Pune Crime : ਮਹਾਰਾਸ਼ਟਰ ਦੇ ਪੁਣੇ ਸ਼ਹਿਰ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਫਲੈਟ ਵਿੱਚੋਂ ਇੱਕੋ ਪਰਿਵਾਰ ਦੇ 3 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਮੁਤਾਬਕ ਇਹ ਲਾਸ਼ਾਂ ਇੰਜੀਨੀਅਰ, ਉਸ ਦੀ ਪਤਨੀ ਅਤੇ ਉਸ ਦੇ 8 ਸਾਲਾ ਬੇਟੇ ਦੀਆਂ ਹਨ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਪੁਣੇ ਦੇ ਔਂਧ ਇਲਾਕੇ ਦੀ ਹੈ। ਉਨ੍ਹਾਂ ਨੂੰ ਇਸ ਬਾਰੇ ਬੁੱਧਵਾਰ (15 ਮਾਰਚ) ਨੂੰ ਪਤਾ ਲੱਗਾ, ਜਦੋਂ ਮ੍ਰਿਤਕ ਦੇ ਭਰਾ ਵੱਲੋਂ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਲਿਖਵਾਈ ਸੀ। ਜਿਸ ਤੋਂ ਬਾਅਦ ਜਦੋਂ ਪੁਲਸ ਉਸ ਦੇ ਘਰ ਤਲਾਸ਼ੀ ਲਈ ਪਹੁੰਚੀ ਤਾਂ ਉਹ ਹੈਰਾਨ ਰਹਿ ਗਈ। ਪੁਲਿਸ ਨੇ ਉੱਥੇ ਦੇਖਿਆ ਕਿ ਪਿਤਾ ਪੱਖੇ ਨਾਲ ਲਟਕ ਰਿਹਾ ਸੀ, ਉਸਦੀ ਪਤਨੀ ਅਤੇ ਬੱਚੇ ਦੀ ਲਾਸ਼ ਪਾਲੀਥੀਨ 'ਚ ਲਿਪਟੀ ਸੀ। ਜਿਸ ਤੋਂ ਬਾਅਦ ਇਸ ਖਬਰ ਨਾਲ ਪੂਰੇ ਸ਼ਹਿਰ 'ਚ ਸਨਸਨੀ ਫੈਲ ਗਈ।

 



ਮ੍ਰਿਤਕਾਂ ਦੀ ਪਛਾਣ 44 ਸਾਲਾ ਸੁਦੀਪਤੋ ਗਾਂਗੁਲੀ, ਉਸ ਦੀ ਪਤਨੀ ਪ੍ਰਿਅੰਕਾ ਅਤੇ 8 ਸਾਲਾ ਪੁੱਤਰ ਤਨਿਸ਼ਕਾ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਸੁਦੀਪਤੋ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਸੀ ਅਤੇ ਆਪਣੇ ਪਰਿਵਾਰ ਨਾਲ ਪੁਣੇ 'ਚ ਰਹਿੰਦਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਜੋੜਾ ਕਈ ਦਿਨਾਂ ਤੋਂ ਕਿਸੇ ਦੇ ਫ਼ੋਨ ਦਾ ਜਵਾਬ ਨਹੀਂ ਦੇ ਰਿਹਾ ਸੀ। ਬੈਂਗਲੁਰੂ 'ਚ ਰਹਿਣ ਵਾਲੇ ਸੁਦੀਪਤੋ ਦਾ ਭਰਾ ਇਸ ਕਾਰਨ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਆਪਣੇ ਇਕ ਦੋਸਤ ਨੂੰ ਘਰ ਆਉਣ ਲਈ ਕਿਹਾ। ਜਦੋਂ ਦੋਸਤ ਆਪਣੇ ਘਰ ਪਹੁੰਚਿਆ ਤਾਂ ਫਲੈਟ ਨੂੰ ਤਾਲਾ ਲੱਗਿਆ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਚਤੁਸ਼੍ਰਿੰਗੀ ਥਾਣੇ 'ਚ ਜੋੜੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।

 


 

ਫਲੈਟ ਦੇ ਅੰਦਰ ਸੀ ਖੌਫਨਾਕ ਦ੍ਰਿਸ਼  


ਚਤੁਸ਼੍ਰਿੰਗੀ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜੋੜੇ ਦੀ ਮੋਬਾਈਲ ਲੋਕੇਸ਼ਨ ਟ੍ਰੈਕ ਕੀਤੀ, ਜਿਸ ਵਿੱਚ ਪਤਾ ਲੱਗਿਆ ਕਿ ਫ਼ੋਨ ਫਲੈਟ ਦੇ ਅੰਦਰ ਸੀ। ਜਿਸ ਦੇ ਆਧਾਰ 'ਤੇ ਪੁਲਸ ਡੁਪਲੀਕੇਟ ਚਾਬੀ ਨਾਲ ਫਲੈਟ 'ਚ ਦਾਖਲ ਹੋਈ। ਫਲੈਟ ਦੇ ਅੰਦਰ ਦਾ ਖੌਫਨਾਕ ਨਜ਼ਾਰਾ ਦੇਖ ਹਰ ਕੋਈ ਹੈਰਾਨ ਰਹਿ ਗਿਆ।

ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਸੁਦੀਪਤੋ ਨੂੰ ਛੱਤ ਵਾਲੇ ਪੱਖੇ ਨਾਲ ਲਟਕਦਾ ਦੇਖਿਆ, ਜਦੋਂਕਿ ਉਸ ਦੀ ਪਤਨੀ ਅਤੇ ਬੱਚੇ ਦੀਆਂ ਲਾਸ਼ਾਂ ਪਾਲੀਥੀਨ 'ਚ ਲਿਪਟੀਆਂ ਸੀ। ਪੁਲਸ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਅਤੇ ਬੇਟੇ ਦੀ ਹੱਤਿਆ ਕੀਤੀ ਅਤੇ ਫਿਰ ਫਾਹਾ ਲਗਾ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਉਸ ਨੇ ਦੱਸਿਆ ਕਿ ਸੁਦੀਪੋ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਇੱਕ ਸਾਫਟਵੇਅਰ ਕੰਪਨੀ ਦੀ ਨੌਕਰੀ ਛੱਡ ਦਿੱਤੀ ਸੀ। ਫਿਲਹਾਲ ਪੁਲਸ ਨੇ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਗਲੇਰੀ ਜਾਂਚ ਜਾਰੀ ਹੈ।