸਭ ਤੋਂ ਖ਼ਤਰਨਾਕ ਸੀਰੀਅਲ ਕਿਲਰ ਉਨ੍ਹਾਂ ਦੇ ਕਬਜ਼ੇ 'ਚ ਹੈ।

ਆਦੇਸ਼ ਖਾਮਰਾ ਨੇ ਪਹਿਲਾਂ ਤਾਂ ਮੂੰਹ ਨਹੀਂ ਖੋਲ੍ਹਿਆ ਪਰ ਜਦੋਂ ਪੁਲਿਸ ਨੇ ਉਸ ਦੇ ਲੜਕੇ ਨੂੰ ਮਾਮਲੇ 'ਚ ਦੋਸ਼ੀ ਬਣਾਉਣ ਦੀ ਗੱਲ ਕਹੀ ਤਾਂ ਉਹ ਟੁੱਟ ਗਿਆ। ਬਾਅਦ 'ਚ ਉਸ ਨੇ ਅਜਿਹੇ ਖੁਲਾਸੇ ਕੀਤੇ ਕਿ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ। ਉਸ ਨੇ ਆਪਣੇ ਗਿਰੋਹ ਦੀ ਮਦਦ ਨਾਲ 9 ਸਾਲਾਂ ਦੌਰਾਨ 6 ਸੂਬਿਆਂ 'ਚ 33 ਲੋਕਾਂ ਦੀ ਹੱਤਿਆ ਕੀਤੀ ਸੀ। ਉਹ ਤੇ ਉਸ ਦੇ ਸਾਥੀ ਟਰੱਕ ਡਰਾਈਵਰ ਅਤੇ ਹੈਲਪਰ ਪਹਿਲਾਂ ਇੱਕ ਢਾਬੇ 'ਤੇ ਇਕੱਠੇ ਹੁੰਦੇ ਸਨ। ਆਦੇਸ਼ ਦਾ ਸਾਥੀ ਜੈਕਰਨ ਟਰੱਕ ਟਰੱਕ ਡਰਾਈਵਰ-ਕੰਡਕਟਰ ਨੂੰ ਕਦੇ ਪਾਰਟੀ ਦੇਣ ਦੇ ਨਾਂ 'ਤੇ ਅਤੇ ਕਦੇ ਉਨ੍ਹਾਂ ਦੇ ਟਰੱਕ 'ਚ ਮੋਬਾਈਲ ਫ਼ੋਨ ਚਾਰਜ ਕਰਨ ਬਹਾਨੇ ਫਸਾਉਂਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨਸ਼ੀਲੀ ਮਠਿਆਈ ਖੁਆ ਕੇ ਕਤਲ ਤੇ ਲੁੱਟ-ਖੋਹ ਕਰਦੇ ਸਨ।

ਮੁਲਜ਼ਮ ਟਰੱਕ ਦਾ ਸਮਾਨ ਵੀ ਮੰਡੀ 'ਚ ਵੇਚ ਦਿੰਦੇ ਸਨ। ਹਰ ਕਤਲ ਲਈ ਉਨ੍ਹਾਂ ਨੂੰ 25 ਤੋਂ 30 ਹਜ਼ਾਰ ਰੁਪਏ ਮਿਲਦੇ ਸਨ। ਕਈ ਸੂਬਿਆਂ 'ਚ ਫੈਲੇ ਹਰ ਗਰੋਹ ਦੇ ਮੈਂਬਰ ਕੋਡਵਰਡ 'ਚ ਹੀ ਆਪਸ ਵਿੱਚ ਗੱਲਾਂ ਕਰਦੇ ਸਨ। ਜੈਕਰਨ ਦਾ ਕੰਮ ਟਰੱਕ ਡਰਾਈਵਰ-ਕਲੀਨਰ ਨੂੰ ਆਪਣੀਆਂ ਗੱਲਾਂ 'ਚ ਫਸਾਉਣਾ ਹੁੰਦਾ ਸੀ। ਜੈਕਰਨ ਫ਼ੋਨ ਕਰਕੇ ਆਦੇਸ਼ ਨੂੰ ਕਹਿੰਦਾ ਸੀ ਕਿ ਭਾਈ ਸਾਬ੍ਹ, ਕੁਝ ਮਿੱਠਾ ਤਾਂ ਖੁਆ ਦਿਓ। ਇਸ ਦਾ ਮਤਲਬ ਹੁੰਦਾ ਸੀ ਕਿ ਟਰੱਕ ਡਰਾਈਵਰ-ਕੰਡਕਟਰ ਉਸ ਦੇ ਜਾਲ 'ਚ ਫਸ ਗਿਆ ਹੈ, ਤੁਸੀਂ ਆ ਕੇ ਉਨ੍ਹਾਂ ਨੂੰ ਨਸ਼ੀਲੀ ਦਵਾਈ ਖੁਆ ਕੇ ਬੇਹੋਸ਼ ਕਰ ਦਿਓ।

