Jalandhar News: ਜਲੰਧਰ 'ਚ ਇੱਕ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਐਨਆਰਆਈ ਦੀ ਧੀ ਨਾਲ ਬਲਾਤਕਾਰ ਕੀਤਾ ਕੀਤਾ। ਮੁਲਜ਼ਮ ਪੀੜਤਾ ਨੂੰ ਧਮਕੀਆਂ ਦਿੰਦਾ ਸੀ ਕਿ ਉਹ ਉਸ ਦੀਆਂ ਨਿੱਜੀ ਫੋਟੋਆਂ ਵਾਇਰਲ ਕਰ ਦੇਵੇਗਾ ਤੇ ਉਸ 'ਤੇ ਤੇਜ਼ਾਬ ਸੁੱਟ ਦੇਵੇਗਾ। ਇੰਨਾ ਹੀ ਨਹੀਂ ਮੁਲਜ਼ਮ ਨੇ ਉਸ ਤੋਂ ਲੱਖਾਂ ਰੁਪਏ ਵੀ ਹੜੱਪ ਲਏ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਵੀਰਵਾਰ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ।


ਮੁਲਜ਼ਮ ਦੀ ਪਛਾਣ ਲਖਵਿੰਦਰਜੀਤ ਸਿੰਘ ਵਾਸੀ ਪਿੰਡ ਸ਼ਿਵਦਾਸਪੁਰ (ਜਲੰਧਰ) ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 376 (ਸਰੀਰਕ ਸਬੰਧ ਬਣਾਉਣੇ) ਤੇ 506 (ਧਮਕਾਉਣਾ) ਜੋੜੀਆਂ ਹਨ। ਪੁਲਿਸ ਵੱਲੋਂ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।



ਲੜਕੀ ਨੇ ਕਿਹਾ ਉਸ ਦੇ ਮਾਤਾ-ਪਿਤਾ ਵਿਦੇਸ਼ ਰਹਿੰਦੇ ਹਨ, ਜਦਕਿ ਉਸ ਦੀ ਭੈਣ ਵੀ ਸਟੱਡੀ ਵੀਜ਼ੇ 'ਤੇ ਵਿਦੇਸ਼ ਗਈ ਹੈ। ਉਹ ਆਪਣੀ ਦਾਦੀ ਨਾਲ ਰਹਿੰਦੀ ਹੈ। ਤਿੰਨ ਸਾਲ ਪਹਿਲਾਂ ਉਸ ਦੀ ਮੁਲਾਕਾਤ ਲਖਵਿੰਦਰਜੀਤ ਸਿੰਘ ਨਾਲ ਹੋਈ ਸੀ। ਲਖਵਿੰਦਰਜੀਤ ਨੇ ਉਸ ਨੂੰ ਪਿਆਰ ਦੇ ਜਾਲ ਵਿੱਚ ਫਸਾ ਲਿਆ ਤੇ ਹੌਲੀ-ਹੌਲੀ 9 ਲੱਖ ਰੁਪਏ ਲੈ ਲਏ। ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਵੀ ਬਣਾਉਣ ਲੱਗਾ।


ਲੜਕੀ ਦਾ ਕਹਿਣਾ ਹੈ ਕਿ ਉਹ ਆਪਣੇ ਪੈਸੇ ਲਖਵਿੰਦਰਜੀਤ ਨੂੰ ਦਿੰਦੀ ਰਹੀ, ਕਿਉਂਕਿ ਉਹ ਖੁਦ ਕੋਈ ਕੰਮ ਨਹੀਂ ਕਰਦਾ ਸੀ। ਜਦੋਂ ਵੀ ਉਹ ਉਸ ਨੂੰ ਕੰਮ ਕਰਨ ਲਈ ਕਹਿੰਦੀ ਸੀ ਤਾਂ ਉਹ ਉਸ ਨੂੰ ਧਮਕੀਆਂ ਦੇਣ ਲੱਗਦਾ। ਇਨ੍ਹਾਂ ਹਰਕਤਾਂ ਕਾਰਨ ਜਦੋਂ ਉਸ ਨੇ ਰਿਸ਼ਤਾ ਤੋੜਨ ਲਈ ਕਿਹਾ ਤਾਂ ਲਖਵਿੰਦਰਜੀਤ ਨੇ ਉਸ ਦੀਆਂ ਨਿੱਜੀ ਤਸਵੀਰਾਂ ਵਾਇਰਲ ਕਰਨ ਤੇ ਤੇਜ਼ਾਬ ਪਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।


ਲੜਕੀ ਨੇ ਕਿਹਾ ਕਿ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਪਰਿਵਾਰ ਵਾਲਿਆਂ ਨੇ ਇਸ ਦਾ ਨੋਟਿਸ ਲੈਂਦਿਆਂ ਤੁਰੰਤ ਥਾਣਾ ਸਿਟੀ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾਇਆ ਤੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ।


ਥਾਣਾ ਡਵੀਜ਼ਨ ਨੰਬਰ 1 ਦੇ ਐਸਐਚਓ ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਲਖਵਿੰਦਰਜੀਤ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਫ਼ੋਨ ਜ਼ਬਤ ਕਰ ਲਿਆ ਗਿਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਲੜਕੀ ਨੇ ਦੋਸ਼ੀ 'ਤੇ ਉਸ ਦੀਆਂ ਨਿੱਜੀ ਫੋਟੋਆਂ ਹੋਣ ਦਾ ਦੋਸ਼ ਲਗਾਇਆ ਹੈ। ਜੇਕਰ ਉਸ ਕੋਲ ਇਸ ਤਰ੍ਹਾਂ ਦੀ ਕੋਈ ਚੀਜ਼ ਹੈ, ਤਾਂ ਇਸ ਨੂੰ ਮਿਟਾ ਦਿੱਤਾ ਜਾਵੇਗਾ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।