ਬਠਿੰਡਾ: ਸਮੱਗਲਰਾਂ ਦੇ ਹਮਲੇ ਵਿੱਚ ਕਬੱਡੀ ਕੋਚ ਹਰਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਕੋਚ ਦੀ ਭੈਣ ਨੇ ਪੁਲਿਸ ਉੱਤੇ ਗੰਭੀਰ ਦੋਸ਼ ਲਾਏ ਹਨ ਤੇ ਖਿਡਾਰੀ ਵੀ ਇਸ ਘਟਨਾ ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ। ਹੁਣ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਸਮੱਗਲਰਾਂ ਦਾ ਇੰਨਾ ਜ਼ਿਆਦਾ ਡਰ ਹੋ ਗਿਆ ਹੈ ਕਿ ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਬੂਟਾ ਸਿੰਘ ਨੂੰ ਇਲਾਜ ਲਈ ਹਸਪਤਾਲ ਵੀ ਨਹੀਂ ਲਿਜਾਂਦਾ ਜਾ ਸਕਿਆ।

 
ਇਸ ਤੋਂ ਬਾਅਦ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਬੱਡੀ ਕੋਚ ਹਰਵਿੰਦਰ ਸਿੰਘ ਨੇ ਇਲਾਜ ਦੌਰਾਨ ਹਸਪਤਾਲ ਵਿੱਚ ਦਮ ਤੋੜ ਦਿੱਤਾ। ਕੋਚ ਦੀ ਮੌਤ ਤੋਂ ਬਾਅਦ, ਰਿਸ਼ਤੇਦਾਰਾਂ ਤੇ ਹੋਰਾਂ ਨੇ ਪੁਲਿਸ ਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਪਹਿਲਾਂ ਪਰਿਵਾਰਕ ਮੈਂਬਰਾਂ ਨੇ ਵੀਰਵਾਰ ਨੂੰ ਪੁਲਿਸ ਚੌਕੀ ਦੇ ਘਿਰਾਓ ਕੀਤਾ ਤੇ ਫਿਰ ਸਰਕਾਰੀ ਹਸਪਤਾਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਹਰਵਿੰਦਰ ਦਾ ਅੰਤਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਪੁਲਿਸ ਇਸ ਘਟਨਾ ਦੇ ਅਸਲ ਮੁਲਜ਼ਮ ਨੂੰ ਫੜਦੀ ਨਹੀਂ।

 
ਹਾਸਲ ਜਾਣਕਾਰੀ ਅਨੁਸਾਰ 26 ਮਈ ਨੂੰ ਬਠਿੰਡਾ ਵਿਚ ਹੈਰੋਇਨ ਦੀ ਤਸਕਰੀ ਰੋਕੇ ਜਾਣ ਤੋਂ ਬਾਅਦ ਸਮੱਗਲਰਾਂ ਨੇ ਪਿੰਡ ਚਾਉਕੇ ਵਿਖੇ ਬਿਨਾਂ ਕਿਸੇ ਡਰ ਦੇ ਸੱਤ ਨੌਜਵਾਨਾਂ ਦੀ ਕੁੱਟਮਾਰ ਕੀਤੀ। ਸਮੱਗਲਰਾਂ ਨੇ ਤਲਵਾਰਾਂ, ਗੰਡਾਸਿਆਂ ਤੇ ਕਾਪਿਆਂ ਨਾਲ ਸੱਤ ਲੋਕਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਸਾਰੇ ਹੀ ਨੌਜਵਾਨ ਮੌਤ ਦੇ ਕੰਢੇ ਪਹੁੰਚ ਗਏ।

ਕੋਚ ਦੀ ਇਲਾਜ ਦੌਰਾਨ ਲੁਧਿਆਣਾ ਵਿੱਚ ਹੋਈ ਮੌਤ
ਸਮੱਗਲਰਾਂ ਦੇ ਹਮਲੇ ਨੂੰ ਵੇਖਦੇ ਹੋਏ ਪਿੰਡ ਦੇ ਕੁਝ ਲੋਕਾਂ ਨੇ ਦਲੇਰੀ ਨਾਲ ਉਨ੍ਹਾਂ ਨੂੰ ਬਚਾਇਆ ਤੇ ਫਿਰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਏ। ਹੁਣ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਸਮੱਗਲਰਾਂ ਪ੍ਰਤੀ ਇੰਨਾ ਡਰ ਹੋ ਗਿਆ ਹੈ ਕਿ ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਬੂਟਾ ਸਿੰਘ ਇਲਾਜ ਲਈ ਹਸਪਤਾਲ ਵੀ ਨਹੀਂ ਪਹੁੰਚਿਆ। ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਲੁਕਿਆ ਹੋਇਆ ਹੈ। ਇਸੇ ਦੌਰਾਨ ਕਬੱਡੀ ਕੋਚ ਹਰਵਿੰਦਰ ਦੀ 9 ਜੂਨ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਡੀਐਮਸੀਐਚ, ਲੁਧਿਆਣਾ ਵਿਖੇ ਮੌਤ ਹੋ ਗਈ।

ਕੋਚ ਦੀ ਭੈਣ ਨੇ ਪੁਲਿਸ ਤੇ ਇਲਜ਼ਾਮ ਲਾਏ
ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਤਕਰੀਬਨ 25 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਰਿਵੰਦਰ ਦੀ ਮੌਤ ਤੋਂ ਬਾਅਦ, ਉਸ ਦੀ ਭੈਣ ਨੇ ਬਠਿੰਡਾ ਵਿੱਚ ਪ੍ਰਦਰਸ਼ਨ ਦੌਰਾਨ ਪੁਲਿਸ ਉੱਤੇ ਦੋਸ਼ ਲਾਇਆ ਕਿ ਇਹ ਸਾਰੀ ਘਟਨਾ ਜੋ ਵਾਪਰੀ ਹੈ ਉਹ ਸਿਰਫ ਪੁਲਿਸ ਦੇ ਇਸ਼ਾਰੇ ‘ਤੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਚ ਇੰਨੀ ਤਾਕਤ ਹੈ ਕਿ ਜੇ ਉਹ ਚਾਹੁੰਦੇ ਤਾਂ ਇਕ ਦਿਨ ਵਿਚ ਅਪਰਾਧੀ ਫੜੇ ਜਾ ਸਕਦੇ ਹਨ, ਪਰ ਉਹ ਅਜੇ ਵੀ ਪੁਲਿਸ ਦੀ ਪਕੜ ਤੋਂ ਦੂਰ ਹਨ। ਇਸ ਦੌਰਾਨ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਸ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।