Patiala Murder: ਪਟਿਆਲਾ ਦੇ ਪਿੰਡ ਉਂਟਸਰ ਤੋਂ ਦਰਦਨਾਕ ਮਾਮਲਾ ਸਾਹਮਣਾ ਆਇਆ ਹੈ। ਜਿੱਥੇ ਸਿਗਰਟ ਦਾ ਧੂੰਆਂ ਮੂੰਹ 'ਤੇ ਮਾਰਨ ਦਾ ਵਿਰੋਧ ਕਰਨ 'ਤੇ 17 ਸਾਲਾ ਲੜਕੇ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮ ਨੇ ਲੜਕੇ ਦੇ ਖੱਬੇ ਪੱਟ ਅਤੇ ਛਾਤੀ ਦੇ ਸੱਜੇ ਪਾਸੇ ਚਾਕੂ ਨਾਲ ਵਾਰ ਕੀਤੇ ਗਏ


ਥਾਣਾ ਘਨੌਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਘਨੌਰ ਦੇ ਡੀਐਸਪੀ ਬੂਟਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਫਿਲਹਾਲ ਫਰਾਰ ਹੈ, ਜਿਸ ਦੀ ਭਾਲ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਮੁਲਜ਼ਮ ਦੀ ਪਛਾਣ ਗੁਰਧਿਆਨ ਸਿੰਘ ਵਾਸੀ ਪਿੰਡ ਉਂਟਸਰ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦਾ ਨਾਂ ਸਾਹਿਲ ਹੈ, ਜੋ ਕਿ ਪਿੰਡ ਕੰਮੀ ਖੁਰਦ ਦਾ ਰਹਿਣ ਵਾਲਾ ਸੀ।




ਮ੍ਰਿਤਕ ਦੇ ਭਰਾ ਹਰਸ਼ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਹ ਅਤੇ ਉਸ ਦਾ ਛੋਟਾ ਭਰਾ ਸਾਹਿਲ ਆਪਣੇ ਗੁਆਂਢੀ ਸੁਖਵਿੰਦਰ ਸਿੰਘ ਨਾਲ ਦੇਰ ਰਾਤ ਆਪਣੇ ਦੋਸਤ ਹਰਸ਼ ਵਾਸੀ ਪਿੰਡ ਉਂਟਸਰ ਦੇ ਘਰ ਮਾਤਾ ਦੀ ਚੌਂਕੀ ਦੇ ਲਈ ਗਿਆ ਹੋਇਆ ਸੀ। ਰਾਤ 2 ਵਜੇ ਉਹ, ਸਾਹਿਲ ਅਤੇ ਸੁਖਵਿੰਦਰ ਸਿੰਘ ਤਿੰਨੋਂ ਹਰਸ਼ ਦੇ ਘਰ ਦੇ ਬਾਹਰ ਪਿਸ਼ਾਬ ਕਰਨ ਗਏ। ਉਥੇ ਮੁਲਜ਼ਮ ਗੁਰਧਿਆਨ ਸਿੰਘ ਸਿਗਰਟ ਪੀ ਰਿਹਾ ਸੀ। ਮੁਲਜ਼ਮਾਂ ਨੇ ਸਾਹਿਲ ਦੇ ਮੂੰਹ ’ਤੇ ਸਿਗਰਟ ਦਾ ਧੂੰਆਂ ਛੱਡਿਆ। ਜਦੋਂ ਸਾਹਿਲ ਨੇ ਇਸ 'ਤੇ ਇਤਰਾਜ਼ ਕੀਤਾ ਤਾਂ ਮੁਲਜ਼ਮਾਂ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਹੱਥੋਪਾਈ ਸ਼ੁਰੂ ਕਰ ਦਿੱਤੀ।


ਦੋਵਾਂ ਨੂੰ ਉਲਝਦਾ ਦੇਖ ਹਰਸ਼ ਅਤੇ ਸੁਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਪਰ ਇਸ ਦੌਰਾਨ ਗੁਰਧਿਆਨ ਨੇ ਆਪਣੀ ਜੇਬ 'ਚੋਂ ਚਾਕੂ ਕੱਢ ਕੇ ਸਾਹਿਲ ਦੇ ਖੱਬੇ ਪੱਟ ਅਤੇ ਛਾਤੀ ਦੇ ਸੱਜੇ ਪਾਸੇ 'ਤੇ ਵਾਰ ਕਰ ਦਿੱਤਾ। ਸਾਹਿਲ ਖੂਨ ਨਾਲ ਲੱਥਪੱਥ ਜ਼ਮੀਨ 'ਤੇ ਡਿੱਗ ਪਿਆ। ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਸਾਹਿਲ ਨੂੰ ਉਸਦੇ ਦੋਸਤਾਂ ਨੇ ਮੋਟਰਸਾਈਕਲ 'ਤੇ ਬਿਠਾ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ। ਜਿੱਥੋਂ ਉਸ ਨੂੰ ਸੈਕਟਰ-32 ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉੱਥੇ ਇਲਾਜ ਦੌਰਾਨ ਸਾਹਿਲ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਪੁਲਿਸ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।