ਪੁਲਿਸ ਦੇ ਸਾਹਮਣੇ ਇਸ ਸੀਰੀਅਲ ਕਿਲਰ ਦਾ ਸਟੇਟਸ ਵੀ ਦੇਖਣ ਲਾਇਕ ਸੀ। ਪੁੱਛਗਿਛ ਤੋਂ ਪਹਿਲਾਂ ਉਸ ਨੇ ਪੁਲਿਸ ਦੇ ਸਾਹਮਣੇ ਖੈਨੀ ਲੈ ਕੇ ਹੱਥ 'ਤੇ ਰਗੜੀ, ਖਾਧੀ, ਫਿਰ ਕਿਹਾ ਹੁਣ ਲਿਖੋ ਸੱਭ ਕੁੱਝ ਦੱਸਦਾ ਹਾਂ ਕਿਵੇਂ ਮਾਰਿਆ। ਉਸ ਦੇ ਇਸ ਅੰਦਾਜ਼ ਨੂੰ ਦੇਖ ਕੇ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ। ਉਸ ਨੇ ਆਪਣੇ ਵੱਖ ਘੂਰ ਰਹੇ ਇਕ ਪੁਲਿਸ ਮੁਲਾਜ਼ਮ ਨੂੰ ਆਪਣੇ ਹੀ ਅੰਦਾਜ਼ 'ਚ ਕਿਹਾ, "ਨਾ ਘੂਰੋ, ਕੋ-ਆਪਰੇਟ ਕਰੋ"।

ਟਰਾਂਸਪੋਰਟ ਨਾਲ ਜੁੜੇ ਲੋਕਾਂ ਦੇ ਕਤਲਾਂ ਦੇ ਨਾਲ-ਨਾਲ ਉਸ ਨੇ ਸੁਪਾਰੀ ਲੈ ਕੇ ਆਮ ਲੋਕਾਂ ਦਾ ਵੀ ਕਤਲ ਕੀਤਾ ਸੀ। ਅਪਰਾਧ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਆਦੇਸ਼ ਸਿਰਫ਼ ਦਰਜ਼ੀ ਦਾ ਕੰਮ ਕਰਦਾ ਸੀ। ਇਸ 'ਚ ਇੰਨੀ ਆਮਦਨ ਨਹੀਂ ਸੀ ਕਿ ਪਰਿਵਾਰ ਦਾ ਖਰਚਾ ਚੰਗੀ ਤਰ੍ਹਾਂ ਪੂਰਾ ਹੋ ਸਕੇ। ਅਪਰਾਧਿਕ ਝੁਕਾਅ ਵਾਲੇ ਦੋਸਤਾਂ ਦੇ ਸੰਪਰਕ 'ਚ ਆ ਕੇ ਆਦੇਸ਼ ਨੇ ਅਪਰਾਧ ਦੀ ਦੁਨੀਆਂ 'ਚ ਕਦਮ ਰੱਖਿਆ। ਆਦੇਸ਼ ਨੂੰ ਅੱਜ ਤੱਕ ਦੀਆਂ ਸਾਰੀਆਂ ਘਟਨਾਵਾਂ ਯਾਦ ਹਨ, ਪਰ ਉਸ ਨੂੰ ਇਨ੍ਹਾਂ ਕਤਲਾਂ ਦਾ ਕੋਈ ਪਛਤਾਵਾ ਨਹੀਂ ਹੈ।