ਮੋਗਾ : ਧਰਮਕੋਟ-ਮੋਗਾ ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਅਤੇ ਇੱਕ ਜ਼ਖਮੀ ਹੋ ਗਈ ਹੈ। ਜਾਣਕਾਰੀ ਅਨੁਸਾਰ ਦੋ ਮਹਿਲਾ ਅਧਿਆਪਕਾਂ ਧਰਮਕੋਟ ਦੇ ਸਰਕਾਰੀ ਸਕੂਲ 'ਚੋਂ ਬੱਚਿਆਂ ਨੂੰ ਪੜ੍ਹਾ ਕੇ ਐਕਟਿਵਾ 'ਤੇ ਵਾਪਸ ਮੋਗੇ ਆ ਰਹੀਆਂ ਸੀ ਕਿ ਧਰਮਕੋਟ ਨੇੜੇ ਉਨ੍ਹਾਂ ਦੀ ਐਕਟਿਵਾ ਨੂੰ ਇਕ ਤੇਜ਼ ਰਫਤਾਰ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ। 

 

ਜਿਸ ਦੌਰਾਨ ਜਸਪ੍ਰੀਤ ਕੌਰ ਨਾਂ ਦੀ ਅਧਿਆਪਕਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦਰਸ਼ਨਪਾਲ ਕੌਰ ਗੰਭੀਰ ਜ਼ਖਮੀ ਹੋ ਗਈ। ਦੋਵਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ, ਜਿੱਥੇ ਜਸਪ੍ਰੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੋਟਕਪੂਰਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਕੁਝ ਦਿਨ ਪਹਿਲਾਂ ਹੀ ਨਵੀਂ ਅਧਿਆਪਕਾ ਵਜੋਂ ਭਰਤੀ ਹੋਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਜਸਪ੍ਰੀਤ ਕੌਰ ਦੀ ਸਾਥੀ ਦਰਸ਼ਨਪਾਲ ਕੌਰ ਦਾ ਕਹਿਣਾ ਹੈ ਕਿ ਉਹ ਸਕੂਲ ਤੋਂ ਵਾਪਸ ਘਰ ਆ ਰਹੇ ਸੀ ਤਾਂ ਮੋਗਾ -ਧਰਮਕੋਟ ਦੇ ਬਾਈਪਾਸ 'ਤੇ ਇਕ ਤੇਜ਼ ਰਫਤਾਰ ਕਾਰ ਨੇ ਸਾਡੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਕਾਰ ਗਲਤ ਜਗ੍ਹਾ ਤੋਂ ਆ ਕੇ ਟਕਰਾ ਗਈ। ਜਿਸ ਕਰਕੇ ਮੇਰੇ ਪਿੱਛੇ ਬੈਠੀ ਜਸਪ੍ਰੀਤ ਕੌਰ ਦੂਰ ਜਾ ਕੇ ਡਿੱਗੀ ਅਤੇ ਮੈਂ ਐਕਟਿਵਾ ਨਾਲ ਰੋਡ ਦੇ ਡਿਵਾਈਡਰ 'ਤੇ ਜਾ ਡਿੱਗੀ। ਮੇਰੇ ਕਾਫ਼ੀ ਜਗ੍ਹਾ ਸੱਟ ਲੱਗੀ ਅਤੇ ਜਸਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ।

 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਬੇਟੀ ਨੇ ਨੌਕਰੀ ਲਈ ਕਾਫੀ ਸੰਘਰਸ਼ ਕੀਤਾ ਅਤੇ ਕੁਝ ਦਿਨ ਪਹਿਲਾਂ ਨਵੀਂ ਭਰਤੀ ਹੋਈ, ਮੋਗਾ ਦੇ ਧਰਮਕੋਟ ਦੇ ਪ੍ਰਾਇਮਰੀ ਸਕੂਲ 'ਚ ਨੌਕਰੀ ਮਿਲੀ, ਜਸਪ੍ਰੀਤ ਦੀ ਉਮਰ 25 ਸਾਲ ਹੈ। ਨੌਕਰੀ ਮਿਲਣ 'ਤੇ ਲੋਕਾਂ ਦੀਆਂ ਵਧਾਈਆਂ ਦਾ ਸਿਲਸਿਲਾ ਪੂਰਾ ਨਾ ਹੋਇਆ ਤੇ ਖੁਸ਼ੀ ਗਮੀ 'ਚ ਬਦਲ ਗਈ, ਮੇਰੀਆਂ ਦੋ ਧੀਆਂ ਅਤੇ ਇਕ ਪੁੱਤਰ ਹੈ, ਦੋਵੇਂ ਧੀਆਂ ਸਰਕਾਰੀ ਅਧਿਆਪਕ ਹਨ। ਜਸਪ੍ਰੀਤ ਛੋਟੀ ਸੀ ਅਤੇ ਨੌਕਰੀ ਮਿਲਣ 'ਤੇ ਬਹੁਤ ਖੁਸ਼ ਸੀ। ਉਨ੍ਹਾਂ ਦੱਸਿਆ ਕਿ ਕਾਰ ਗਲਤ ਜਗ੍ਹਾ ਤੋਂ ਆ ਰਹੀ ਸੀ, ਪੁਲਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਨਾਲ ਸਾਡੇ ਘਰ ਦੀਆਂ ਖੁਸ਼ੀਆਂ ਗਮੀ 'ਚ ਬਦਲ ਗਈਆਂ।